Skip to content

Skip to table of contents

ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ

ਤੁਸੀਂ ਹਰ ਹਾਲਾਤ ਵਿਚ ਨਿਮਰ ਬਣੇ ਰਹਿ ਸਕਦੇ ਹੋ

“ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ।”ਮੀਕਾ. 6:8.

ਗੀਤ: 48, 19

1-3. ਯਹੂਦਾਹ ਤੋਂ ਆਏ ਨਬੀ ਨੇ ਕੀ ਨਹੀਂ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਇਜ਼ਰਾਈਲ ਦੇ ਰਾਜਾ ਯਾਰਾਬੁਆਮ ਨੇ ਬੈਤਏਲ ਸ਼ਹਿਰ ਵਿਚ ਝੂਠੀ ਭਗਤੀ ਕਰਨ ਲਈ ਇਕ ਜਗਵੇਦੀ ਬਣਵਾਈ। ਯਾਰਾਬੁਆਮ ਨੂੰ ਨਿਆਂ ਦਾ ਸੰਦੇਸ਼ ਸੁਣਾਉਣ ਲਈ ਯਹੋਵਾਹ ਨੇ ਯਹੂਦਾਹ ਤੋਂ ਇਕ ਨਬੀ ਭੇਜਿਆ। ਇਸ ਨਿਮਰ ਨਬੀ ਨੇ ਯਹੋਵਾਹ ਦਾ ਕਹਿਣਾ ਮੰਨਦਿਆਂ ਰਾਜੇ ਨੂੰ ਸੰਦੇਸ਼ ਸੁਣਾਇਆ। ਰਾਜਾ ਯਾਰਾਬੁਆਮ ਦਾ ਗੁੱਸਾ ਨਬੀ ’ਤੇ ਭੜਕ ਉੱਠਿਆ, ਪਰ ਯਹੋਵਾਹ ਨੇ ਨਬੀ ਨੂੰ ਰਾਜੇ ਦੇ ਕਹਿਰ ਤੋਂ ਬਚਾਇਆ।—1 ਰਾਜ. 13:1-10.

2 ਯਹੋਵਾਹ ਨੇ ਨਬੀ ਨੂੰ ਹੁਕਮ ਦਿੱਤਾ ਕਿ ਉਹ ਇਜ਼ਰਾਈਲ ਵਿਚ ਨਾ ਤਾਂ ਕੁਝ ਖਾਵੇ ਤੇ ਨਾ ਹੀ ਕੁਝ ਪੀਵੇ। ਨਾਲੇ ਉਸ ਨੂੰ ਕਿਸੇ ਹੋਰ ਰਾਹ ਥਾਣੀਂ ਵਾਪਸ ਜਾਣ ਲਈ ਕਿਹਾ। ਵਾਪਸ ਜਾਂਦਿਆਂ ਰਾਹ ਵਿਚ ਨਬੀ ਨੂੰ ਇਕ ਬੁੱਢਾ ਆਦਮੀ ਮਿਲਿਆ ਜਿਸ ਨੇ ਉਸ ਨਾਲ ਝੂਠ ਬੋਲਦਿਆਂ ਕਿਹਾ ਕਿ ਉਸ ਨੂੰ ਯਹੋਵਾਹ ਤੋਂ ਇਕ ਸੰਦੇਸ਼ ਮਿਲਿਆ ਹੈ। ਬੁੱਢੇ ਆਦਮੀ ਨੇ ਉਸ ਨੂੰ ਆਪਣੇ ਘਰ ਆ ਕੇ ਉਸ ਨਾਲ ਖਾਣ-ਪੀਣ ਨੂੰ ਕਿਹਾ। ਨਬੀ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ ਅਤੇ ਬੁੱਢੇ ਆਦਮੀ ਨਾਲ ਉਸ ਦੇ ਘਰ ਚਲਾ ਗਿਆ। ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਸੀ। ਜਦੋਂ ਨਬੀ ਆਪਣੇ ਘਰ ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਸ਼ੇਰ ਨੇ ਉਸ ’ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।—1 ਰਾਜ. 13:11-24.

