Skip to content

ਗੁੱਸੇ ਬਾਰੇ ਬਾਈਬਲ ਕੀ ਕਹਿੰਦੀ ਹੈ?

ਗੁੱਸੇ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਬਾਈਬਲ ਸਿਖਾਉਂਦੀ ਹੈ ਕਿ ਆਪਣੇ ਗੁੱਸੇ ʼਤੇ ਕਾਬੂ ਨਾ ਰੱਖਣ ਨਾਲ ਵਿਅਕਤੀ ਖ਼ੁਦ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। (ਕਹਾਉਤਾਂ 29:22) ਕਦੀ-ਕਦੀ ਸ਼ਾਇਦ ਗੁੱਸੇ ਨੂੰ ਜਾਇਜ਼ ਠਹਿਰਾਇਆ ਜਾਵੇ। ਪਰ ਬਾਈਬਲ ਕਹਿੰਦੀ ਹੈ, ਹਮੇਸ਼ਾ “ਗੁੱਸੇ ਵਿਚ ਭੜਕਣ” ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। (ਗਲਾਤੀਆਂ 5:19-21) ਬਾਈਬਲ ਵਿਚ ਦਿੱਤੇ ਅਸੂਲਾਂ ਦੀ ਮਦਦ ਨਾਲ ਅਸੀਂ ਆਪਣੇ ਗੁੱਸੇ ʼਤੇ ਕਾਬੂ ਪਾ ਸਕਦੇ ਹਾਂ।

 ਕੀ ਗੁੱਸਾ ਕਰਨਾ ਹਮੇਸ਼ਾ ਗ਼ਲਤ ਹੁੰਦਾ ਹੈ?

 ਨਹੀਂ। ਕਈ ਵਾਰ ਸ਼ਾਇਦ ਗੁੱਸਾ ਕਰਨਾ ਸਹੀ ਹੋਵੇ। ਮਿਸਾਲ ਲਈ, ਵਫ਼ਾਦਾਰ ਆਦਮੀ ਨਹਮਯਾਹ ਨੂੰ “ਵੱਡਾ ਗੁੱਸਾ ਚੜ੍ਹਿਆ” ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਸਾਥੀਆਂ ʼਤੇ ਜ਼ੁਲਮ ਕੀਤਾ ਜਾ ਰਿਹਾ ਸੀ।—ਨਹਮਯਾਹ 5:6.

 ਕਈ ਵਾਰ ਰੱਬ ਨੂੰ ਗੁੱਸਾ ਆਇਆ। ਮਿਸਾਲ ਲਈ, ਜਦੋਂ ਪੁਰਾਣੇ ਸਮੇਂ ਵਿਚ ਉਸ ਦੇ ਲੋਕ ਉਸ ਦੀ ਭਗਤੀ ਕਰਨ ਦਾ ਇਕਰਾਰ ਤੋੜ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਏ, ਤਾਂ “ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ।” (ਨਿਆਈਆਂ 2:13, 14) ਫਿਰ ਵੀ ਗੁੱਸਾ ਰੱਬ ਦੀ ਸ਼ਖ਼ਸੀਅਤ ਦਾ ਖ਼ਾਸ ਪਹਿਲੂ ਨਹੀਂ ਹੈ। ਉਸ ਦਾ ਗੁੱਸਾ ਹਮੇਸ਼ਾ ਜਾਇਜ਼ ਅਤੇ ਹੱਦ ਵਿਚ ਹੁੰਦਾ ਹੈ।—ਕੂਚ 34:6; ਯਸਾਯਾਹ 48:9.

 ਕਦੋਂ ਗੁੱਸਾ ਸਹੀ ਨਹੀਂ ਹੁੰਦਾ?

 ਬੇਕਾਬੂ ਜਾਂ ਬਿਨਾਂ ਵਜ੍ਹਾ ਗੁੱਸਾ ਕਰਨਾ ਗ਼ਲਤ ਹੈ ਜੋ ਅਕਸਰ ਪਾਪੀ ਇਨਸਾਨ ਦਿਖਾਉਂਦੇ ਹਨ। ਮਿਸਾਲ ਲਈ:

  •   ਕਇਨ “ਬਹੁਤ ਕਰੋਧਵਾਨ ਹੋਇਆ” ਜਦੋਂ ਰੱਬ ਨੇ ਉਸ ਦੀ ਭੇਟ ਸਵੀਕਾਰ ਨਹੀਂ ਕੀਤੀ। ਕਾਇਨ ਨੇ ਆਪਣੇ ਗੁੱਸੇ ਨੂੰ ਇਸ ਹੱਦ ਤਕ ਵਧਣ ਦਿੱਤਾ ਕਿ ਉਸ ਨੇ ਆਪਣੇ ਭਰਾ ਨੂੰ ਜਾਨੋਂ ਮਾਰ ਦਿੱਤਾ।—ਉਤਪਤ 4:3-8.

