Skip to content

ਗੰਭੀਰ ਸਿਹਤ ਸਮੱਸਿਆ ਵੀ ਇਕ ਭੈਣ ਦੀ ਹਿੰਮਤ ਨਹੀਂ ਤੋੜ ਸਕੀ

ਗੰਭੀਰ ਸਿਹਤ ਸਮੱਸਿਆ ਵੀ ਇਕ ਭੈਣ ਦੀ ਹਿੰਮਤ ਨਹੀਂ ਤੋੜ ਸਕੀ

 ਵਰਜੀਨੀਆ ਯਹੋਵਾਹ ਦੀ ਗਵਾਹ ਹੈ ਅਤੇ ਉਸ ਨੂੰ ਇਕ ਅਜਿਹੀ ਬੀਮਾਰੀ ਹੈ (locked-in syndrome) ਜਿਸ ਕਰਕੇ ਉਸ ਦੇ ਪੂਰੇ ਸਰੀਰ ਨੂੰ ਅਧਰੰਗ ਹੈ। ਉਹ ਦੇਖ ਤੇ ਸੁਣ ਸਕਦੀ ਹੈ, ਆਪਣੀਆਂ ਅੱਖਾਂ ਝਮਕ ਸਕਦੀ ਹੈ ਅਤੇ ਮਾੜਾ-ਮੋਟਾ ਆਪਣਾ ਸਿਰ ਵੀ ਹਿਲਾ ਸਕਦੀ ਹੈ। ਪਰ ਉਹ ਨਾ ਤਾਂ ਬੋਲ ਸਕਦੀ ਹੈ ਅਤੇ ਨਾ ਹੀ ਕੁਝ ਖਾ ਸਕਦੀ ਹੈ। ਇਕ ਸਮੇਂ ʼਤੇ ਉਹ ਤੰਦਰੁਸਤ ਸੀ ਤੇ ਆਪਣੇ ਸਾਰੇ ਕੰਮ ਆਪ ਕਰਦੀ ਸੀ। ਪਰ 1997 ਦੀ ਇਕ ਸਵੇਰ ਉਸ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਬਹੁਤ ਜ਼ਿਆਦਾ ਤੇ ਲਗਾਤਾਰ ਦਰਦ ਹੋਈ। ਉਸ ਦਾ ਪਤੀ ਉਸ ਨੂੰ ਹਸਪਤਾਲ ਲੈ ਗਿਆ ਅਤੇ ਉਸੇ ਸ਼ਾਮ ਉਹ ਕੋਮਾ ਵਿਚ ਚਲੀ ਗਈ। ਦੋ ਹਫ਼ਤਿਆਂ ਬਾਅਦ ਜਦੋਂ ਉਸ ਨੂੰ ਹੋਸ਼ ਆਈ, ਤਾਂ ਉਹ ਆਈ. ਸੀ. ਯੂ. (intensive-care unit) ਵਿਚ ਸੀ। ਉਸ ਸਮੇਂ ਉਸ ਦੇ ਪੂਰੇ ਸਰੀਰ ਨੂੰ ਅਧਰੰਗ ਹੋ ਗਿਆ ਅਤੇ ਉਹ ਵੈਂਟੀਲੇਟਰ ʼਤੇ ਸੀ। ਕੁਝ ਦਿਨਾਂ ਤਕ ਉਸ ਨੂੰ ਕੁਝ ਵੀ ਯਾਦ ਨਹੀਂ ਸੀ, ਇੱਥੋਂ ਤਕ ਕਿ ਆਪਣਾ ਨਾਂ ਵੀ ਨਹੀਂ।

