Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੇਰੇ ਕਈ ਸਵਾਲ ਸਨ”

“ਮੇਰੇ ਕਈ ਸਵਾਲ ਸਨ”
  • ਜਨਮ: 1976

  • ਦੇਸ਼: ਹਾਂਡੂਰਸ

  • ਅਤੀਤ: ਪਾਦਰੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰਾ ਜਨਮ ਹਾਂਡੂਰਸ ਦੇ ਲਾਸੀਬਾ ਨਾਂ ਦੇ ਸ਼ਹਿਰ ਵਿਚ ਹੋਇਆ ਸੀ। ਮੇਰੀਆਂ ਚਾਰ ਵੱਡੀਆਂ ਭੈਣਾਂ ਸਨ ਤੇ ਮੈਂ ਸੁਣ ਨਹੀਂ ਸਕਦਾ ਸੀ। ਸਾਡਾ ਆਂਢ-ਗੁਆਂਢ ਚੰਗਾ ਨਹੀਂ ਸੀ ਤੇ ਅਸੀਂ ਬਹੁਤ ਗ਼ਰੀਬ ਸੀ। ਜਦੋਂ ਮੈਂ ਲਗਭਗ ਚਾਰ ਸਾਲਾਂ ਦਾ ਸੀ, ਤਾਂ ਕਿਸੇ ਘਰ ਦੀ ਛੱਤ ਤੋਂ ਡਿਗਣ ਕਰਕੇ ਮੇਰੇ ਡੈਡੀ ਜੀ ਦੀ ਮੌਤ ਹੋ ਗਈ। ਸਾਡੀ ਜ਼ਿੰਦਗੀ ਹੋਰ ਵੀ ਔਖੀ ਹੋ ਗਈ।

 ਮੇਰੇ ਮੰਮੀ ਜੀ ਨੇ ਮੇਰੀ ਤੇ ਮੇਰੀਆਂ ਭੈਣਾਂ ਦੀ ਦੇਖ-ਭਾਲ ਕਰਨ ਵਿਚ ਪੂਰੀ ਵਾਹ ਲਾਈ। ਪਰ ਅਕਸਰ ਉਨ੍ਹਾਂ ਕੋਲ ਮੇਰੇ ਲਈ ਕੱਪੜੇ ਖ਼ਰੀਦਣ ਲਈ ਪੈਸੇ ਨਹੀਂ ਹੁੰਦੇ ਸਨ। ਜਦੋਂ ਮੀਂਹ ਪੈਂਦਾ ਸੀ, ਤਾਂ ਗਰਮ ਕੱਪੜੇ ਨਾ ਹੋਣ ਕਰਕੇ ਮੈਂ ਅਕਸਰ ਠਰ ਜਾਂਦਾ ਸੀ।

 ਵੱਡਾ ਹੋ ਕੇ ਮੈਂ ਹਾਂਡੂਰਸ ਸੈਨਤ ਭਾਸ਼ਾ ਸਿੱਖੀ ਜਿਸ ਕਰਕੇ ਮੈਂ ਬੋਲ਼ੇ ਲੋਕਾਂ ਨਾਲ ਗੱਲਬਾਤ ਕਰ ਸਕਦਾ ਸੀ। ਪਰ ਮੇਰੇ ਮੰਮੀ ਤੇ ਭੈਣਾਂ ਨੂੰ ਇਹ ਸੈਨਤ ਭਾਸ਼ਾ ਨਹੀਂ ਆਉਂਦੀ ਸੀ। ਇਸ ਕਰਕੇ ਉਹ ਮੇਰੇ ਨਾਲ ਸਿਰਫ਼ ਕੁਝ ਹਾਵਾਂ-ਭਾਵਾਂ ਅਤੇ ਆਪਣੇ ਵੱਲੋਂ ਬਣਾਏ ਇਸ਼ਾਰਿਆਂ ਨਾਲ ਗੱਲ ਕਰਦੇ ਸਨ। ਮੇਰੇ ਮੰਮੀ ਮੈਨੂੰ ਇਨ੍ਹਾਂ ਇਸ਼ਾਰਿਆਂ ਨਾਲ ਹੀ ਦੱਸਦੇ ਸਨ ਕਿ ਮੈਂ ਬੁਰੇ ਕੰਮਾਂ ਤੋਂ ਦੂਰ ਰਹਾਂ, ਜਿਵੇਂ ਸਿਗਰਟ ਤੇ ਸ਼ਰਾਬ ਪੀਣ ਤੋਂ। ਉਹ ਮੈਨੂੰ ਪਿਆਰ ਕਰਦੇ ਸਨ ਅਤੇ ਮੈਨੂੰ ਖ਼ਤਰਿਆਂ ਤੋਂ ਬਚਾਉਣਾ ਚਾਹੁੰਦੇ ਸਨ। ਇਸ ਕਰਕੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਕਦੇ ਵੀ ਬੁਰੇ ਕੰਮਾਂ ਵਿਚ ਨਹੀਂ ਪਿਆ।

