Skip to content

Skip to table of contents

ਮਿਹਨਤ ਕਰਨੀ ਸਿੱਖਣੀ ਕਸਰਤ ਕਰਨ ਵਾਂਗ ਹੈ। ਇਸ ਦਾ ਤੁਹਾਨੂੰ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਵੀ ਫ਼ਾਇਦਾ ਹੋਵੇਗਾ

ਨੌਜਵਾਨਾਂ ਲਈ

11: ਮਿਹਨਤੀ ਬਣੋ

11: ਮਿਹਨਤੀ ਬਣੋ

ਇਸ ਦਾ ਕੀ ਮਤਲਬ ਹੈ?

ਮਿਹਨਤੀ ਲੋਕ ਕੰਮ ਕਰਨ ਤੋਂ ਕਤਰਾਉਂਦੇ ਨਹੀਂ ਹਨ। ਇਸ ਦੀ ਬਜਾਇ, ਭਾਵੇਂ ਉਨ੍ਹਾਂ ਦਾ ਕੰਮ ਬਹੁਤ ਸ਼ਾਨੋ-ਸ਼ੌਕਤ ਵਾਲਾ ਨਾ ਵੀ ਹੋਵੇ, ਫਿਰ ਵੀ ਉਨ੍ਹਾਂ ਨੂੰ ਮਿਹਨਤ ਕਰਨੀ ਪਸੰਦ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ ਤੇ ਦੂਸਰਿਆਂ ਦੀ ਵੀ ਮਦਦ ਕਰ ਸਕਦੇ ਹਨ।

ਇਹ ਜ਼ਰੂਰੀ ਕਿਉਂ ਹੈ?

ਭਾਵੇਂ ਅਸੀਂ ਮੰਨੀਏ ਜਾਂ ਨਾ ਮੰਨੀਏ, ਪਰ ਸਾਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅਸੀਂ ਇਸ ਤਰ੍ਹਾਂ ਦੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕਾਂ ਨੂੰ ਮਿਹਨਤ ਕਰਨੀ ਪਸੰਦ ਨਹੀਂ, ਪਰ ਮਿਹਨਤੀ ਬਣਨ ਨਾਲ ਤੁਹਾਨੂੰ ਫ਼ਾਇਦਾ ਹੁੰਦਾ ਹੈ।​—ਉਪਦੇਸ਼ਕ ਦੀ ਪੋਥੀ 3:13.

“ਮੈਂ ਇਹ ਗੱਲ ਦੇਖੀ ਹੈ ਕਿ ਜਦੋਂ ਅਸੀਂ ਮਿਹਨਤੀ ਬਣਦੇ ਹਾਂ, ਤਾਂ ਸਾਨੂੰ ਆਪਣੇ ਆਪ ʼਤੇ ਫ਼ਖ਼ਰ ਮਹਿਸੂਸ ਹੁੰਦਾ ਹੈ ਅਤੇ ਸਾਡੇ ਮਨ ਨੂੰ ਤਸੱਲੀ ਹੁੰਦੀ ਹੈ। ਮਨ ਦੀ ਤਸੱਲੀ ਹੋਣ ਕਰਕੇ ਮੈਂ ਕੰਮ ਨੂੰ ਪਸੰਦ ਕਰਨਾ ਸਿੱਖਿਆ। ਕੰਮ ਕਰਨ ਦੀਆਂ ਚੰਗੀਆਂ ਆਦਤਾਂ ਪਾਉਣ ਨਾਲ ਦੂਜਿਆਂ ਦੀਆਂ ਨਜ਼ਰਾਂ ਵਿਚ ਤੁਹਾਡੀ ਇੱਜ਼ਤ ਵੀ ਬਣੇਗੀ।”​—ਰੇਓਨ।

ਬਾਈਬਲ ਦਾ ਅਸੂਲ: “ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।”​—ਕਹਾਉਤਾਂ 14:23, CL.

ਤੁਸੀਂ ਕੀ ਕਰ ਸਕਦੇ ਹੋ?

