Skip to content

Skip to table of contents

ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੇ ਵਿਆਹੁਤਾ ਰਿਸ਼ਤੇ ’ਤੇ?

ਤਕਨਾਲੋਜੀ ਦਾ ਕੀ ਅਸਰ ਪੈਂਦਾ ਹੈ—ਤੁਹਾਡੇ ਵਿਆਹੁਤਾ ਰਿਸ਼ਤੇ ’ਤੇ?

ਤਕਨਾਲੋਜੀ ਦੀ ਸਹੀ ਵਰਤੋਂ ਕਰ ਕੇ ਪਤੀ-ਪਤਨੀ ਆਪਣਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਨ। ਮਿਸਾਲ ਲਈ, ਜੇ ਉਹ ਇਕੱਠੇ ਨਹੀਂ ਹਨ, ਤਾਂ ਉਹ ਮੈਸਿਜ ਜਾਂ ਫ਼ੋਨ ਕਰ ਕੇ ਇਕ-ਦੂਜੇ ਨਾਲ ਗੱਲ ਕਰ ਸਕਦੇ ਹਨ।

ਪਰ ਦੇਖਿਆ ਗਿਆ ਹੈ ਕਿ ਤਕਨਾਲੋਜੀ ਕਰਕੇ ਕਈ ਪਤੀ-ਪਤਨੀ . . .

  • ਇਕ-ਦੂਜੇ ਨਾਲ ਸਮਾਂ ਨਹੀਂ ਬਿਤਾਉਂਦੇ।

  • ਬਿਨਾਂ ਕਾਰਨ ਆਫ਼ਿਸ ਦਾ ਕੰਮ ਘਰ ਲੈ ਆਉਂਦੇ ਹਨ।

  • ਇਕ-ਦੂਜੇ ’ਤੇ ਸ਼ੱਕ ਕਰਦੇ ਹਨ ਤੇ ਬੇਵਫ਼ਾਈ ਕਰ ਬੈਠਦੇ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

ਇਕੱਠੇ ਸਮਾਂ ਬਿਤਾਉਣਾ

ਮਾਈਕਲ ਕਹਿੰਦਾ ਹੈ: “ਕਦੀ-ਕਦਾਈਂ ਜਦੋਂ ਮੈਂ ਤੇ ਮੇਰੀ ਪਤਨੀ ਇਕੱਠੇ ਹੁੰਦੇ ਹਾਂ, ਤਾਂ ਵੀ ਇੱਦਾਂ ਲੱਗਦਾ ਹੈ ਕਿ ਉਹ ਮੇਰੇ ਨਾਲ ਨਹੀਂ ਹੈ। ਉਹ ਆਪਣੇ ਫ਼ੋਨ ਵਿਚ ਹੀ ਵੜੀ ਰਹਿੰਦੀ ਹੈ ਤੇ ਕਹਿੰਦੀ ਹੈ, ‘ਹੁਣ ਜਾ ਕੇ ਤਾਂ ਮੈਂ ਫ਼ੋਨ ਫੜਿਆ ਆ।’” ਜੋਨਾਥਨ ਕਹਿੰਦਾ ਹੈ ਕਿ ਜਦੋਂ ਇੱਦਾਂ ਹੁੰਦਾ ਹੈ, ਤਾਂ “ਪਤੀ-ਪਤਨੀ ਨਾਲ ਹੁੰਦੇ ਹੋਇਆਂ ਵੀ ਇਕ-ਦੂਜੇ ਤੋਂ ਮੀਲਾਂ ਦੂਰ ਹੁੰਦੇ ਹਨ।”

ਜ਼ਰਾ ਸੋਚੋ: ਕਿੰਨੀ ਕੁ ਵਾਰ ਇੱਦਾਂ ਹੁੰਦਾ ਹੈ ਕਿ ਤੁਸੀਂ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਦੀ ਬਜਾਇ ਕਿਸੇ ਹੋਰ ਨੂੰ ਫ਼ੋਨ ਜਾਂ ਮੈਸਿਜ ਕਰਨ ਵਿਚ ਲੱਗ ਜਾਂਦੇ ਹੋ?​—ਅਫ਼ਸੀਆਂ 5:33.