  •   ਨਬੀ ਯੂਨਾਹ “ਭਬਕ ਉੱਠਿਆ” ਜਦੋਂ ਰੱਬ ਨੇ ਨੀਨਵਾਹ ਦੇ ਲੋਕਾਂ ʼਤੇ ਦਇਆ ਕੀਤੀ ਸੀ। ਰੱਬ ਨੇ ਯੂਨਾਹ ਨੂੰ ਸੁਧਾਰਿਆ ਤੇ ਦੱਸਿਆ ਕਿ “[ਉਸ ਦਾ] ਗੁੱਸਾ ਚੰਗਾ” ਨਹੀਂ ਸੀ ਅਤੇ ਉਸ ਨੂੰ ਪਛਤਾਵਾ ਕਰਨ ਵਾਲੇ ਲੋਕਾਂ ਨਾਲ ਹਮਦਰਦੀ ਹੋਣੀ ਚਾਹੀਦੀ ਸੀ।—ਯੂਨਾਹ 3:10–4:1, 4, 11. a

 ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪਾਪੀ ਹੋਣ ਕਰਕੇ “ਗੁੱਸੇ ਵਿਚ ਇਨਸਾਨ ਉਹ ਕੰਮ ਨਹੀਂ ਕਰਦਾ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ।”—ਯਾਕੂਬ 1:20.

 ਅਸੀਂ ਗੁੱਸੇ ʼਤੇ ਕਿਵੇਂ ਕਾਬੂ ਪਾ ਸਕਦੇ ਹਾਂ?

  •   ਗੁੱਸੇ ʼਤੇ ਕਾਬੂ ਨਾ ਪਾਉਣ ਦੇ ਖ਼ਤਰਿਆਂ ਬਾਰੇ ਸੋਚੋ। ਕਈ ਸ਼ਾਇਦ ਸੋਚਣ ਕਿ ਹੱਦੋਂ ਵੱਧ ਗੁੱਸਾ ਕਰਨਾ ਤਾਕਤ ਦੀ ਨਿਸ਼ਾਨੀ ਹੈ। ਅਸਲ ਵਿਚ, ਗੁੱਸੇ ʼਤੇ ਕਾਬੂ ਨਾ ਪਾ ਸਕਣਾ ਕਮਜ਼ੋਰੀ ਦੀ ਨਿਸ਼ਾਨੀ ਹੈ। “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 25:28; 29:11) ਦੂਜੇ ਪਾਸੇ, ਆਪਣੇ ਗੁੱਸੇ ʼਤੇ ਕਾਬੂ ਪਾਉਣਾ ਸਿੱਖ ਕੇ ਅਸੀਂ ਸੱਚੀ ਤਾਕਤ ਅਤੇ ਸਮਝਦਾਰੀ ਦਾ ਸਬੂਤ ਦਿੰਦੇ ਹਾਂ। (ਕਹਾਉਤਾਂ 14:29) ਬਾਈਬਲ ਕਹਿੰਦੀ ਹੈ: “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ . . . ਨਾਲੋਂ ਚੰਗਾ ਹੈ।”—ਕਹਾਉਤਾਂ 16:32.

  •   ਆਪਣੇ ਗੁੱਸੇ ʼਤੇ ਕਾਬੂ ਪਾਓ ਇਸ ਤੋਂ ਪਹਿਲਾਂ ਕਿ ਤੁਸੀਂ ਗੁੱਸੇ ਵਿਚ ਕੁਝ ਅਜਿਹਾ ਕਰ ਜਾਓ ਜਿਸ ਦਾ ਤੁਹਾਨੂੰ ਬਾਅਦ ਵਿਚ ਪਛਤਾਵਾ ਹੋਵੇ। ਜ਼ਬੂਰ 37:8 ਕਹਿੰਦਾ ਹੈ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ— ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” ਗੌਰ ਕਰੋ ਕਿ ਗੁੱਸਾ ਆਉਣ ʼਤੇ ਅਸੀਂ ਇਕ ਕੰਮ ਕਰ ਸਕਦੇ ਹਾਂ ਯਾਨੀ ਗੁੱਸੇ ਵਿਚ “ਬੁਰਿਆਈ” ਕਰਨ ਤੋਂ ਪਹਿਲਾਂ ਅਸੀਂ ਇਸ ਨੂੰ ਛੱਡ ਸਕਦੇ ਹਾਂ। ਜਿਵੇਂ ਅਫ਼ਸੀਆਂ 4:26 ਕਹਿੰਦਾ ਹੈ, “ਜਦੋਂ ਤੁਹਾਨੂੰ ਗੁੱਸਾ ਆਵੇ, ਤਾਂ ਪਾਪ ਨਾ ਕਰੋ।”