ਥੱਲੇ ਦਿੱਤੇ ਕਦਮ ਚੁੱਕਣ ਨਾਲ ਤੁਸੀਂ ਕੰਮ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹੋ।

ਕੰਮ ਨੂੰ ਸਹੀ ਤਰੀਕੇ ਨਾਲ ਕਰਨਾ ਸਿੱਖੋ। ਭਾਵੇਂ ਤੁਸੀਂ ਕੋਈ ਛੋਟਾ-ਮੋਟਾ ਕੰਮ ਕਰਦੇ ਹੋ, ਸਕੂਲ ਦਾ ਕੰਮ ਕਰਦੇ ਹੋ ਜਾਂ ਕੋਈ ਹੋਰ ਕੰਮ-ਧੰਦਾ ਕਰਦੇ ਹੋ, ਉਹ ਕੰਮ ਪੂਰਾ ਦਿਲ ਲਾ ਕੇ ਕਰੋ। ਜਦੋਂ ਤੁਸੀਂ ਆਪਣਾ ਕੰਮ ਪੂਰਾ ਕਰ ਲੈਂਦੇ ਹੋ, ਤਾਂ ਸੋਚੋ ਕਿ ਤੁਸੀਂ ਉਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਜਾਂ ਹੋਰ ਜਲਦੀ ਕਿਵੇਂ ਕਰ ਸਕਦੇ ਸੀ। ਤੁਸੀਂ ਆਪਣੇ ਕੰਮ ਵਿਚ ਜਿੰਨੇ ਜ਼ਿਆਦਾ ਮਾਹਰ ਬਣੋਗੇ, ਤੁਹਾਨੂੰ ਉੱਨੀ ਜ਼ਿਆਦਾ ਖ਼ੁਸ਼ੀ ਮਿਲੇਗੀ।

ਬਾਈਬਲ ਦਾ ਅਸੂਲ: “ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂ? ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ, ਉਹ ਤੁੱਛ ਲੋਕਾਂ ਦੇ ਅੱਗੇ ਨਾ ਖਲੋਵੇਗਾ।”​—ਕਹਾਉਤਾਂ 22:29.

ਦੂਸਰਿਆਂ ਬਾਰੇ ਵੀ ਸੋਚੋ। ਜਦੋਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹੋ, ਤਾਂ ਇਸ ਨਾਲ ਦੂਸਰਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ। ਮਿਸਾਲ ਲਈ, ਜਦੋਂ ਤੁਸੀਂ ਆਪਣੇ ਛੋਟੇ-ਮੋਟੇ ਕੰਮ ਮਿਹਨਤ ਨਾਲ ਕਰਦੇ ਹੋ, ਤਾਂ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਵੀ ਬੋਝ ਹਲਕਾ ਹੁੰਦਾ ਹੈ।

ਬਾਈਬਲ ਦਾ ਅਸੂਲ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂਲਾਂ ਦੇ ਕੰਮ 20:35.

ਉਮੀਦ ਤੋਂ ਵੱਧ ਕੇ ਕਰੋ। ਜਿੰਨਾ ਕੰਮ ਤੁਹਾਨੂੰ ਮਿਲਿਆ ਹੈ ਸਿਰਫ਼ ਉਹੀ ਕਰਨ ਦੀ ਬਜਾਇ ਵਾਧੂ ਕੰਮ ਕਰਨ ਲਈ ਤਿਆਰ ਰਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਵਾਧੂ ਕੰਮ ਕਿਸੇ ਦੇ ਜ਼ੋਰ ਪਾਉਣ ʼਤੇ ਨਹੀਂ, ਸਗੋਂ ਆਪਣੀ ਮਰਜ਼ੀ ਨਾਲ ਕਰਦੇ ਹੋ।​—ਮੱਤੀ 5:41.

ਬਾਈਬਲ ਦਾ ਅਸੂਲ: “ਤੂੰ ਜੋ ਭਲਾ ਕਰੇਂ ਉਹ ਖ਼ੁਸ਼ੀ-ਖ਼ੁਸ਼ੀ ਕਰੇਂ ਨਾ ਕਿ ਮਜਬੂਰ ਹੋ ਕੇ।”​—ਫਿਲੇਮੋਨ 14.

ਆਪਣੀਆਂ ਹੱਦਾਂ ਪਛਾਣੋ। ਮਿਹਨਤੀ ਲੋਕ ਨਾ ਤਾਂ ਆਲਸੀ ਹੁੰਦੇ ਹਨ ਤੇ ਨਾ ਹੀ ਕੰਮ ਦੇ ਗ਼ੁਲਾਮ ਹੁੰਦੇ ਹਨ। ਉਹ ਸੰਤੁਲਨ ਬਣਾ ਕੇ ਰੱਖਦੇ ਹਨ ਤਾਂਕਿ ਉਹ ਮਿਹਨਤ ਕਰਦੇ ਵੇਲੇ ਅਤੇ ਆਰਾਮ ਕਰਦੇ ਵੇਲੇ ਖ਼ੁਸ਼ੀ ਪਾ ਸਕਣ।

ਬਾਈਬਲ ਦਾ ਅਸੂਲ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।”​—ਉਪਦੇਸ਼ਕ 4:6, CL.