3 ਅਸੀਂ ਨਹੀਂ ਜਾਣਦੇ ਕਿ ਨਬੀ ਨੇ ਯਹੋਵਾਹ ਦੀ ਗੱਲ ਸੁਣਨ ਦੀ ਬਜਾਇ ਉਸ ਬੁੱਢੇ ਆਦਮੀ ਦੀ ਗੱਲ ਕਿਉਂ ਸੁਣੀ। ਪਰ ਅਸੀਂ ਜਾਣਦੇ ਹਾਂ ਕਿ ਉਹ “ਅਧੀਨ ਹੋ ਕੇ” ਯਹੋਵਾਹ ਨਾਲ ਚੱਲਦਾ ਨਹੀਂ ਰਿਹਾ। (ਮੀਕਾਹ 6:8 ਪੜ੍ਹੋ।) ਬਾਈਬਲ ਅਨੁਸਾਰ ਯਹੋਵਾਹ ਦੇ ਨਾਲ-ਨਾਲ ਚੱਲਣ ਦਾ ਮਤਲਬ ਹੈ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ, ਉਸ ਦੀ ਸਰਬਸੱਤਾ ਦਾ ਸਮਰਥਨ ਕਰੀਏ ਅਤੇ ਉਸ ਦਾ ਕਹਿਣਾ ਮੰਨੀਏ। ਇਕ ਨਿਮਰ ਇਨਸਾਨ ਜਾਣਦਾ ਹੈ ਕਿ ਉਸ ਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਲੋੜ ਹੈ। ਜੇ ਨਬੀ ਨਿਮਰ ਹੁੰਦਾ, ਤਾਂ ਉਹ ਯਹੋਵਾਹ ਨੂੰ ਪੁੱਛ ਸਕਦਾ ਸੀ ਕਿ ਉਸ ਨੇ ਆਪਣੇ ਹੁਕਮ ਬਦਲੇ ਸਨ ਕਿ ਨਹੀਂ। ਕਈ ਵਾਰ ਸਾਨੂੰ ਵੀ ਮੁਸ਼ਕਲ ਫ਼ੈਸਲੇ ਲੈਣੇ ਪੈਂਦੇ ਹਨ ਅਤੇ ਸ਼ਾਇਦ ਸਾਨੂੰ ਚੰਗੀ ਤਰ੍ਹਾਂ ਪਤਾ ਨਾ ਲੱਗੇ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। ਪਰ ਨਿਮਰ ਹੋਣ ਕਰਕੇ ਅਸੀਂ ਯਹੋਵਾਹ ਤੋਂ ਸੇਧ ਮੰਗਾਂਗੇ ਤਾਂਕਿ ਅਸੀਂ ਗੰਭੀਰ ਗ਼ਲਤੀਆਂ ਕਰਨ ਤੋਂ ਬਚ ਸਕੀਏ।

4. ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?

4 ਪਿਛਲੇ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਨਿਮਰ ਹੋਣ ਦਾ ਕੀ ਮਤਲਬ ਹੈ ਅਤੇ ਸਾਡੇ ਲਈ ਅੱਜ ਨਿਮਰ ਬਣਨਾ ਕਿਉਂ ਜ਼ਰੂਰੀ ਹੈ। ਪਰ ਅਸੀਂ ਹੋਰ ਜ਼ਿਆਦਾ ਨਿਮਰ ਕਿਵੇਂ ਬਣ ਸਕਦੇ ਹਾਂ? ਨਾਲੇ ਕਿਹੜੇ ਹਾਲਾਤਾਂ ਵਿਚ ਸਾਡੀ ਨਿਮਰਤਾ ਪਰਖੀ ਜਾ ਸਕਦੀ ਹੈ? ਆਓ ਆਪਾਂ ਹੁਣ ਤਿੰਨ ਹਾਲਾਤਾਂ ’ਤੇ ਗੌਰ ਕਰੀਏ।ਕਹਾ. 11:2.

ਜਦੋਂ ਸਾਡੇ ਹਾਲਾਤ ਬਦਲ ਜਾਂਦੇ ਹਨ

5, 6. ਬਰਜ਼ਿੱਲਈ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਸੀ?

