Skip to content

ਮਲਾਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ

ਮਲਾਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ

ਕੁਝ ਅਨੁਮਾਨਾਂ ਅਨੁਸਾਰ, ਪੂਰੀ ਦੁਨੀਆਂ ਵਿਚ 15,00,000 ਲੱਖ ਮਲਾਹ ਹਨ। ਮਲਾਹ ਲਗਾਤਾਰ ਇਕ ਬੰਦਰਗਾਹ ਤੋਂ ਦੂਸਰੀ ਬੰਦਰਗਾਹ ਤਕ ਸਫ਼ਰ ਕਰਦੇ ਹਨ। ਯਹੋਵਾਹ ਦੇ ਗਵਾਹ ਜ਼ਿਆਦਾ ਤੋਂ ਜ਼ਿਆਦਾ ਮਲਾਹਾਂ ਤਕ ਬਾਈਬਲ ਦਾ ਸੰਦੇਸ਼ ਕਿਵੇਂ ਪਹੁੰਚਾ ਸਕਦੇ ਹਨ? ਜਦੋਂ ਸਮੁੰਦਰੀ ਜਹਾਜ਼ ਬੰਦਰਗਾਹ ʼਤੇ ਆਉਂਦਾ ਹੈ, ਤਾਂ ਜਿਨ੍ਹਾਂ ਗਵਾਹਾਂ ਨੂੰ ਸਿਖਲਾਈ ਮਿਲੀ ਹੁੰਦੀ ਹੈ, ਉਹ ਜਹਾਜ਼ ਵਿਚ ਜਾ ਕੇ ਮੁਫ਼ਤ ਵਿਚ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਦੇ ਹਨ। ਉਹ ਅਫ਼ਸਰਾਂ ਅਤੇ ਜਹਾਜ਼ ਵਿਚ ਕੰਮ ਕਰਨ ਵਾਲੇ ਹੋਰ ਮੈਂਬਰਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਪ੍ਰਕਾਸ਼ਨ ਦਿੰਦੇ ਹਨ।

ਇਸ ਤਰ੍ਹਾਂ ਗਵਾਹੀ ਦੇਣ ਦੇ ਕੀ ਨਤੀਜੇ ਨਿਕਲੇ? ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਬੰਦਰਗਾਹ ʼਤੇ ਸੇਵਾ ਕਰਨ ਵਾਲਾ ਸਟੈਫਨੋ ਨਾਂ ਦਾ ਭਰਾ ਕਹਿੰਦਾ ਹੈ: “ਕਈ ਲੋਕ ਸੋਚਦੇ ਹਨ ਕਿ ਸਾਰੇ ਮਲਾਹ ਰੁੱਖੇ ਸੁਭਾਅ ਦੇ ਹੁੰਦੇ ਹਨ। ਕਈ ਮਲਾਹਾਂ ਬਾਰੇ ਇਹ ਗੱਲ ਸੱਚ ਹੈ, ਪਰ ਅਸੀਂ ਜਿਨ੍ਹਾਂ ਮਲਾਹਾਂ ਨੂੰ ਮਿਲੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨਿਮਰ ਸੁਭਾਅ ਦੇ ਸਨ ਅਤੇ ਸਿੱਖਣ ਲਈ ਉਤਸੁਕ ਸਨ।” ਸਟੈਫਨੋ ਅੱਗੇ ਕਹਿੰਦਾ ਹੈ: “ਜ਼ਿਆਦਾਤਰ ਮਲਾਹ ਰੱਬ ʼਤੇ ਵਿਸ਼ਵਾਸ ਕਰਦੇ ਹਨ ਅਤੇ ਉਸ ਦੀ ਮਿਹਰ ਪਾਉਣੀ ਚਾਹੁੰਦੇ ਹਨ। ਇਸ ਲਈ ਅਕਸਰ ਉਹ ਸਾਡੀ ਗੱਲ ਸੁਣਦੇ ਹਨ।” ਸਤੰਬਰ 2015 ਤੋਂ ਅਗਸਤ 2016 ਦੌਰਾਨ ਸਿਰਫ਼ ਵੈਨਕੂਵਰ ਵਿਚ ਹੀ ਮਲਾਹਾਂ ਨੇ ਯਹੋਵਾਹ ਦੇ ਗਵਾਹਾਂ ਨੂੰ 1,600 ਤੋਂ ਜ਼ਿਆਦਾ ਵਾਰ ਦੁਬਾਰਾ ਬੁਲਾਇਆ। ਮਲਾਹਾਂ ਨੇ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਹਜ਼ਾਰਾਂ ਦੀ ਮਾਤਰਾ ਵਿਚ ਪ੍ਰਕਾਸ਼ਨ ਲਏ ਅਤੇ 1,100 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਸ਼ੁਰੂ ਕਰਾਈਆਂ ਗਈਆਂ।

ਮਲਾਹਾਂ ਨਾਲ ਬਾਈਬਲ ਬਾਰੇ ਗੱਲਬਾਤ ਕਿਵੇਂ ਜਾਰੀ ਰੱਖੀ ਜਾਂਦੀ ਹੈ?