 ਜਦੋਂ ਮੈਂ ਛੋਟਾ ਸੀ, ਤਾਂ ਮੇਰੇ ਮੰਮੀ ਮੈਨੂੰ ਚਰਚ ਲੈ ਕੇ ਜਾਂਦੇ ਸਨ, ਪਰ ਮੈਨੂੰ ਉੱਥੇ ਕੁਝ ਵੀ ਸਮਝ ਨਹੀਂ ਆਉਂਦਾ ਸੀ ਕਿਉਂਕਿ ਕੋਈ ਵੀ ਮੈਨੂੰ ਸੈਨਤ ਭਾਸ਼ਾ ਵਿਚ ਨਹੀਂ ਦੱਸਦਾ ਸੀ। ਦਸ ਸਾਲਾਂ ਦੀ ਉਮਰ ਵਿਚ ਮੈਂ ਚਰਚ ਜਾਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਉੱਥੇ ਜਾ ਕੇ ਬੋਰ ਹੋ ਜਾਂਦਾ ਸੀ। ਪਰ ਮੈਂ ਰੱਬ ਬਾਰੇ ਹੋਰ ਜਾਣਨਾ ਚਾਹੁੰਦਾ ਸੀ।

 1999 ਵਿਚ ਜਦੋਂ ਮੈਂ 23 ਸਾਲਾਂ ਦਾ ਸੀ, ਤਾਂ ਅਮਰੀਕਾ ਤੋਂ ਮੈਨੂੰ ਇਕ ਔਰਤ ਮਿਲੀ ਜੋ ਇਵੈਂਜਲੀਕਲ ਚਰਚ ਜਾਂਦੀ ਸੀ। ਉਸ ਨੇ ਮੈਨੂੰ ਬਾਈਬਲ ਦੀਆਂ ਕੁਝ ਗੱਲਾਂ ਸਿਖਾਈਆਂ ਅਤੇ ਮੈਨੂੰ ਅਮਰੀਕਨ ਸੈਨਤ ਭਾਸ਼ਾ ਵੀ ਸਿਖਾਈ। ਮੈਂ ਬਾਈਬਲ ਵਿੱਚੋਂ ਜੋ ਸਿੱਖਿਆ ਸੀ, ਉਹ ਮੈਨੂੰ ਬਹੁਤ ਵਧੀਆ ਲੱਗਾ। ਇਸ ਕਰਕੇ ਮੈਂ ਪਾਦਰੀ ਬਣਨ ਦਾ ਫ਼ੈਸਲਾ ਕੀਤਾ ਤੇ ਪੋਰਟੋ ਰੀਕੋ ਚਲਾ ਗਿਆ ਜਿੱਥੇ ਬੋਲ਼ੇ ਲੋਕਾਂ ਨੂੰ ਪਾਦਰੀ ਬਣਨ ਦੀ ਸਿਖਲਾਈ ਦਿੱਤੀ ਜਾਂਦੀ ਸੀ। ਜਦੋਂ ਮੈਂ 2002 ਵਿਚ ਲਾਸੀਬਾ ਵਾਪਸ ਆਇਆ, ਤਾਂ ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਬੋਲ਼ੇ ਲੋਕਾਂ ਲਈ ਇਕ ਚਰਚ ਬਣਾ ਸਕਿਆ। ਉਨ੍ਹਾਂ ਵਿੱਚੋਂ ਇਕ ਦਾ ਨਾਂ ਪੈਟਰੀਸ਼ੀਆ ਸੀ ਜਿਸ ਨਾਲ ਬਾਅਦ ਵਿਚ ਮੈਂ ਵਿਆਹ ਕਰਾ ਲਿਆ।