5 ਹਾਲਾਤ ਜਾਂ ਜ਼ਿੰਮੇਵਾਰੀਆਂ ਬਦਲਣ ’ਤੇ ਸਾਡੀ ਨਿਮਰਤਾ ਪਰਖੀ ਜਾ ਸਕਦੀ ਹੈ। ਅਸੀਂ ਰਾਜਾ ਦਾਊਦ ਦੇ ਵਫ਼ਾਦਾਰ ਦੋਸਤ ਬਰਜ਼ਿੱਲਈ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਜਦੋਂ ਬਰਜ਼ਿੱਲਈ 80 ਸਾਲਾਂ ਦਾ ਹੋਇਆ, ਤਾਂ ਦਾਊਦ ਨੇ ਉਸ ਨੂੰ ਸ਼ਾਹੀ ਮਹਿਲ ਵਿਚ ਰਹਿਣ ਦਾ ਸੱਦਾ ਦਿੱਤਾ। ਭਾਵੇਂ ਕਿ ਇਹ ਬਹੁਤ ਵੱਡਾ ਸਨਮਾਨ ਸੀ, ਪਰ ਬਰਜ਼ਿੱਲਈ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਇਹ ਜ਼ਿੰਮੇਵਾਰੀ ਕਿਮਹਾਮ ਨੂੰ ਦਿੱਤੀ ਜਾਵੇ ਜੋ ਸ਼ਾਇਦ ਉਸ ਦਾ ਮੁੰਡਾ ਸੀ।2 ਸਮੂ. 19:31-37.

6 ਬਰਜ਼ਿੱਲਈ ਨੇ ਸੱਦਾ ਸਵੀਕਾਰ ਕਿਉਂ ਨਹੀਂ ਕੀਤਾ? ਕੀ ਉਹ ਜ਼ਿੰਮੇਵਾਰੀਆਂ ਚੁੱਕਣ ਤੋਂ ਮੂੰਹ ਫੇਰ ਰਿਹਾ ਸੀ ਜਾਂ ਉਹ ਆਰਾਮਦਾਇਕ ਜ਼ਿੰਦਗੀ ਨਹੀਂ ਬਿਤਾਉਣਾ ਚਾਹੁੰਦਾ ਸੀ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਪਰ ਉਹ ਇਕ ਨਿਮਰ ਇਨਸਾਨ ਸੀ। ਉਸ ਨੇ ਆਪਣੇ ਬਦਲੇ ਹਾਲਾਤਾਂ ਅਤੇ ਆਪਣੀਆਂ ਹੱਦਾਂ ਨੂੰ ਪਛਾਣਿਆ। (ਗਲਾਤੀਆਂ 6:4, 5 ਪੜ੍ਹੋ।) ਬਰਜ਼ਿੱਲਈ ਦੀ ਤਰ੍ਹਾਂ ਸਾਨੂੰ ਵੀ ਨਿਮਰ ਬਣਨ ਦੀ ਲੋੜ ਹੈ। ਅਸੀਂ ਆਪਣੀਆਂ ਇੱਛਾਵਾਂ ’ਤੇ ਧਿਆਨ ਲਾਉਣ ਜਾਂ ਆਪਣੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਇ ਯਹੋਵਾਹ ਦੀ ਸੇਵਾ ਪੂਰੀ ਵਾਹ ਲਾ ਕੇ ਕਰਨੀ ਚਾਹੁੰਦੇ ਹਾਂ। ਕੋਈ ਖ਼ਾਸ ਜ਼ਿੰਮੇਵਾਰੀ ਲੈਣ ਜਾਂ ਆਪਣੀ ਪਛਾਣ ਬਣਾਉਣ ਨਾਲੋਂ ਯਹੋਵਾਹ ਦੀ ਸੇਵਾ ਕਰਨੀ ਜ਼ਿਆਦਾ ਜ਼ਰੂਰੀ ਹੈ। (ਗਲਾ. 5:26) ਜੇ ਅਸੀਂ ਨਿਮਰ ਹਾਂ, ਤਾਂ ਯਹੋਵਾਹ ਦੀ ਮਹਿਮਾ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਾਂਗੇ।1 ਕੁਰਿੰ. 10:31.

7, 8. ਨਿਮਰਤਾ ਸਾਡੀ ਆਪਣੇ ਆਪ ’ਤੇ ਭਰੋਸਾ ਨਾ ਰੱਖਣ ਵਿਚ ਕਿਵੇਂ ਮਦਦ ਕਰ ਸਕਦੀ ਹੈ?