 ਵਰਜੀਨੀਆ ਦੱਸਦੀ ਹੈ ਕਿ ਅੱਗੇ ਕੀ ਹੋਇਆ। “ਹੌਲੀ-ਹੌਲੀ ਮੇਰੀ ਯਾਦਾਸ਼ਤ ਵਾਪਸ ਆਉਣੀ ਸ਼ੁਰੂ ਹੋਈ। ਮੈਂ ਰੋ-ਰੋ ਕੇ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ ਕਿਉਂਕਿ ਮੈਂ ਮਰਨਾ ਨਹੀਂ ਚਾਹੁੰਦੀ ਸੀ ਤੇ ਨਾ ਹੀ ਇਹ ਚਾਹੁੰਦੀ ਸੀ ਕਿ ਮੇਰਾ ਨੌਂ ਸਾਲਾਂ ਦਾ ਮੁੰਡਾ ਮਾਂ ਤੋਂ ਬਗੈਰ ਰਹੇ। ਮੈਂ ਜ਼ਿਆਦਾ ਤੋਂ ਜ਼ਿਆਦਾ ਬਾਈਬਲ ਦੀਆਂ ਆਇਤਾਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਮੈਂ ਹਿੰਮਤ ਤੋਂ ਕੰਮ ਲੈ ਸਕਾਂ।

 “ਫਿਰ ਡਾਕਟਰਾਂ ਨੇ ਮੈਨੂੰ ਆਮ ਵਾਰਡ ਵਿਚ ਭੇਜ ਦਿੱਤਾ। ਛੇ ਮਹੀਨੇ ਅਲੱਗ-ਅਲੱਗ ਹਸਪਤਾਲਾਂ ਵਿਚ ਇਲਾਜ ਕਰਾਉਣ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ। ਹਾਲੇ ਵੀ ਮੇਰੇ ਪੂਰੇ ਸਰੀਰ ਨੂੰ ਅਧਰੰਗ ਸੀ ਅਤੇ ਮੈਨੂੰ ਹਰ ਕੰਮ ਲਈ ਦੂਜਿਆਂ ਦੀ ਮਦਦ ਲੋੜ ਪੈਂਦੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਨਾ ਤਾਂ ਯਹੋਵਾਹ ਲਈ ਕੁਝ ਕਰ ਸਕਦੀ ਸੀ ਅਤੇ ਨਾ ਹੀ ਕਿਸੇ ਹੋਰ ਲਈ। ਮੈਨੂੰ ਇਹ ਵੀ ਚਿੰਤਾ ਸੀ ਕਿ ਮੈਂ ਆਪਣੇ ਮੁੰਡੇ ਦੀ ਵੀ ਦੇਖ-ਭਾਲ ਨਹੀਂ ਕਰ ਸਕਦੀ। ਇਸ ਕਰਕੇ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਗਈ।

 “ਮੈਂ ਉਨ੍ਹਾਂ ਭੈਣਾਂ-ਭਰਾਵਾਂ ਦੇ ਤਜਰਬੇ ਪੜ੍ਹਨੇ ਸ਼ੁਰੂ ਕਰ ਦਿੱਤੇ ਜੋ ਮੇਰੇ ਵਰਗੇ ਹਾਲਾਤਾਂ ਵਿੱਚੋਂ ਲੰਘ ਰਹੇ ਸਨ। ਮੈਂ ਹੈਰਾਨ ਰਹਿ ਗਈ ਕਿ ਉਹ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਵੀ ਯਹੋਵਾਹ ਲਈ ਕਿੰਨਾ ਕੁਝ ਕਰ ਰਹੇ ਸਨ। ਇਸ ਕਰਕੇ ਮੈਂ ਵੀ ਆਪਣਾ ਧਿਆਨ ਉਨ੍ਹਾਂ ਗੱਲਾਂ ʼਤੇ ਲਾਇਆ ਜੋ ਮੈਂ ਕਰ ਸਕਦੀ ਸੀ ਤਾਂਕਿ ਮੈਂ ਸਹੀ ਨਜ਼ਰੀਆ ਰੱਖ ਸਕਾਂ। ਬੀਮਾਰ ਪੈਣ ਤੋਂ ਪਹਿਲਾਂ ਮੇਰੇ ਕੋਲ ਬਾਈਬਲ ਦਾ ਅਧਿਐਨ ਕਰਨ, ਪ੍ਰਚਾਰ ਕਰਨ ਅਤੇ ਪ੍ਰਾਰਥਨਾ ਕਰਨ ਲਈ ਘੱਟ ਹੀ ਸਮਾਂ ਹੁੰਦਾ ਸੀ। ਪਰ ਹੁਣ ਮੈਂ ਹਰ ਰੋਜ਼ ਪੂਰਾ-ਪੂਰਾ ਦਿਨ ਇਹ ਕੰਮ ਕਰ ਸਕਦੀ ਸੀ। ਇਸ ਤਰ੍ਹਾਂ ਮੈਂ ਨਿਰਾਸ਼ਾ ਵਿਚ ਡੁੱਬਣ ਦੀ ਬਜਾਇ ਆਪਣਾ ਧਿਆਨ ਯਹੋਵਾਹ ਦੀ ਭਗਤੀ ʼਤੇ ਲਾਇਆ।

