Skip to content

Skip to table of contents

ਮੁਲਾਕਾਤ | ਯਾਨ-ਡਰ ਸ਼ੂ

ਇਕ ਭਰੂਣ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਇਕ ਭਰੂਣ-ਵਿਗਿਆਨੀ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ

ਪ੍ਰੋਫ਼ੈਸਰ ਯਾਨ-ਡਰ ਸ਼ੂ ਤਾਈਵਾਨ ਦੀ ਸਾਇੰਸ ਅਤੇ ਤਕਨਾਲੋਜੀ ਦੀ ਨੈਸ਼ਨਲ ਪਿੰਗਟੋਂਗ ਯੂਨੀਵਰਸਿਟੀ ਦਾ ਡਾਇਰੈਕਟਰ ਹੈ ਜਿੱਥੇ ਭਰੂਣਾਂ ’ਤੇ ਖੋਜਬੀਨ ਕੀਤੀ ਜਾਂਦੀ ਹੈ। ਪਹਿਲਾਂ ਉਹ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦਾ ਸੀ, ਪਰ ਬਾਅਦ ਵਿਚ ਉਹ ਰਿਸਰਚ ਵਿਗਿਆਨੀ ਬਣ ਗਿਆ ਜਿਸ ਕਰਕੇ ਉਸ ਦਾ ਮਨ ਬਦਲ ਗਿਆ। ਉਸ ਨੇ ਜਾਗਰੂਕ ਬਣੋ! ਨੂੰ ਇਸ ਦੇ ਕਾਰਨਾਂ ਬਾਰੇ ਦੱਸਿਆ।

ਸਾਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ।

ਮੇਰਾ ਜਨਮ 1966 ਵਿਚ ਹੋਇਆ ਤੇ ਮੈਂ ਤਾਈਵਾਨ ਵਿਚ ਵੱਡਾ ਹੋਇਆ। ਮੇਰੇ ਮਾਤਾ-ਪਿਤਾ ਤਾਓਵਾਦੀਆਂ ਤੇ ਬੋਧੀਆਂ ਵਾਂਗ ਭਗਤੀ ਕਰਦੇ ਸਨ। ਭਾਵੇਂ ਕਿ ਅਸੀਂ ਜਠੇਰਿਆਂ ਦੀ ਭਗਤੀ ਅਤੇ ਮੂਰਤੀਆਂ ਅੱਗੇ ਪ੍ਰਾਰਥਨਾ ਕਰਦੇ ਸੀ, ਪਰ ਅਸੀਂ ਕਦੇ ਵੀ ਨਹੀਂ ਸੀ ਸੋਚਿਆ ਕਿ ਰੱਬ ਨੇ ਸਭ ਕੁਝ ਬਣਾਇਆ ਹੈ।

ਤੁਸੀਂ ਜੀਵ-ਵਿਗਿਆਨ ਦੀ ਪੜ੍ਹਾਈ ਕਿਉਂ ਕੀਤੀ?

ਬਚਪਨ ਵਿਚ ਮੈਨੂੰ ਜਾਨਵਰਾਂ ਦੀ ਦੇਖ-ਭਾਲ ਕਰਨੀ ਬਹੁਤ ਚੰਗੀ ਲੱਗਦੀ ਸੀ ਅਤੇ ਮੈਂ ਜਾਣਨਾ ਚਾਹੁੰਦਾ ਸੀ ਕਿ ਜਾਨਵਰਾਂ ਤੇ ਲੋਕਾਂ ਨੂੰ ਦੁੱਖਾਂ ਤੋਂ ਕਿਵੇਂ ਛੁਟਕਾਰਾ ਦਿਵਾਇਆ ਜਾਵੇ। ਕੁਝ ਸਮੇਂ ਲਈ ਮੈਂ ਜਾਨਵਰਾਂ ਦੇ ਇਲਾਜ ਬਾਰੇ ਪੜ੍ਹਾਈ ਕੀਤੀ ਤੇ ਬਾਅਦ ਵਿਚ ਮੈਂ ਭਰੂਣ-ਵਿਗਿਆਨ ਦੀ ਪੜ੍ਹਾਈ ਕੀਤੀ। ਮੈਂ ਸੋਚਿਆ ਕਿ ਇਸ ਤਰ੍ਹਾਂ ਕਰ ਕੇ ਮੈਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ।