 ਆਪਣੇ ਚਰਚ ਦਾ ਪਾਦਰੀ ਹੋਣ ਕਰਕੇ ਮੈਂ ਹਾਂਡੂਰਸ ਸੈਨਤ ਭਾਸ਼ਾ ਵਿਚ ਭਾਸ਼ਣ ਦਿੰਦਾ ਹੁੰਦਾ ਸੀ। ਨਾਲੇ ਬੋਲ਼ੇ ਲੋਕਾਂ ਦੀ ਮਦਦ ਕਰਨ ਲਈ ਮੈਂ ਬਾਈਬਲ ਕਹਾਣੀਆਂ ਦੀਆਂ ਤਸਵੀਰਾਂ ਅਤੇ ਡਰਾਮੇ ਕਰ ਕੇ ਦਿਖਾਉਂਦਾ ਸੀ। ਮੈਂ ਨੇੜੇ-ਤੇੜੇ ਦੇ ਕਸਬਿਆਂ ਵਿਚ ਬੋਲ਼ੇ ਲੋਕਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵੀ ਜਾਂਦਾ ਸੀ। ਮੈਂ ਤਾਂ ਮਿਸ਼ਨਰੀ ਦੇ ਤੌਰ ਤੇ ਅਮਰੀਕਾ ਅਤੇ ਜ਼ੈਂਬੀਆ ਵਿਚ ਵੀ ਗਿਆ। ਦਰਅਸਲ, ਮੈਨੂੰ ਬਾਈਬਲ ਬਾਰੇ ਜ਼ਿਆਦਾ ਨਹੀਂ ਪਤਾ ਸੀ। ਸੋ ਮੈਂ ਉਨ੍ਹਾਂ ਨੂੰ ਸਿਰਫ਼ ਉਹੀ ਦੱਸਦਾ ਸੀ ਜੋ ਮੈਨੂੰ ਦੱਸਿਆ ਗਿਆ ਸੀ ਅਤੇ ਜੋ ਮੈਨੂੰ ਤਸਵੀਰਾਂ ਤੋਂ ਸਮਝ ਆਉਂਦਾ ਸੀ। ਅਸਲ ਵਿਚ, ਮੇਰੇ ਕਈ ਸਵਾਲ ਸਨ।

 ਇਕ ਦਿਨ ਚਰਚ ਦੇ ਕੁਝ ਮੈਂਬਰਾਂ ਨੇ ਮੇਰੇ ਬਾਰੇ ਝੂਠੀਆਂ ਗੱਲਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੈਂ ਸ਼ਰਾਬੀ ਸੀ ਅਤੇ ਆਪਣੀ ਪਤਨੀ ਨੂੰ ਧੋਖਾ ਦਿੱਤਾ ਸੀ। ਮੈਂ ਬਹੁਤ ਪਰੇਸ਼ਾਨ ਸੀ ਤੇ ਮੈਨੂੰ ਬਹੁਤ ਗੁੱਸਾ ਚੜ੍ਹਿਆ। ਜਲਦੀ ਹੀ ਮੈਂ ਤੇ ਪੈਟਰੀਸ਼ੀਆ ਨੇ ਚਰਚ ਜਾਣਾ ਛੱਡ ਦਿੱਤਾ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 ਯਹੋਵਾਹ ਦੇ ਗਵਾਹ ਅਕਸਰ ਮੈਨੂੰ ਤੇ ਪੈਟਰੀਸ਼ੀਆ ਨੂੰ ਮਿਲਣ ਆਉਂਦੇ ਸਨ, ਪਰ ਅਸੀਂ ਕਦੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪਰ ਚਰਚ ਛੱਡਣ ਤੋਂ ਬਾਅਦ ਪੈਟਰੀਸ਼ੀਆ ਨੇ ਟੌਮਸ ਤੇ ਲੀਸੀ ਨਾਂ ਦੇ ਜੋੜੇ ਨਾਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਭਾਵੇਂ ਉਹ ਬੋਲ਼ੇ ਨਹੀਂ ਸਨ, ਪਰ ਉਹ ਸੈਨਤ ਭਾਸ਼ਾ ਜਾਣਦੇ ਸਨ। ਸੋ ਕੁਝ ਸਮੇਂ ਬਾਅਦ ਮੈਂ ਵੀ ਸਟੱਡੀ ਕਰਨ ਲੱਗ ਪਿਆ।