 “ਮੈਂ ਕੰਪਿਊਟਰ ਚਲਾਉਣਾ ਸਿੱਖਿਆ। ਮੈਂ ਇਕ ਅਜਿਹੇ ਪ੍ਰੋਗ੍ਰਾਮ ਨਾਲ ਟਾਈਪ ਕਰਨਾ ਸ਼ੁਰੂ ਕੀਤਾ ਜੋ ਮੇਰੇ ਸਿਰ ਦੇ ਇਸ਼ਾਰਿਆਂ ਨਾਲ ਕੰਮ ਕਰਦਾ ਹੈ। ਭਾਵੇਂ ਕਿ ਇਹ ਥਕਾ ਦੇਣ ਵਾਲਾ ਹੈ, ਫਿਰ ਵੀ ਇਸ ਤਕਨਾਲੋਜੀ ਕਰਕੇ ਮੈਂ ਬਾਈਬਲ ਦਾ ਅਧਿਐਨ ਕਰ ਪਾਉਂਦੀ ਹਾਂ ਅਤੇ ਚਿੱਠੀਆਂ ਤੇ ਈ-ਮੇਲਾਂ ਰਾਹੀਂ ਗਵਾਹੀ ਦੇ ਪਾਉਂਦੀ ਹਾਂ। ਨਾਲੇ ਜੋ ਲੋਕ ਮੇਰੇ ਕੋਲ ਹੁੰਦੇ ਹਨ, ਉਨ੍ਹਾਂ ਨਾਲ ਗੱਲ ਕਰਨ ਲਈ ਮੇਰੇ ਕੋਲ ਵਰਣਮਾਲਾ ਦੇ ਅੱਖਰਾਂ ਵਾਲਾ ਇਕ ਬੋਰਡ ਹੈ। ਮੇਰੇ ਨਾਲ ਜੋ ਵਿਅਕਤੀ ਹੁੰਦਾ ਹੈ, ਉਹ ਇਕ ਸਮੇਂ ʼਤੇ ਇੱਕੋ ਅੱਖਰ ʼਤੇ ਉਂਗਲ ਰੱਖਦਾ ਹੈ। ਜਦੋਂ ਉਹ ਗ਼ਲਤ ਅੱਖਰ ʼਤੇ ਉਂਗਲ ਰੱਖਦਾ ਹੈ, ਤਾਂ ਮੈਂ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਦਿੰਦੀ ਹਾਂ ਅਤੇ ਜਦੋਂ ਉਹ ਸਹੀ ਅੱਖਰ ʼਤੇ ਉਂਗਲ ਰੱਖਦਾ ਹੈ, ਤਾਂ ਮੈਂ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹਾਂ। ਇਸ ਤਰ੍ਹਾਂ ਅਸੀਂ ਸ਼ਬਦ ਅਤੇ ਵਾਕ ਬਣਾਉਂਦੇ ਹਾਂ। ਜੋ ਭੈਣਾਂ ਮੇਰੇ ਨਾਲ ਕਾਫ਼ੀ ਸਮਾਂ ਬਿਤਾਉਂਦੀਆਂ ਹਨ, ਉਹ ਝੱਟ ਹੀ ਸਮਝ ਜਾਂਦੀਆਂ ਹਨ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ। ਜਦੋਂ ਕਈ ਵਾਰ ਭੈਣਾਂ ਨੂੰ ਮੇਰਾ ਇਸ਼ਾਰਾ ਸਮਝ ਨਹੀਂ ਆਉਂਦਾ ਤੇ ਕੋਈ ਗ਼ਲਤ ਸ਼ਬਦ ਬਣ ਜਾਂਦਾ ਹੈ, ਤਾਂ ਉਸ ਵੇਲੇ ਸਾਨੂੰ ਬਹੁਤ ਹਾਸਾ ਆਉਂਦਾ ਹੈ।