ਤੁਸੀਂ ਉਸ ਸਮੇਂ ਵਿਕਾਸਵਾਦ ਦੀ ਸਿੱਖਿਆ ਨੂੰ ਮੰਨਦੇ ਸੀ, ਕੀ ਤੁਸੀਂ ਦੱਸ ਸਕਦੇ ਹੋ ਕਿਉਂ?

ਯੂਨੀਵਰਸਿਟੀ ਦੇ ਪ੍ਰੋਫ਼ੈਸਰ ਵਿਕਾਸਵਾਦ ਦੀ ਸਿੱਖਿਆ ਦਿੰਦੇ ਸੀ ਅਤੇ ਉਹ ਦਾਅਵਾ ਕਰਦੇ ਸਨ ਕਿ ਇਸ ਗੱਲ ਦੇ ਸਬੂਤ ਹਨ। ਮੈਂ ਉਨ੍ਹਾਂ ’ਤੇ ਯਕੀਨ ਕਰਦਾ ਸੀ।

ਤੁਸੀਂ ਬਾਈਬਲ ਪੜ੍ਹਨੀ ਕਿਉਂ ਸ਼ੁਰੂ ਕੀਤੀ?

ਇਸ ਤਰ੍ਹਾਂ ਕਰਨ ਦੇ ਦੋ ਮਕਸਦ ਸਨ। ਪਹਿਲਾ, ਮੈਂ ਸੋਚਿਆ ਕਿ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਹਨ ਤੇ ਕੋਈ ਇਕ ਤਾਂ ਸਾਰਿਆਂ ਤੋਂ ਵੱਡਾ ਹੋਣਾ ਚਾਹੀਦਾ। ਪਰ ਕੌਣ? ਦੂਜਾ, ਮੈਂ ਜਾਣਦਾ ਸੀ ਕਿ ਬਾਈਬਲ ਦਾ ਬਹੁਤ ਜ਼ਿਆਦਾ ਆਦਰ ਕੀਤਾ ਜਾਂਦਾ ਹੈ। ਇਸ ਲਈ ਮੈਂ ਬਾਈਬਲ ਦੀਆਂ ਕਲਾਸਾਂ ਵਿਚ ਜਾਣ ਲੱਗ ਪਿਆ।

ਜਦੋਂ ਮੈਂ 1992 ਵਿਚ ਬੈਲਜੀਅਮ ਦੀ ਕੈਥੋਲਿਕ ਯੂਨੀਵਰਸਿਟੀ ਲੂਵੇਨ ਵਿਚ ਪੜ੍ਹਾਈ ਸ਼ੁਰੂ ਕੀਤੀ, ਤਾਂ ਮੈਂ ਉੱਥੋਂ ਦੇ ਇਕ ਕੈਥੋਲਿਕ ਚਰਚ ਵਿਚ ਗਿਆ ਤੇ ਪਾਦਰੀ ਨੂੰ ਪੁੱਛਿਆ ਕਿ ਉਹ ਬਾਈਬਲ ਨੂੰ ਸਮਝਣ ਵਿਚ ਮੇਰੀ ਮਦਦ ਕਰੇ, ਪਰ ਉਸ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ।

ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਕਿੱਦਾਂ ਮਿਲੇ?