 ਕੁਝ ਮਹੀਨੇ ਅਸੀਂ ਅਮਰੀਕਨ ਸੈਨਤ ਭਾਸ਼ਾ ਦੀਆਂ ਵੀਡੀਓ ਵਰਤ ਕੇ ਸਟੱਡੀ ਕੀਤੀ। ਪਰ ਜਦੋਂ ਸਾਡੇ ਕੁਝ ਦੋਸਤਾਂ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਇਨਸਾਨੀ ਆਗੂਆਂ ਦੇ ਮਗਰ ਲੱਗੇ ਹਨ, ਤਾਂ ਅਸੀਂ ਬਾਈਬਲ ਸਟੱਡੀ ਕਰਨੀ ਬੰਦ ਕਰ ਦਿੱਤੀ। ਭਾਵੇਂ ਕਿ ਟੌਮਸ ਨੇ ਮੈਨੂੰ ਸਬੂਤ ਦਿੱਤੇ ਸਨ ਕਿ ਯਹੋਵਾਹ ਦੇ ਗਵਾਹ ਇਨਸਾਨੀ ਆਗੂਆਂ ਦੇ ਪਿੱਛੇ ਨਹੀਂ ਚੱਲਦੇ, ਪਰ ਮੈਂ ਉਸ ਦੀਆਂ ਗੱਲਾਂ ʼਤੇ ਯਕੀਨ ਨਹੀਂ ਕੀਤਾ।

 ਕੁਝ ਮਹੀਨਿਆਂ ਬਾਅਦ, ਜਦੋਂ ਪੈਟਰੀਸ਼ੀਆ ਬਹੁਤ ਜ਼ਿਆਦਾ ਨਿਰਾਸ਼ ਹੋ ਗਈ, ਤਾਂ ਉਸ ਨੇ ਰੱਬ ਨੂੰ ਪ੍ਰਾਰਥਨਾ ਕੀਤੀ ਕਿ ਯਹੋਵਾਹ ਦੇ ਗਵਾਹ ਦੁਬਾਰਾ ਸਾਡੇ ਘਰ ਆਉਣ। ਜਲਦੀ ਹੀ ਸਾਡੇ ਗੁਆਂਢ ਵਿਚ ਰਹਿਣ ਵਾਲੀ ਯਹੋਵਾਹ ਦੀ ਇਕ ਗਵਾਹ ਪੈਟਰੀਸ਼ੀਆ ਨੂੰ ਮਿਲਣ ਆਈ। ਉਸ ਨੇ ਕਿਹਾ ਕਿ ਉਹ ਲੀਸੀ ਨੂੰ ਸਾਡੇ ਘਰ ਆਉਣ ਲਈ ਕਹੇਗੀ। ਲੀਸੀ ਨੇ ਇਕ ਸੱਚੇ ਦੋਸਤ ਵਾਂਗ ਸਾਥ ਦਿੱਤਾ। ਉਹ ਹਰ ਹਫ਼ਤੇ ਪੈਟਰੀਸ਼ੀਆ ਨੂੰ ਹੌਸਲਾ ਦੇਣ ਅਤੇ ਉਸ ਨਾਲ ਬਾਈਬਲ ਸਟੱਡੀ ਕਰਨ ਲਈ ਆਉਂਦੀ ਹੁੰਦੀ ਸੀ। ਪਰ ਮੇਰੇ ਮਨ ਵਿਚ ਅਜੇ ਵੀ ਗਵਾਹਾਂ ਬਾਰੇ ਸ਼ੱਕ ਸੀ।

 2012 ਵਿਚ ਯਹੋਵਾਹ ਦੇ ਗਵਾਹਾਂ ਨੇ ਇਕ ਖ਼ਾਸ ਮੁਹਿੰਮ ਵਿਚ ਹਿੱਸਾ ਲਿਆ। ਇਸ ਮੁਹਿੰਮ ਵਿਚ ਉਨ੍ਹਾਂ ਨੇ ਹਾਂਡੂਰਸ ਸੈਨਤ ਭਾਸ਼ਾ ਵਿਚ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਨਾਂ ਦੀ ਵੀਡੀਓ ਦਿਖਾਈ। ਲੀਸੀ ਸਾਡੇ ਲਈ ਇਸ ਵੀਡੀਓ ਦੀ ਇਕ ਕਾਪੀ ਲੈ ਕੇ ਆਈ। ਜਦੋਂ ਮੈਂ ਇਹ ਵੀਡੀਓ ਦੇਖੀ, ਤਾਂ ਮੈਂ ਜਾਣਿਆ ਕਿ ਜਿਹੜੀਆਂ ਗੱਲਾਂ ਮੈਂ ਸਿਖਾਉਂਦਾ ਹੁੰਦਾ ਸੀ, ਉਹ ਬਾਈਬਲ ਵਿੱਚੋਂ ਨਹੀਂ ਸਨ, ਜਿਵੇਂ ਨਰਕ ਤੇ ਅਮਰ ਆਤਮਾ ਦੀ ਸਿੱਖਿਆ। ਇਹ ਜਾਣ ਕੇ ਮੈਂ ਹੱਕਾ-ਬੱਕਾ ਰਹਿ ਗਿਆ।