  •   ਜੇ ਮੁਮਕਿਨ ਹੋਵੇ, ਤਾਂ ਗੁੱਸਾ ਚੜ੍ਹਨ ਤੋਂ ਪਹਿਲਾਂ ਉੱਥੋਂ ਚਲੇ ਜਾਓ। ਬਾਈਬਲ ਕਹਿੰਦੀ ਹੈ, “ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” (ਕਹਾਉਤਾਂ 17:14) ਭਾਵੇਂ ਜਲਦੀ ਹੀ ਦੂਜਿਆਂ ਨਾਲ ਮਨ-ਮੁਟਾਵ ਖ਼ਤਮ ਕਰਨੇ ਸਮਝਦਾਰੀ ਦੀ ਨਿਸ਼ਾਨੀ ਹੈ, ਪਰ ਸ਼ਾਂਤੀ ਨਾਲ ਗੱਲ ਕਰਨ ਲਈ ਦੋਨਾਂ ਧਿਰਾਂ ਨੂੰ ਪਹਿਲਾਂ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਦੀ ਲੋੜ ਹੈ।

  •    ਪੂਰੀ ਗੱਲ ਜਾਣੋ। ਕਹਾਉਤਾਂ 19:11 ਕਹਿੰਦਾ ਹੈ, “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ।” ਸਮਝਦਾਰੀ ਦੀ ਗੱਲ ਹੈ ਕਿ ਕਿਸੇ ਵੀ ਨਤੀਜੇ ʼਤੇ ਪਹੁੰਚਣ ਤੋਂ ਪਹਿਲਾਂ ਅਸੀਂ ਸਾਰੀ ਗੱਲ ਜਾਣੀਏ। ਜਦੋਂ ਅਸੀਂ ਸਾਰੀ ਗੱਲ ਧਿਆਨ ਨਾਲ ਸੁਣਾਂਗੇ, ਤਾਂ ਅਸੀਂ ਘੱਟ ਹੀ ਬਿਨਾਂ ਵਜ੍ਹਾ ਗੁੱਸਾ ਕਰਾਂਗੇ।—ਯਾਕੂਬ 1:19.

  •    ਮਨ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ। ਪ੍ਰਾਰਥਨਾ ਦੀ ਮਦਦ ਨਾਲ ਤੁਸੀਂ “ਪਰਮੇਸ਼ੁਰ ਦੀ ਸ਼ਾਂਤੀ” ਪਾ ਸਕਦੇ ਹੋ “ਜੋ ਸਾਰੀ ਸਮਝ ਤੋਂ ਪਰੇ ਹੈ।” (ਫ਼ਿਲਿੱਪੀਆਂ 4:7) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਦੇ ਮੁੱਖ ਤਰੀਕਿਆਂ ਵਿੱਚੋਂ ਇਕ ਤਰੀਕਾ ਹੈ, ਪ੍ਰਾਰਥਨਾ। ਪਵਿੱਤਰ ਸ਼ਕਤੀ ਸਾਡੇ ਵਿਚ ਸ਼ਾਂਤੀ, ਧੀਰਜ ਅਤੇ ਸੰਜਮ ਵਰਗੇ ਗੁਣ ਪੈਦਾ ਕਰਦੀ ਹੈ।—ਲੂਕਾ 11:13; ਗਲਾਤੀਆਂ 5:22, 23.

  •   ਸੋਚ-ਸਮਝ ਕੇ ਦੋਸਤ ਚੁਣੋ। ਅਸੀਂ ਜਿਨ੍ਹਾਂ ਲੋਕਾਂ ਨਾਲ ਸੰਗਤੀ ਕਰਦੇ ਹਾਂ ਅਸੀਂ ਉਨ੍ਹਾਂ ਵਰਗੇ ਹੀ ਬਣ ਜਾਂਦੇ ਹਾਂ। (ਕਹਾਉਤਾਂ 13:20; 1 ਕੁਰਿੰਥੀਆਂ 15:33) ਇਸ ਕਰਕੇ ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ।” ਕਿਉਂ? “ਕਿਤੇ ਐਉਂ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ, ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।”—ਕਹਾਉਤਾਂ 22:24, 25.

a ਯੂਨਾਹ ਨੇ ਸਲਾਹ ਸਵੀਕਾਰ ਕੀਤੀ ਅਤੇ ਗੁੱਸਾ ਛੱਡ ਦਿੱਤਾ। ਇਸ ਲਈ ਰੱਬ ਨੇ ਉਸ ਨੂੰ ਬਾਈਬਲ ਦੀ ਇਕ ਕਿਤਾਬ ਲਿਖਣ ਲਈ ਵਰਤਿਆ ਜੋ ਉਸ ਦੇ ਨਾਂ ਤੋਂ ਹੀ ਹੈ।