Skip to content

Skip to table of contents

ਰੱਬ ਬਾਰੇ ਜਾਣੋ ਤੇ ਉਸ ਦੇ ਨੇੜੇ ਜਾਓ

ਰੱਬ ਬਾਰੇ ਜਾਣੋ ਤੇ ਉਸ ਦੇ ਨੇੜੇ ਜਾਓ

ਸਾਡਾ ਸਿਰਜਣਹਾਰ ਸਿਰਫ਼ ਤਾਕਤਵਰ ਹੀ ਨਹੀਂ ਹੈ, ਸਗੋਂ ਉਸ ਵਿਚ ਬਹੁਤ ਵਧੀਆ ਗੁਣ ਵੀ ਹਨ। ਰੱਬ ਨੇ ਸਾਨੂੰ ਆਪਣੇ ਬਾਰੇ ਬਹੁਤ ਕੁਝ ਦੱਸਿਆ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਸਿੱਖੀਏ ਅਤੇ ਉਸ ਦੇ ਨੇੜੇ ਜਾਈਏ। (ਯੂਹੰਨਾ 17:3; ਯਾਕੂਬ 4:8) ਆਓ ਉਸ ਬਾਰੇ ਕੁਝ ਗੱਲਾਂ ਜਾਣੀਏ।

ਰੱਬ ਦਾ ਇਕ ਨਾਂ ਹੈ

“ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ, ਸਾਰੀ ਧਰਤੀ ’ਤੇ ਅੱਤ ਮਹਾਨ ਹੈਂ।”​—ਜ਼ਬੂਰ 83:18.

ਧਰਮ-ਗ੍ਰੰਥ ਵਿਚ ਲਿਖਿਆ ਹੈ ਕਿ ਅਸਲ ਵਿਚ ਇੱਕੋ-ਇਕ ਸੱਚਾ ਰੱਬ ਹੈ। ਉਸ ਦਾ ਨਾਂ ਯਹੋਵਾਹ ਹੈ। ਉਸ ਨੇ ਸੂਰਜ, ਚੰਦ, ਤਾਰੇ, ਧਰਤੀ ਤੇ ਸਾਰੇ ਜੀਵ-ਜੰਤੂਆਂ ਨੂੰ ਬਣਾਇਆ ਹੈ। ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ।—ਪ੍ਰਕਾਸ਼ ਦੀ ਕਿਤਾਬ 4:11.

ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ

“ਪਰਮੇਸ਼ੁਰ ਪਿਆਰ ਹੈ।”​—1 ਯੂਹੰਨਾ 4:8.

ਜੇ ਅਸੀਂ ਬਾਈਬਲ ਪੜ੍ਹੀਏ ਤੇ ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਧਿਆਨ ਨਾਲ ਦੇਖੀਏ, ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਕਿੰਨਾ ਭਲਾ ਹੈ। ਉਸ ਦਾ ਮੁੱਖ ਗੁਣ ਪਿਆਰ ਹੈ। ਉਹ ਜੋ ਵੀ ਕਰਦਾ ਹੈ, ਪਿਆਰ ਕਰਕੇ ਕਰਦਾ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਬਾਰੇ ਸਿੱਖਾਂਗੇ, ਉੱਨਾ ਜ਼ਿਆਦਾ ਅਸੀਂ ਉਸ ਨਾਲ ਪਿਆਰ ਕਰਾਂਗੇ।

ਯਹੋਵਾਹ ਮਾਫ਼ ਕਰਦਾ ਹੈ

“ਤੂੰ ਅਜਿਹਾ ਪਰਮੇਸ਼ੁਰ ਹੈਂ ਜੋ ਮਾਫ਼ ਕਰਨ ਲਈ ਤਿਆਰ ਰਹਿੰਦਾ।”​—ਨਹਮਯਾਹ 9:17.

ਯਹੋਵਾਹ ਜਾਣਦਾ ਹੈ ਕਿ ਸਾਡੇ ਤੋਂ ਜਾਣੇ-ਅਣਜਾਣੇ ਵਿਚ ਬਹੁਤ ਸਾਰੀਆਂ ਗ਼ਲਤੀਆਂ ਹੋ ਜਾਂਦੀਆਂ ਹਨ। ਇਸ ਕਰਕੇ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਜੇ ਸਾਨੂੰ ਆਪਣੀ ਗ਼ਲਤੀ ’ਤੇ ਸ਼ਰਮਿੰਦਗੀ ਹੋਵੇ, ਅਸੀਂ ਯਹੋਵਾਹ ਤੋਂ ਮਾਫ਼ੀ ਮੰਗੀਏ ਅਤੇ ਕੋਸ਼ਿਸ਼ ਕਰੀਏ ਕਿ ਉਹ ਗ਼ਲਤੀ ਅਸੀਂ ਦੁਬਾਰਾ ਨਾ ਕਰੀਏ, ਤਾਂ ਉਹ ਸਾਨੂੰ ਮਾਫ਼ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਉਸ ਗ਼ਲਤੀ ਦੀ ਸਜ਼ਾ ਨਹੀਂ ਦਿੰਦਾ।—ਜ਼ਬੂਰ 103:12, 13.

ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ

“ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ . . . ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਸੁਣਦਾ ਹੈ।”​—ਜ਼ਬੂਰ 145:18, 19.

ਯਹੋਵਾਹ ਨੂੰ ਪ੍ਰਾਰਥਨਾ ਕਰਨ ਲਈ ਸਾਨੂੰ ਕਿਸੇ ਰੀਤੀ-ਰਿਵਾਜ ਨੂੰ ਮੰਨਣ ਜਾਂ ਮੂਰਤੀਆਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਉਹ ਹਮੇਸ਼ਾ ਧਿਆਨ ਨਾਲ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਿੱਦਾਂ ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਦੀ ਗੱਲ ਸੁਣਦੇ ਹਨ।