ਕੰਮ

ਕੁਝ ਲੋਕਾਂ ਦਾ ਕੰਮ ਇੱਦਾਂ ਦਾ ਹੁੰਦਾ ਹੈ ਕਿ ਉਨ੍ਹਾਂ ਨੂੰ ਜਦੋਂ ਵੀ ਫ਼ੋਨ ਜਾਂ ਮੈਸਿਜ ਆਉਂਦਾ ਹੈ, ਉਨ੍ਹਾਂ ਨੂੰ ਉਸੇ ਵੇਲੇ ਜਵਾਬ ਦੇਣਾ ਪੈਂਦਾ ਹੈ। ਦੂਜੇ ਪਾਸੇ, ਜਿਨ੍ਹਾਂ ਦਾ ਕੰਮ ਇੱਦਾਂ ਦਾ ਨਹੀਂ ਵੀ ਹੁੰਦਾ ਹੈ, ਉਹ ਵੀ ਘਰ ਬੈਠੇ ਕੰਮ ਕਰਦੇ ਰਹਿੰਦੇ ਹਨ। ਲੀ ਕਹਿੰਦਾ ਹੈ, “ਜਦੋਂ ਮੈਂ ਆਪਣੀ ਪਤਨੀ ਨਾਲ ਹੁੰਦਾ ਹਾਂ ਤੇ ਕੰਮ ਤੋਂ ਕੋਈ ਫ਼ੋਨ ਜਾਂ ਮੈਸਿਜ ਆ ਜਾਂਦਾ ਹੈ, ਤਾਂ ਮੇਰੇ ਲਈ ਉਸ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੁੰਦਾ ਹੈ।” ਜੋਏ ਕਹਿੰਦੀ ਹੈ: “ਮੈਂ ਘਰੋਂ ਕੰਮ ਕਰਦੀ ਹਾਂ ਤੇ ਕੰਮ ਤਾਂ ਹਮੇਸ਼ਾ ਹੀ ਰਹਿੰਦਾ ਹੈ। ਇਸ ਕਰਕੇ ਮੈਨੂੰ ਆਪਣੇ ਆਪ ਨੂੰ ਯਾਦ ਦਿਵਾਉਣਾ ਪੈਂਦਾ ਹੈ ਕਿ ਮੈਂ ਕੰਮ ਦੇ ਸਮੇਂ ਕੰਮ ਕਰਾਂ ਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰਾ।”

ਜ਼ਰਾ ਸੋਚੋ: ਕੀ ਤੁਸੀਂ ਆਪਣੇ ਜੀਵਨ-ਸਾਥੀ ਦੀ ਗੱਲ ਪੂਰੇ ਧਿਆਨ ਨਾਲ ਸੁਣਦੇ ਹੋ?​—ਲੂਕਾ 8:18.

ਵਫ਼ਾਦਾਰੀ

ਇਕ ਸਰਵੇ ਅਨੁਸਾਰ ਬਹੁਤ ਸਾਰੇ ਵਿਆਹੁਤਾ ਜੋੜਿਆਂ ਵਿਚ ਲੜਾਈ ਦਾ ਕਾਰਨ ਸੋਸ਼ਲ ਮੀਡੀਆ ਹੈ। ਇਸ ਸਰਵੇ ਮੁਤਾਬਕ 10 ਪ੍ਰਤਿਸ਼ਤ ਲੋਕਾਂ ਨੇ ਮੰਨਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਸਾਥੀ ਇਨ੍ਹਾਂ ਨੂੰ ਦੇਖਣ।

ਇਹ ਮੰਨਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਬਾਰੂਦੀ ਸੁਰੰਗ ਵਾਂਗ ਹੈ। ਇਕ ਗ਼ਲਤ ਕਦਮ ਰੱਖਣ ਕਰਕੇ ਵਿਆਹੁਤਾ ਜ਼ਿੰਦਗੀ ਤਬਾਹ ਹੋ ਸਕਦੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰਕੇ ਬਹੁਤ ਸਾਰੇ ਲੋਕ ਆਪਣੇ ਸਾਥੀ ਨਾਲ ਬੇਵਫ਼ਾਈ ਕਰ ਬੈਠੇ ਹਨ। ਕਈ ਵਕੀਲ ਕਹਿੰਦੇ ਹਨ ਕਿ ਬਹੁਤ ਸਾਰੇ ਤਲਾਕ ਸੋਸ਼ਲ ਮੀਡੀਆ ਕਰਕੇ ਹੁੰਦੇ ਹਨ।

ਜ਼ਰਾ ਸੋਚੋ: ਜਦੋਂ ਤੁਸੀਂ ਕਿਸੇ ਗ਼ੈਰ-ਔਰਤ ਜਾਂ ਗ਼ੈਰ-ਮਰਦ ਨਾਲ ਗੱਲ ਕਰਦੇ ਹੋ, ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਗੱਲ ਤੁਹਾਡੇ ਸਾਥੀ ਨੂੰ ਪਤਾ ਨਾ ਲੱਗੇ?​—ਕਹਾਉਤਾਂ 4:23.