ਵਰਣਮਾਲਾ ਦੇ ਅੱਖਰਾਂ ਵਾਲੇ ਬੋਰਡ ਦੇ ਜ਼ਰੀਏ ਗੱਲਬਾਤ

 “ਮੈਨੂੰ ਮੰਡਲੀ ਦੇ ਕੰਮਾਂ ਵਿਚ ਹਿੱਸਾ ਲੈ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਮੈਂ ਵੀਡੀਓ ਕਾਨਫ਼ਰੰਸ ਰਾਹੀਂ ਹਮੇਸ਼ਾ ਮੀਟਿੰਗਾਂ ਵਿਚ ਹਾਜ਼ਰ ਹੁੰਦੀ ਹਾਂ। ਮੈਂ ਮੀਟਿੰਗਾਂ ਵਿਚ ਜਵਾਬ ਵੀ ਦਿੰਦੀ ਹਾਂ। ਮੈਂ ਆਪਣਾ ਜਵਾਬ ਟਾਈਪ ਕਰਦੀ ਹਾਂ ਅਤੇ ਮੀਟਿੰਗ ਵਿਚ ਚਰਚਾ ਦੌਰਾਨ ਕੋਈ ਭੈਣ-ਭਰਾ ਮੇਰਾ ਜਵਾਬ ਪੜ੍ਹ ਦਿੰਦਾ ਹੈ। ਮੈਂ ਆਪਣੇ ਪ੍ਰਚਾਰ ਦੇ ਗਰੁੱਪ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ JW ਬ੍ਰਾਡਕਾਸਟਿੰਗ ਪ੍ਰੋਗ੍ਰਾਮ ਵੀ ਦੇਖਦੀ ਹਾਂ। a

 “ਹੁਣ ਮੈਨੂੰ ਇਸ ਬੀਮਾਰੀ ਨੂੰ ਝੱਲਦਿਆਂ 23 ਸਾਲ ਹੋ ਗਏ ਹਨ। ਇਸ ਕਰਕੇ ਮੈਂ ਕਦੇ-ਕਦੇ ਉਦਾਸ ਹੋ ਜਾਂਦੀ ਹਾਂ। ਇੱਦਾਂ ਦੇ ਮੌਕਿਆਂ ʼਤੇ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ, ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦੀ ਹਾਂ ਅਤੇ ਯਹੋਵਾਹ ਦੀ ਸੇਵਾ ਵਿਚ ਆਪਣੇ ਆਪ ਨੂੰ ਬਿਜ਼ੀ ਰੱਖਦੀ ਹਾਂ। ਦਰਅਸਲ ਆਪਣੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਸਦਕਾ ਮੈਂ ਛੇ ਤੋਂ ਵੀ ਜ਼ਿਆਦਾ ਸਾਲਾਂ ਤੋਂ ਔਗਜ਼ੀਲਰੀ ਪਾਇਨੀਅਰਿੰਗ ਕਰ ਪਾ ਰਹੀ ਹਾਂ। ਮੈਂ ਆਪਣੇ ਮੁੰਡੇ ਐਲਾਸੈਂਦਰੋ ਲਈ ਚੰਗੀ ਮਿਸਾਲ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਉਸ ਦਾ ਵਿਆਹ ਹੋ ਗਿਆ ਹੈ ਅਤੇ ਉਹ ਮੰਡਲੀ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਨਾਲੇ ਉਹ ਆਪਣੀ ਪਤਨੀ ਨਾਲ ਮਿਲ ਕੇ ਰੈਗੂਲਰ ਪਾਇਨੀਅਰਿੰਗ ਵੀ ਕਰਦਾ ਹੈ।