7 ਜੇ ਸਾਨੂੰ ਹੋਰ ਜ਼ਿੰਮੇਵਾਰੀਆਂ ਜਾਂ ਅਧਿਕਾਰ ਦਿੱਤੇ ਜਾਣ, ਤਾਂ ਸਾਡੇ ਲਈ ਨਿਮਰ ਰਹਿਣਾ ਔਖਾ ਹੋ ਸਕਦਾ ਹੈ। ਅਸੀਂ ਨਹਮਯਾਹ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਜਦੋਂ ਨਹਮਯਾਹ ਨੇ ਸੁਣਿਆ ਕਿ ਯਰੂਸ਼ਲਮ ਵਿਚ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਸਨ, ਤਾਂ ਉਸ ਨੇ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ। (ਨਹ. 1:4, 11) ਯਹੋਵਾਹ ਨੇ ਨਹਮਯਾਹ ਦੀ ਪ੍ਰਾਰਥਨਾ ਸੁਣੀ। ਰਾਜਾ ਅਰਤਹਸ਼ਸ਼ਤਾ ਨੇ ਨਹਮਯਾਹ ਨੂੰ ਇਲਾਕੇ ਦਾ ਰਾਜਪਾਲ ਨਿਯੁਕਤ ਕੀਤਾ ਸੀ। ਭਾਵੇਂ ਕਿ ਨਹਮਯਾਹ ਤਾਕਤਵਰ ਅਤੇ ਅਮੀਰ ਸੀ, ਪਰ ਉਸ ਨੇ ਕਦੇ ਵੀ ਆਪਣੇ ਆਪ ’ਤੇ ਭਰੋਸਾ ਨਹੀਂ ਰੱਖਿਆ। ਉਸ ਨੇ ਹਮੇਸ਼ਾ ਯਹੋਵਾਹ ਦੀ ਸੇਧ ਭਾਲੀ ਅਤੇ ਉਹ ਬਾਕਾਇਦਾ ਉਸ ਦੀ ਬਿਵਸਥਾ ਪੜ੍ਹਦਾ ਸੀ। (ਨਹ. 8:1, 8, 9) ਨਹਮਯਾਹ ਦਾ ਬਹੁਤ ਲੋਕਾਂ ’ਤੇ ਅਧਿਕਾਰ ਸੀ। ਪਰ ਉਸ ਨੇ ਆਪਣੇ ਭਲੇ ਲਈ ਆਪਣੇ ਅਧਿਕਾਰ ਦੀ ਕਦੇ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਦੂਜਿਆਂ ਨਾਲ ਬੇਰਹਿਮੀ ਨਾਲ ਪੇਸ਼ ਆਇਆ।ਨਹ. 5:14-19.