ਦੋ ਸਾਲਾਂ ਬਾਅਦ ਜਦੋਂ ਮੈਂ ਬੈਲਜੀਅਮ ਵਿਚ ਵਿਗਿਆਨ ਸੰਬੰਧੀ ਖੋਜਬੀਨ ਕਰ ਰਿਹਾ ਸੀ, ਤਾਂ ਮੈਂ ਉੱਥੇ ਪੋਲੈਂਡ ਦੀ ਇਕ ਤੀਵੀਂ ਰੂਥ ਨੂੰ ਮਿਲਿਆ ਜੋ ਯਹੋਵਾਹ ਦੀ ਗਵਾਹ ਸੀ। ਉਸ ਨੇ ਚੀਨੀ ਭਾਸ਼ਾ ਸਿੱਖੀ ਸੀ ਤਾਂਕਿ ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਕਰ ਸਕੇ ਜੋ ਰੱਬ ਬਾਰੇ ਜਾਣਨਾ ਚਾਹੁੰਦੇ ਸੀ। ਮੈਂ ਇਹੋ ਜਿਹੀ ਮਦਦ ਲਈ ਪ੍ਰਾਰਥਨਾ ਕੀਤੀ ਸੀ, ਇਸ ਲਈ ਉਸ ਨੂੰ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।

ਰੂਥ ਨੇ ਮੈਨੂੰ ਦਿਖਾਇਆ ਕਿ ਭਾਵੇਂ ਬਾਈਬਲ ਵਿਗਿਆਨ ਦੀ ਕਿਤਾਬ ਨਹੀਂ ਹੈ, ਪਰ ਇਹ ਵਿਗਿਆਨ ਨਾਲ ਮੇਲ ਖਾਂਦੀ ਹੈ। ਮਿਸਾਲ ਲਈ, ਬਾਈਬਲ ਦੇ ਲਿਖਾਰੀ ਦਾਊਦ ਨੇ ਪ੍ਰਾਰਥਨਾ ਵਿਚ ਰੱਬ ਨੂੰ ਕਿਹਾ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।” (ਜ਼ਬੂਰਾਂ ਦੀ ਪੋਥੀ 139:16) ਭਾਵੇਂ ਕਿ ਦਾਊਦ ਨੇ ਇੱਥੇ ਸ਼ਾਇਰਾਨਾ ਭਾਸ਼ਾ ਵਰਤੀ ਸੀ, ਪਰ ਅਸਲ ਵਿਚ ਉਸ ਦੀ ਗੱਲ ਸਹੀ ਸੀ! ਮਤਲਬ ਕਿ ਸਰੀਰ ਦੇ ਅੰਗ ਬਣਨ ਤੋਂ ਪਹਿਲਾਂ ਹੀ ਇਨ੍ਹਾਂ ਦੇ ਬਣਨ ਦੀਆਂ ਹਿਦਾਇਤਾਂ ਹੁੰਦੀਆਂ ਹਨ। ਬਾਈਬਲ ਵਿਚ ਦੱਸੀਆਂ ਸੱਚੀਆਂ ਗੱਲਾਂ ਕਰਕੇ ਮੈਨੂੰ ਯਕੀਨ ਹੋ ਗਿਆ ਕਿ ਇਹ ਰੱਬ ਦਾ ਬਚਨ ਹੈ। ਮੈਨੂੰ ਇਹ ਵੀ ਸਮਝ ਲੱਗਣ ਲੱਗ ਪਈ ਕਿ ਇੱਕੋ-ਇਕ ਸੱਚਾ ਰੱਬ ਹੈ ਜਿਸ ਦਾ ਨਾਂ ਯਹੋਵਾਹ ਹੈ। 1

ਕਿਸ ਗੱਲ ਕਰਕੇ ਤੁਹਾਨੂੰ ਯਕੀਨ ਹੋਇਆ ਕਿ ਰੱਬ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ?