 “ਮੈਂ ਅਕਸਰ ਉਨ੍ਹਾਂ ਕੰਮਾਂ ਬਾਰੇ ਸੋਚਦੀ ਹਾਂ ਜੋ ਮੈਂ ਨਵੀਂ ਦੁਨੀਆਂ ਵਿਚ ਕਰ ਸਕਾਂਗੀ। ਸਭ ਤੋਂ ਪਹਿਲਾਂ ਤਾਂ ਮੈਂ ਆਪ ਬੋਲ ਕੇ ਯਹੋਵਾਹ ਬਾਰੇ ਗੱਲਾਂ ਕਰਨੀਆਂ ਚਾਹਾਂਗੀ। ਮੈਂ ਆਪ ਆਪਣੇ ਪੈਰਾਂ ʼਤੇ ਤੁਰ ਕੇ ਨਦੀ ਕਿਨਾਰੇ ਚੱਲਦੇ ਹੋਏ ਖ਼ੂਬਸੂਰਤ ਨਜ਼ਾਰਿਆਂ ਦਾ ਮਜ਼ਾ ਲੈਣਾ ਚਾਹਾਂਗੀ। ਪਿਛਲੇ 20 ਸਾਲਾਂ ਤੋਂ ਮੈਨੂੰ ਟਿਊਬਾਂ ਰਾਹੀਂ ਖਾਣਾ ਦਿੱਤਾ ਜਾ ਰਿਹਾ ਹੈ। ਇਸ ਲਈ ਮੈਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ ਜਦੋਂ ਮੈਂ ਆਪ ਦਰਖ਼ਤ ਤੋਂ ਸੇਬ ਤੋੜ ਕੇ ਚਬਾ-ਚਬਾ ਕੇ ਖਾਵਾਂਗੀ। ਨਾਲੇ ਇਟਲੀ ਤੋਂ ਹੋਣ ਕਰਕੇ ਮੈਂ ਆਪਣਾ ਮੰਨ-ਪਸੰਦ ਇਤਾਲਵੀ ਖਾਣਾ ਬਣਾਵਾਂਗੀ ਅਤੇ ਖਾਵਾਂਗੀ, ਖ਼ਾਸ ਕਰਕੇ ਪੀਜ਼ਾ!

 “‘ਮੁਕਤੀ ਦੀ ਉਮੀਦ’ ਕਰਕੇ ਮੈਂ ਆਪਣੀਆਂ ਸੋਚਾਂ ʼਤੇ ਕਾਬੂ ਪਾ ਸਕੀ ਹਾਂ। (1 ਥੱਸਲੁਨੀਕੀਆਂ 5:8) ਜਦੋਂ ਮੈਂ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖਦੀ ਹਾਂ, ਤਾਂ ਮੈਂ ਆਪਣੀਆਂ ਸਰੀਰਕ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਵੀ ਖ਼ੁਸ਼ ਰਹਿ ਪਾਉਂਦੀ ਹਾਂ। ਮੈਨੂੰ ਪੱਕਾ ਭਰੋਸਾ ਹੈ ਕਿ ਮੈਂ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵਾਂਗੀ। ਜੀ ਹਾਂ, ਮੈਂ ‘ਅਸਲੀ ਜ਼ਿੰਦਗੀ’ ਦਾ ਮਜ਼ਾ ਲੈਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ ਜੋ ਯਹੋਵਾਹ ਨੇ ਸਾਨੂੰ ਆਪਣੇ ਰਾਜ ਰਾਹੀਂ ਦੇਣ ਦਾ ਵਾਅਦਾ ਕੀਤਾ ਹੈ।”—1 ਤਿਮੋਥਿਉਸ 6:19; ਮੱਤੀ 6:9, 10.

a jw.org ʼਤੇ JW ਬ੍ਰਾਡਕਾਸਟਿੰਗ ਲਈ ਲਿੰਕ ਦੇਖੋ।