Skip to content

ਇਹ ਕਿਸ ਦਾ ਕਮਾਲ ਹੈ?

ਕਾਰਪੈਂਟਰ ਕੀੜੀ ਦੀ ਐਂਟੀਨੇ ਸਾਫ਼ ਕਰਨ ਦੀ ਕਾਬਲੀਅਤ

ਕਾਰਪੈਂਟਰ ਕੀੜੀ ਦੀ ਐਂਟੀਨੇ ਸਾਫ਼ ਕਰਨ ਦੀ ਕਾਬਲੀਅਤ

ਜੇ ਇਕ ਕੀੜਾ ਉੱਡਣਾ, ਚੜ੍ਹਨਾ ਅਤੇ ਆਪਣੇ ਆਲੇ-ਦੁਆਲੇ ਨੂੰ ਮਹਿਸੂਸ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ। ਮਿਸਾਲ ਲਈ, ਜੇ ਕੀੜੀ ਦੇ ਐਂਟੀਨੇ ਗੰਦੇ ਹੋਣ, ਤਾਂ ਉਸ ਦੀ ਰਾਹ ਲੱਭਣ, ਸੰਚਾਰ ਕਰਨ ਅਤੇ ਅਲੱਗ-ਅਲੱਗ ਚੀਜ਼ਾਂ ਦੀ ਖ਼ੁਸ਼ਬੂ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ। ਜੰਤੂ ਵਿਗਿਆਨੀ ਐਲੇਗਜ਼ੈਂਡਰ ਹੈਕਮਨ ਕਹਿੰਦਾ ਹੈ: “ਤੁਹਾਨੂੰ ਕਦੀ ਵੀ ਕੋਈ ਗੰਦਾ ਕੀੜਾ ਨਹੀਂ ਲੱਭੇਗਾ ਕਿਉਂਕਿ ਉਨ੍ਹਾਂ ਨੇ ਮਿੱਟੀ-ਘੱਟੇ ਨਾਲ ਸਿੱਝਣਾ ਸਿੱਖ ਲਿਆ ਹੈ।”

ਜ਼ਰਾ ਸੋਚੋ: ਹੈਕਮਨ ਅਤੇ ਉਸ ਦੇ ਸਾਥੀਆਂ ਨੇ ਉਸ ਵਿਧੀ ਦਾ ਅਧਿਐਨ ਕੀਤਾ ਹੈ ਜਿਸ ਨਾਲ ਕਾਰਪੈਂਟਰ ਕੀੜੀ (Camponotus rufifemur) ਆਪਣੇ ਐਂਟੀਨੇ ਸਾਫ਼ ਕਰਦੀ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਕੀੜੀ ਆਪਣੀ ਲੱਤ ਨੂੰ ਮੋੜ ਕੇ ਇਕ ਸ਼ਿਕੰਜਾ ਜਿਹਾ ਬਣਾਉਂਦੀ ਹੈ ਅਤੇ ਫਿਰ ਐਂਟੀਨੇ ਨੂੰ ਇਸ ਸ਼ਿਕੰਜੇ ਵਿੱਚੋਂ ਦੀ ਲੰਘਾ ਕੇ ਛੋਟੇ-ਵੱਡੇ ਕਣਾਂ ਨੂੰ ਲਾਹ ਦਿੰਦੀ ਹੈ। ਲੱਤ ਦੇ ਸਖ਼ਤ ਵਾਲ਼ਾਂ ਨਾਲ ਮਿੱਟੀ ਦੇ ਵੱਡੇ ਕਣ ਸਾਫ਼ ਹੋ ਜਾਂਦੇ ਹਨ। ਛੋਟੇ-ਛੋਟੇ ਕਣਾਂ ਨੂੰ ਕੰਘੀ ਵਰਗੇ ਮੁਲਾਇਮ ਵਾਲ਼ਾਂ ਦੁਆਰਾ ਸਾਫ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਵਾਲ਼ਾਂ ਵਿਚ ਇਕ ਵਾਲ਼ ਜਿੰਨਾ ਵਿਹਲ ਹੁੰਦਾ ਹੈ। ਫਿਰ ਸਭ ਤੋਂ ਛੋਟੇ ਕਣਾਂ ਨੂੰ, ਜੋ ਮਨੁੱਖੀ ਵਾਲ਼ ਨਾਲੋਂ 80 ਗੁਣਾ ਬਾਰੀਕ ਹਨ, ਹੋਰ ਵੀ ਮੁਲਾਇਮ ਵਾਲ਼ਾਂ ਨਾਲ ਸਾਫ਼ ਕੀਤਾ ਜਾਂਦਾ ਹੈ।

ਦੇਖੋ ਕਿ ਕਾਰਪੈਂਟਰ ਕੀੜੀ ਆਪਣੇ ਐਂਟੀਨੇ ਨੂੰ ਕਿਵੇਂ ਸਾਫ਼ ਕਰਦੀ ਹੈ

ਹੈਕਮਨ ਅਤੇ ਉਸ ਦੇ ਸਾਥੀ ਮੰਨਦੇ ਹਨ ਕਿ ਕੀੜੀਆਂ ਦੁਆਰਾ ਵਰਤਿਆ ਇਹ ਤਰੀਕਾ ਕਾਰਖ਼ਾਨਿਆਂ ਵਿਚ ਵੀ ਵਰਤਿਆ ਜਾ ਸਕਦਾ ਹੈ। ਮਿਸਾਲ ਲਈ, ਸਫ਼ਾਈ ਕਰਨ ਦਾ ਇਹੀ ਤਰੀਕਾ ਇਲੈਕਟ੍ਰਾਨਿਕ ਚੀਜ਼ਾਂ ਦੇ ਛੋਟੇ-ਛੋਟੇ ਤੇ ਨਾਜ਼ੁਕ ਪੁਰਜੇ ਬਣਾਉਣ ਵੇਲੇ ਫ਼ਾਇਦੇਮੰਦ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਥੋੜ੍ਹੀ ਜਿਹੀ ਧੂੜ-ਮਿੱਟੀ ਨਾਲ ਵੀ ਕੋਈ ਪੁਰਜਾ ਖ਼ਰਾਬ ਹੋ ਸਕਦਾ ਹੈ।

ਤੁਹਾਡਾ ਕੀ ਖ਼ਿਆਲ ਹੈ? ਕੀ ਕਾਰਪੈਂਟਰ ਕੀੜੀ ਦੀ ਸਫ਼ਾਈ ਕਰਨ ਦੀ ਕਾਬਲੀਅਤ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?