ਵਿਗਿਆਨ ਸੰਬੰਧੀ ਖੋਜ ਕਰਨ ਦਾ ਮਕਸਦ ਹੈ ਸੱਚਾਈ ਲੱਭਣੀ ਨਾ ਕਿ ਪੁਰਾਣੇ ਵਿਚਾਰਾਂ ਨੂੰ ਸਹੀ ਠਹਿਰਾਉਣ ਵਾਸਤੇ ਸਬੂਤ ਲੱਭਣੇ। ਭਰੂਣ ਦੇ ਵਿਕਾਸ ਬਾਰੇ ਅਧਿਐਨ ਕਰਕੇ ਮੇਰੀ ਸੋਚ ਹੀ ਬਦਲ ਗਈ। ਮੈਂ ਸਿੱਟਾ ਕੱਢਿਆ ਕਿ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਗਈ ਸੀ। ਮਿਸਾਲ ਲਈ, ਇੰਜੀਨੀਅਰ ਕਿਸੇ ਚੀਜ਼ ਨੂੰ ਇਸ ਤਰ੍ਹਾਂ ਬਣਾਉਂਦੇ ਹਨ ਕਿ ਉਸ ਦੇ ਸਾਰੇ ਪੁਰਜੇ ਇਕ-ਇਕ ਕਰ ਕੇ ਉਸੇ ਜਗ੍ਹਾ ਸਹੀ ਤਰੀਕੇ ਨਾਲ ਫਿੱਟ ਹੋ ਜਾਂਦੇ ਹਨ ਜਿਸ ਜਗ੍ਹਾ ਲਈ ਉਨ੍ਹਾਂ ਨੂੰ ਬਣਾਇਆ ਗਿਆ ਹੈ। ਭਰੂਣ ਦਾ ਵਿਕਾਸ ਵੀ ਇਸੇ ਤਰ੍ਹਾਂ ਹੁੰਦਾ ਹੈ, ਪਰ ਹੋਰ ਵੀ ਗੁੰਝਲਦਾਰ ਤਰੀਕੇ ਨਾਲ।

ਇਹ ਪ੍ਰਕ੍ਰਿਆ ਸਿਰਫ਼ ਇਕ ਸੈੱਲ ਨਾਲ ਸ਼ੁਰੂ ਹੁੰਦੀ ਹੈ, ਹੈ ਨਾ?

ਹਾਂ। ਇਹ ਸੂਖਮ ਸੈੱਲ ਟੁੱਟ ਜਾਂਦਾ ਹੈ ਅਤੇ ਉਸ ਤੋਂ ਹੋਰ ਸੈੱਲ ਬਣਨ ਦੀ ਪ੍ਰਕ੍ਰਿਆ ਸ਼ੁਰੂ ਹੋ ਜਾਂਦੀ ਹੈ। ਕੁਝ ਸਮੇਂ ਲਈ ਹਰ 12-24 ਘੰਟਿਆਂ ਵਿਚ ਇਨ੍ਹਾਂ ਸੈੱਲਾਂ ਦੀ ਗਿਣਤੀ ਦੁਗਣੀ ਹੋ ਜਾਂਦੀ ਹੈ। ਇਸ ਸ਼ੁਰੂਆਤੀ ਪ੍ਰਕ੍ਰਿਆ ਵਿਚ ਉਹ ਸੈੱਲ ਬਣਦੇ ਹਨ ਜਿਨ੍ਹਾਂ ਨੂੰ ਸਟੈੱਮ ਸੈੱਲ ਕਹਿੰਦੇ ਹਨ। 2 ਅੱਗੋਂ ਸਟੈੱਮ ਸੈੱਲ ਕਈ ਤਰ੍ਹਾਂ ਦੇ 200 ਜਾਂ ਇਸ ਤੋਂ ਜ਼ਿਆਦਾ ਸੈੱਲ ਬਣਾ ਸਕਦੇ ਹਨ ਜੋ ਪੂਰਾ ਬੱਚਾ ਬਣਨ ਲਈ ਜ਼ਰੂਰੀ ਹਨ, ਜਿਵੇਂ ਖ਼ੂਨ ਦੇ ਸੈੱਲ, ਹੱਡੀਆਂ ਦੇ ਸੈੱਲ, ਤੰਤੂ ਸੈੱਲ ਆਦਿ।

ਭਰੂਣ ਦੇ ਵਿਕਾਸ ਬਾਰੇ ਅਧਿਐਨ ਕਰ ਕੇ ਮੈਂ ਸਿੱਟਾ ਕੱਢਿਆ ਕਿ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਗਈ ਸੀ