8 ਨਹਮਯਾਹ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਾਨੂੰ ਹੋਰ ਜ਼ਿੰਮੇਵਾਰੀ ਮਿਲਦੀ ਹੈ ਜਾਂ ਸਾਡੀ ਜ਼ਿੰਮੇਵਾਰੀ ਬਦਲ ਜਾਂਦੀ ਹੈ, ਤਾਂ ਨਿਮਰਤਾ ਆਪਣੇ ਆਪ ’ਤੇ ਭਰੋਸਾ ਨਾ ਰੱਖਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਇਕ ਇਨਸਾਨ ਆਪਣੇ ਆਪ ’ਤੇ ਭਰੋਸਾ ਕਰਨਾ ਕਿਵੇਂ ਸ਼ੁਰੂ ਕਰ ਸਕਦਾ ਹੈ? ਮਿਸਾਲ ਲਈ, ਸ਼ਾਇਦ ਇਕ ਬਜ਼ੁਰਗ ਮੰਡਲੀ ਦੇ ਮਾਮਲਿਆਂ ਨੂੰ ਪ੍ਰਾਰਥਨਾ ਕੀਤੇ ਬਿਨਾਂ ਹੀ ਸੁਲਝਾਉਣ ਦੀ ਕੋਸ਼ਿਸ਼ ਕਰੇ। ਜਾਂ ਇਕ ਭੈਣ ਜਾਂ ਭਰਾ ਸ਼ਾਇਦ ਫ਼ੈਸਲਾ ਕਰਨ ਤੋਂ ਬਾਅਦ ਯਹੋਵਾਹ ਨੂੰ ਪ੍ਰਾਰਥਨਾ ਕਰੇ ਕਿ ਉਹ ਉਸ ਦੇ ਕੀਤੇ ਫ਼ੈਸਲੇ ’ਤੇ ਆਪਣੀ ਬਰਕਤ ਪਾਵੇ। ਪਰ ਇਕ ਨਿਮਰ ਇਨਸਾਨ ਆਪਣੇ ਆਪ ’ਤੇ ਭਰੋਸਾ ਨਹੀਂ ਰੱਖਦਾ, ਭਾਵੇਂ ਕਿ ਉਸ ਨੇ ਕੋਈ ਕੰਮ ਪਹਿਲਾਂ ਕਿੰਨੀ ਵਾਰ ਹੀ ਕਿਉਂ ਨਾ ਕੀਤਾ ਹੋਵੇ। ਉਹ ਹਮੇਸ਼ਾ ਯਾਦ ਰੱਖਦਾ ਹੈ ਕਿ ਉਸ ਦੀਆਂ ਕਾਬਲੀਅਤਾਂ ਯਹੋਵਾਹ ਦੀਆਂ ਕਾਬਲੀਅਤਾਂ ਸਾਮ੍ਹਣੇ ਕੁਝ ਵੀ ਨਹੀਂ ਹਨ। (ਕਹਾਉਤਾਂ 3:5, 6 ਪੜ੍ਹੋ।) ਅੱਜ ਬਹੁਤ ਸਾਰੇ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ ਅਤੇ ਦੂਜਿਆਂ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਹਨ। ਪਰ ਯਹੋਵਾਹ ਦੇ ਸੇਵਕ ਇਸ ਤਰ੍ਹਾਂ ਦੇ ਨਹੀਂ ਹਨ। ਅਸੀਂ ਇਹ ਨਹੀਂ ਸੋਚਦੇ ਕਿ ਜ਼ਿੰਮੇਵਾਰੀਆਂ ਹੋਣ ਕਰਕੇ ਅਸੀਂ ਆਪਣੇ ਪਰਿਵਾਰ ਜਾਂ ਮੰਡਲੀ ਦੇ ਭੈਣਾਂ-ਭਰਾਵਾਂ ਤੋਂ ਬਿਹਤਰ ਹਾਂ। ਇਸ ਦੀ ਬਜਾਇ, ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਦੇ ਹਾਂ।1 ਤਿਮੋ. 3:15.

ਜਦੋਂ ਸਾਡੀ ਨੁਕਤਾਚੀਨੀ ਜਾਂ ਤਾਰੀਫ਼ ਕੀਤੀ ਜਾਂਦੀ ਹੈ

9, 10. ਜਦੋਂ ਕੋਈ ਬਿਨਾਂ ਵਜ੍ਹਾ ਸਾਡੀ ਨੁਕਤਾਚੀਨੀ ਕਰਦਾ ਹੈ, ਤਾਂ ਨਿਮਰਤਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