ਤੁਸੀਂ ਕੀ ਕਰ ਸਕਦੇ ਹੋ?

ਜ਼ਰੂਰੀ ਗੱਲਾਂ ਨੂੰ ਪਹਿਲ ਦਿਓ

ਜੇ ਅਸੀਂ ਰੋਟੀ ਨਹੀਂ ਖਾਂਦੇ, ਤਾਂ ਅਸੀਂ ਕਮਜ਼ੋਰ ਹੋ ਜਾਵਾਂਗੇ। ਇਸੇ ਤਰ੍ਹਾਂ ਜੇ ਅਸੀਂ ਆਪਣੇ ਜੀਵਨ ਸਾਥੀ ਨਾਲ ਸਮਾਂ ਨਹੀਂ ਬਿਤਾਉਂਦੇ, ਤਾਂ ਸਾਡਾ ਵਿਆਹੁਤਾ ਰਿਸ਼ਤਾ ਕਮਜ਼ੋਰ ਹੋ ਜਾਵੇਗਾ।​—ਅਫ਼ਸੀਆਂ 5:28, 29.

ਬਾਈਬਲ ਦਾ ਅਸੂਲ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”​—ਫ਼ਿਲਿੱਪੀਆਂ 1:10.

ਆਪਣੇ ਸਾਥੀ ਨਾਲ ਮਿਲ ਕੇ ਹੇਠ ਲਿਖੇ ਸੁਝਾਵਾਂ ’ਤੇ ਗੱਲ ਕਰੋ ਜਾਂ ਆਪਣੇ ਕੁਝ ਸੁਝਾਅ ਲਿਖੋ ਤਾਂਕਿ ਤਕਨਾਲੋਜੀ ਤੁਹਾਡੇ ਵਿਆਹੁਤਾ ਰਿਸ਼ਤੇ ਵਿਚ ਅੜਿੱਕਾ ਨਾ ਬਣੋ।

  • ਅਸੀਂ ਹਰ ਰੋਜ਼ ਘੱਟੋ-ਘੱਟ ਇਕ ਵਾਰ ਇਕੱਠੇ ਰੋਟੀ ਖਾਵਾਂਗੇ

  • ਅਸੀਂ ਸਮਾਂ ਤੈਅ ਕਰਾਂਗੇ ਜਦੋਂ ਅਸੀਂ ਫ਼ੋਨ ਜਾਂ ਟੈਬਲੇਟ ਵਗੈਰਾ ਨਹੀਂ ਵਰਤਾਂਗੇ

  • ਅਸੀਂ ਇਕ-ਦੂਜੇ ਨਾਲ ਕੁਝ ਖ਼ਾਸ ਪਲ ਬਿਤਾਵਾਂਗੇ

  • ਅਸੀਂ ਸੌਣ ਲੱਗਿਆਂ ਆਪਣੇ ਫ਼ੋਨ ਵਗੈਰਾ ਬੰਦ ਕਰ ਦੇਵਾਂਗੇ ਜਾਂ ਦੂਰ ਰੱਖ ਦੇਵਾਂਗੇ

  • ਅਸੀਂ ਹਰ ਰੋਜ਼ 15 ਮਿੰਟ ਲਈ ਆਪਣੇ ਫ਼ੋਨ ਵਗੈਰਾ ਬੰਦ ਕਰ ਦੇਵਾਂਗੇ ਤਾਂਕਿ ਅਸੀਂ ਇਕ-ਦੂਜੇ ਨਾਲ ਗੱਲ ਕਰ ਸਕੀਏ

  • ਅਸੀਂ ਤੈਅ ਸਮੇਂ ’ਤੇ ਆਪਣਾ ਇੰਟਰਨੈੱਟ ਬੰਦ ਕਰ ਦੇਵਾਂਗੇ