 ਇਸ ਤੋਂ ਅਗਲੇ ਹਫ਼ਤੇ ਮੈਂ ਟੌਮਸ ਨਾਲ ਗੱਲ ਕਰਨ ਲਈ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਬੋਲ਼ੇ ਲੋਕਾਂ ਨੂੰ ਬਾਈਬਲ ਬਾਰੇ ਸੱਚਾਈ ਸਿਖਾਉਣੀ ਚਾਹੁੰਦਾ ਹਾਂ, ਪਰ ਯਹੋਵਾਹ ਦੇ ਗਵਾਹ ਵਜੋਂ ਨਹੀਂ। ਮੈਂ ਬੋਲ਼ੇ ਲੋਕਾਂ ਲਈ ਆਪਣਾ ਨਵਾਂ ਤੇ ਅਲੱਗ ਚਰਚ ਬਣਾਉਣਾ ਚਾਹੁੰਦਾ ਸੀ। ਟੌਮਸ ਨੇ ਮੇਰੇ ਜੋਸ਼ ਕਰਕੇ ਮੇਰੀ ਤਾਰੀਫ਼ ਕੀਤੀ। ਪਰ ਫਿਰ ਉਸ ਨੇ ਮੈਨੂੰ ਅਫ਼ਸੀਆਂ 4:5 ਦਿਖਾਇਆ ਜਿਸ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਹੈ ਕਿ ਮਸੀਹੀ ਮੰਡਲੀ ਵਿਚ ਏਕਤਾ ਹੋਣੀ ਚਾਹੀਦੀ ਹੈ।

 ਟੌਮਸ ਨੇ ਮੈਨੂੰ ਹਾਂਡੂਰਸ ਸੈਨਤ ਭਾਸ਼ਾ ਵਿਚ ਯਹੋਵਾਹ ਦੇ ਗਵਾਹ—ਨਿਹਚਾ ਦੀਆਂ ਜ਼ਿੰਦਾ ਮਿਸਾਲਾਂ, ਭਾਗ 1: ਹਨੇਰੇ ਤੋਂ ਉਜਾਲੇ ਵੱਲ ਨਾਂ ਦੀ ਵੀਡੀਓ ਦਿੱਤੀ। ਇਸ ਵੀਡੀਓ ਵਿਚ ਦਿਖਾਇਆ ਗਿਆ ਸੀ ਕਿ ਕੁਝ ਆਦਮੀਆਂ ਨੇ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਸਮਝਣ ਲਈ ਕਿੰਨੇ ਧਿਆਨ ਨਾਲ ਬਾਈਬਲ ਦੀ ਜਾਂਚ ਕੀਤੀ। ਵੀਡੀਓ ਦੇਖਦਿਆਂ ਮੈਂ ਸਮਝ ਸਕਦਾ ਸੀ ਕਿ ਇਨ੍ਹਾਂ ਆਦਮੀਆਂ ਨੇ ਕਿਵੇਂ ਮਹਿਸੂਸ ਕੀਤਾ ਹੋਣਾ। ਇਨ੍ਹਾਂ ਆਦਮੀਆਂ ਵਾਂਗ ਮੈਂ ਵੀ ਸੱਚਾਈ ਲੱਭ ਰਿਹਾ ਸੀ। ਇਸ ਵੀਡੀਓ ਤੋਂ ਮੈਨੂੰ ਯਕੀਨ ਹੋ ਗਿਆ ਕਿ ਗਵਾਹ ਸੱਚਾਈ ਸਿਖਾਉਂਦੇ ਹਨ ਕਿਉਂਕਿ ਉਨ੍ਹਾਂ ਦੀਆਂ ਸਿੱਖਿਆਵਾਂ ਬਾਈਬਲ ʼਤੇ ਆਧਾਰਿਤ ਹਨ। ਇਸ ਲਈ ਮੈਂ ਦੁਬਾਰਾ ਤੋਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ 2014 ਵਿਚ ਮੈਂ ਤੇ ਪੈਟਰੀਸ਼ੀਆ ਨੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲੈ ਲਿਆ।