ਯਹੋਵਾਹ ਦੇ ਗਵਾਹ ਪੂਰੀਆਂ ਦੁਨੀਆਂ ਦੀਆਂ ਬੰਦਰਗਾਹਾਂ ʼਤੇ ਪ੍ਰਚਾਰ ਕਰਦੇ ਹਨ। ਇਸ ਲਈ ਜਿਹੜੇ ਮਲਾਹ ਬਾਈਬਲ ਬਾਰੇ ਗੱਲਬਾਤ ਜਾਰੀ ਰੱਖਣੀ ਚਾਹੁੰਦੇ ਹਨ, ਉਹ ਦੂਸਰੀ ਬੰਦਰਗਾਹ ʼਤੇ ਗਵਾਹਾਂ ਨੂੰ ਮਿਲਣ ਲਈ ਕਹਿ ਸਕਦੇ ਹਨ। ਮਿਸਾਲ ਲਈ, ਮਈ 2016 ਦੌਰਾਨ ਵੈਨਕੂਵਰ ਵਿਚ ਯਹੋਵਾਹ ਦੇ ਗਵਾਹ ਵਾਰਲੀਟੋ ਨਾਂ ਦੇ ਆਦਮੀ ਨੂੰ ਮਿਲੇ। ਵਾਰਲੀਟੋ ਕਾਰਗੋ ਜਹਾਜ਼ ਵਿਚ ਖਾਣਾ ਬਣਾਉਣ ਦਾ ਕੰਮ ਕਰਦਾ ਹੈ। ਗਵਾਹਾਂ ਨੇ ਉਸ ਨੂੰ ਬਾਈਬਲ ਕਿਉਂ ਪੜ੍ਹੀਏ? ਨਾਂ ਦਾ ਵੀਡੀਓ ਦਿਖਾਇਆ ਅਤੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਤੋਂ ਬਾਈਬਲ ਸਟੱਡੀ ਸ਼ੁਰੂ ਕੀਤੀ। ਵਾਰਲੀਟੋ ਨੂੰ ਗਵਾਹਾਂ ਨਾਲ ਗੱਲ ਕਰ ਕੇ ਬਹੁਤ ਵਧੀਆ ਲੱਗਾ ਅਤੇ ਉਹ ਬਾਈਬਲ ਸਟੱਡੀ ਜਾਰੀ ਰੱਖਣੀ ਚਾਹੁੰਦਾ ਸੀ। ਪਰ ਉਸ ਦੇ ਜਹਾਜ਼ ਨੇ ਪੈਰਾਨਾਗੁਆ ਦੀ ਬ੍ਰਾਜ਼ੀਲੀ ਬੰਦਰਗਾਹ ʼਤੇ ਰੁਕਣਾ ਸੀ, ਜੋ ਕਾਫ਼ੀ ਦੂਰੀ ʼਤੇ ਸੀ।

ਉਸ ਦਾ ਜਹਾਜ਼ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਪੈਰਾਨਾਗੁਆ ਦੀ ਬੰਦਰਗਾਹ ʼਤੇ ਪਹੁੰਚਿਆ। ਜਦੋਂ ਬੰਦਰਗਾਹ ਦੇ ਨੇੜੇ ਦੋ ਬ੍ਰਾਜ਼ੀਲੀ ਗਵਾਹ ਉਸ ਦਾ ਨਾਂ ਲੈ ਕੇ ਉਸ ਬਾਰੇ ਪੁੱਛ ਰਹੇ ਸਨ, ਤਾਂ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ! ਉਨ੍ਹਾਂ ਭਰਾਵਾਂ ਨੇ ਕਿਹਾ ਕਿ ਵੈਨਕੂਵਰ ਦੇ ਗਵਾਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਵਾਰਲੀਟੋ ਸਟੱਡੀ ਕਰਨੀ ਚਾਹੁੰਦਾ ਹੈ। ਵਾਰਲੀਟੋ ਬ੍ਰਾਜ਼ੀਲੀ ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਇਸ ਗੱਲ ਦਾ ਬਹੁਤ ਧੰਨਵਾਦ ਕੀਤਾ ਕਿ ਉਸ ਨੂੰ ਮਿਲਣ ਦਾ ਪ੍ਰਬੰਧ ਕੀਤਾ ਗਿਆ। ਉਹ ਅਗਲੀ ਬੰਦਰਗਾਹ ʼਤੇ ਵੀ ਗਵਾਹਾਂ ਨਾਲ ਖ਼ੁਸ਼ੀ-ਖ਼ੁਸ਼ੀ ਬਾਈਬਲ ਸਟੱਡੀ ਜਾਰੀ ਰੱਖਣ ਲਈ ਰਾਜ਼ੀ ਹੋ ਗਿਆ।