ਸਹੀ ਸੈੱਲ ਸਹੀ ਤਰਤੀਬ ਅਨੁਸਾਰ ਸਹੀ ਜਗ੍ਹਾ ’ਤੇ ਪੈਦਾ ਹੁੰਦੇ ਹਨ। ਪਹਿਲਾਂ ਇਹ ਸੈੱਲ ਟਿਸ਼ੂਆਂ ਵਿਚ ਬਦਲਦੇ ਹਨ ਤੇ ਫਿਰ ਇਹ ਟਿਸ਼ੂ ਅੰਗਾਂ ਅਤੇ ਲੱਤਾਂ-ਬਾਹਾਂ ਵਿਚ ਬਦਲ ਜਾਂਦੇ ਹਨ। ਕਿਹੜਾ ਇੰਜੀਨੀਅਰ ਹੈ ਜਿਹੜਾ ਇਹੋ ਜਿਹੀ ਪ੍ਰਕ੍ਰਿਆ ਦੀਆਂ ਹਿਦਾਇਤਾਂ ਲਿਖਣ ਦਾ ਸੁਪਨਾ ਵੀ ਲੈ ਸਕਦਾ ਹੈ? ਭਰੂਣ ਦੇ ਵਿਕਾਸ ਦੀਆਂ ਸਾਰੀਆਂ ਹਿਦਾਇਤਾਂ ਸ਼ਾਨਦਾਰ ਢੰਗ ਨਾਲ ਡੀ. ਐੱਨ. ਏ. ਵਿਚ ਲਿਖੀਆਂ ਗਈਆਂ ਹਨ। ਜਦੋਂ ਮੈਂ ਇਸ ਕਮਾਲ ਦੀ ਪ੍ਰਕ੍ਰਿਆ ’ਤੇ ਸੋਚ-ਵਿਚਾਰ ਕਰਦਾ ਹਾਂ, ਤਾਂ ਮੇਰਾ ਯਕੀਨ ਪੱਕਾ ਹੁੰਦਾ ਹੈ ਕਿ ਰੱਬ ਨੇ ਹੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ।

ਤੁਸੀਂ ਯਹੋਵਾਹ ਦੇ ਗਵਾਹ ਕਿਉਂ ਬਣੇ?

ਜੇ ਮੈਂ ਇਕ ਸ਼ਬਦ ਵਿਚ ਜਵਾਬ ਦੇਵਾਂ, ਤਾਂ ਉਹ ਹੈ ਪਿਆਰ। ਯਿਸੂ ਮਸੀਹ ਨੇ ਕਿਹਾ ਸੀ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਹ ਪਿਆਰ ਪੱਖ-ਪਾਤ ਨਹੀਂ ਕਰਦਾ। ਇਹ ਪਿਆਰ ਕੌਮ, ਸਭਿਆਚਾਰ ਜਾਂ ਰੰਗ ਦਾ ਭੇਦ-ਭਾਵ ਨਹੀਂ ਕਰਦਾ। ਮੈਂ ਇਸ ਤਰ੍ਹਾਂ ਦੇ ਪਿਆਰ ਨੂੰ ਦੇਖਿਆ ਤੇ ਮਹਿਸੂਸ ਕੀਤਾ ਜਦੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਸੰਗਤੀ ਸ਼ੁਰੂ ਕੀਤੀ। ▪ (g16-E No. 2)

^ 2. ਪ੍ਰੋਫ਼ੈਸਰ ਯਾਨ-ਡਰ ਸ਼ੂ ਨੇ ਪ੍ਰਯੋਗ [ਯਾਨੀ ਜਾਂਚ ਜਾਂ ਅਧਿਐਨ] ਕਰਨ ਲਈ ਇਨਸਾਨੀ ਭਰੂਣ ਦੇ ਸਟੈੱਮ ਸੈੱਲਾਂ ਨੂੰ ਵਰਤਣਾ ਛੱਡ ਦਿੱਤਾ ਹੈ। ਉਹ ਸਿਰਫ਼ ਜਾਨਵਰਾਂ ਦੇ ਭਰੂਣਾਂ ਦੇ ਸੈੱਲ ਹੀ ਵਰਤਦਾ ਹੈ।