ਅੱਜ ਮੇਰੀ ਜ਼ਿੰਦਗੀ

 ਮੈਨੂੰ ਯਹੋਵਾਹ ਦੇ ਗਵਾਹਾਂ ਦੀ ਮੰਡਲੀ ਬਹੁਤ ਪਸੰਦ ਹੈ ਕਿਉਂਕਿ ਸਾਡੇ ਪਰਮੇਸ਼ੁਰ ਵਾਂਗ ਇਹ ਵੀ ਸ਼ੁੱਧ ਹੈ। ਪਰਮੇਸ਼ੁਰ ਦੇ ਸੇਵਕ ਚੰਗੀਆਂ ਗੱਲਾਂ ਕਰਦੇ ਹਨ ਅਤੇ ਦੂਜਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ। ਉਹ ਸ਼ਾਂਤੀ ਬਣਾ ਕੇ ਰੱਖਦੇ ਹਨ ਅਤੇ ਇਕ-ਦੂਜੇ ਨੂੰ ਹੌਸਲਾ ਦਿੰਦੇ ਹਨ। ਉਨ੍ਹਾਂ ਵਿਚ ਏਕਤਾ ਹੈ। ਭਾਵੇਂ ਉਹ ਜਿਹੜੇ ਮਰਜ਼ੀ ਦੇਸ਼ ਵਿਚ ਰਹਿੰਦੇ ਹਨ ਜਾਂ ਜਿਹੜੀ ਮਰਜ਼ੀ ਭਾਸ਼ਾ ਬੋਲਦੇ ਹਨ, ਉਹ ਸਾਰਿਆਂ ਨੂੰ ਬਾਈਬਲ ਤੋਂ ਇੱਕੋ ਜਿਹੀ ਸਿੱਖਿਆ ਦਿੰਦੇ ਹਨ।

 ਮੈਨੂੰ ਬਾਈਬਲ ਦੀਆਂ ਗੱਲਾਂ ਸਿੱਖ ਕੇ ਮਜ਼ਾ ਆਇਆ। ਮਿਸਾਲ ਲਈ, ਮੈਂ ਸਿੱਖਿਆ ਕਿ ਯਹੋਵਾਹ ਸਰਬਸ਼ਕਤੀਮਾਨ ਤੇ ਅੱਤ ਮਹਾਨ ਪਰਮੇਸ਼ੁਰ ਹੈ। ਯਹੋਵਾਹ ਸਾਰੇ ਲੋਕਾਂ ਨੂੰ ਪਿਆਰ ਕਰਦਾ ਹੈ, ਚਾਹੇ ਉਹ ਸੁਣ ਸਕਦੇ ਹਨ ਜਾਂ ਨਹੀਂ। ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਪਰਮੇਸ਼ੁਰ ਮੈਨੂੰ ਪਿਆਰ ਕਰਦਾ ਹੈ। ਮੈਂ ਇਹ ਵੀ ਸਿੱਖਿਆ ਹੈ ਕਿ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ, ਅਸੀਂ ਤੰਦਰੁਸਤ ਹੋਵਾਂਗੇ ਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣ ਸਕਾਂਗੇ। ਮੈਂ ਇਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ!

 ਮੈਨੂੰ ਅਤੇ ਪੈਟਰੀਸ਼ੀਆ ਨੂੰ ਬੋਲ਼ੇ ਲੋਕਾਂ ਨਾਲ ਬਾਈਬਲ ਬਾਰੇ ਕਰ ਕੇ ਬਹੁਤ ਵਧੀਆ ਲੱਗਦਾ ਹੈ। ਅਸੀਂ ਹੁਣ ਆਪਣੇ ਪੁਰਾਣੇ ਚਰਚ ਦੇ ਕੁਝ ਮੈਂਬਰਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਹਾਂ। ਪਰ ਮੈਂ ਹੁਣ ਜੋ ਸਿਖਾਉਂਦਾ ਹਾਂ, ਉਸ ਬਾਰੇ ਮੇਰੇ ਮਨ ਵਿਚ ਕੋਈ ਸਵਾਲ ਨਹੀਂ ਹੈ, ਜਿੱਦਾਂ ਇਕ ਸਮੇਂ ʼਤੇ ਪਾਦਰੀ ਵਜੋਂ ਮੇਰੇ ਮਨ ਵਿਚ ਸਨ। ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਕੇ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਮਿਲ ਗਏ।