9 ਜਦੋਂ ਕੋਈ ਬਿਨਾਂ ਵਜ੍ਹਾ ਸਾਡੀ ਨੁਕਤਾਚੀਨੀ ਕਰਦਾ ਹੈ, ਤਾਂ ਸਾਨੂੰ ਦੁੱਖ ਲੱਗ ਸਕਦਾ ਹੈ। ਹੰਨਾਹ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਭਾਵੇਂ ਕਿ ਹੰਨਾਹ ਦਾ ਪਤੀ ਉਸ ਨੂੰ ਬਹੁਤ ਪਿਆਰ ਕਰਦਾ ਸੀ, ਪਰ ਫਿਰ ਵੀ ਹੰਨਾਹ ਬਹੁਤ ਦੁਖੀ ਸੀ। ਉਸ ਦੀ ਸੌਂਕਣ, ਪਨਿੰਨਾਹ, ਹਰ ਵੇਲੇ ਉਸ ਦਾ ਮਜ਼ਾਕ ਉਡਾਉਂਦੀ ਸੀ। ਹੰਨਾਹ ਮਾਂ ਬਣਨਾ ਚਾਹੁੰਦੀ ਸੀ, ਪਰ ਉਹ ਬਾਂਝ ਸੀ। ਇਕ ਦਿਨ ਜਦ ਹੰਨਾਹ ਬਹੁਤ ਨਿਰਾਸ਼ ਸੀ, ਤਾਂ ਉਹ ਪ੍ਰਾਰਥਨਾ ਕਰਨ ਲਈ ਤੰਬੂ ਵਿਚ ਗਈ। ਮਹਾਂ ਪੁਜਾਰੀ ਨੇ ਉਸ ਨੂੰ ਰੋਂਦਿਆਂ ਦੇਖਿਆ ਅਤੇ ਉਸ ਨੇ ਹੰਨਾਹ ’ਤੇ ਨਸ਼ਾ ਕਰਨ ਦਾ ਦੋਸ਼ ਲਾਇਆ। ਹੰਨਾਹ ਗੁੱਸੇ ਵਿਚ ਭੜਕ ਸਕਦੀ ਸੀ। ਪਰ ਉਸ ਨੇ ਬੜੇ ਹੀ ਆਦਰਮਈ ਤਰੀਕੇ ਨਾਲ ਏਲੀ ਨੂੰ ਜਵਾਬ ਦਿੱਤਾ। ਬਾਅਦ ਵਿਚ ਹੰਨਾਹ ਨੇ ਪ੍ਰਾਰਥਨਾ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਯਹੋਵਾਹ ’ਤੇ ਨਿਹਚਾ ਕਰਦੀ ਸੀ ਅਤੇ ਉਸ ਨੂੰ ਪਿਆਰ ਕਰਦੀ ਸੀ।1 ਸਮੂ. 1:5-7, 12-16; 2:1-10.

10 ਨਿਮਰਤਾ ‘ਬੁਰਾਈ ਨੂੰ ਭਲਾਈ ਨਾਲ ਜਿੱਤਣ’ ਵਿਚ ਸਾਡੀ ਮਦਦ ਕਰ ਸਕਦੀ ਹੈ। (ਰੋਮੀ. 12:21) ਸ਼ੈਤਾਨ ਦੀ ਦੁਨੀਆਂ ਵਿਚ ਬੁਰੇ ਲੋਕਾਂ ਦੀ ਕੋਈ ਘਾਟ ਨਹੀਂ ਹੈ। ਇਸ ਲਈ ਸਾਨੂੰ ਉਦੋਂ ਹੈਰਾਨ ਨਹੀਂ ਹੋਣਾ ਚਾਹੀਦਾ ਜਦੋਂ ਕੋਈ ਸਾਡੇ ਨਾਲ ਮਾੜੇ ਤਰੀਕੇ ਨਾਲ ਪੇਸ਼ ਆਉਂਦਾ ਹੈ। ਭਾਵੇਂ ਕਿ ਇਸ ਕਰਕੇ ਸਾਨੂੰ ਗੁੱਸਾ ਆ ਸਕਦਾ ਹੈ, ਪਰ ਸਾਨੂੰ ਇਸ ’ਤੇ ਕਾਬੂ ਪਾਉਣ ਦੀ ਲੋੜ ਹੈ। (ਜ਼ਬੂ. 37:1) ਸਾਨੂੰ ਉਦੋਂ ਹੋਰ ਵੀ ਜ਼ਿਆਦਾ ਦੁੱਖ ਲੱਗ ਸਕਦਾ ਹੈ ਜਦੋਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਾਡੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ। ਇੱਦਾਂ ਹੋਣ ’ਤੇ ਇਕ ਨਿਮਰ ਇਨਸਾਨ ਯਿਸੂ ਦੀ ਰੀਸ ਕਰੇਗਾ। ਬਾਈਬਲ ਕਹਿੰਦੀ ਹੈ: “ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ . . . ਪਰ ਉਸ ਨੇ ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥ ਵਿਚ ਸੌਂਪ ਦਿੱਤਾ।” (1 ਪਤ. 2:23) ਯਿਸੂ ਨਿਮਰ ਸੀ ਅਤੇ ਜਾਣਦਾ ਸੀ ਕਿ ਬਦਲਾ ਲੈਣਾ ਯਹੋਵਾਹ ਦਾ ਕੰਮ ਹੈ। (ਰੋਮੀ. 12:19) ਮਸੀਹੀਆਂ ਨੂੰ ਵੀ ਨਿਮਰ ਬਣਨ ਦੀ ਸਲਾਹ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ “ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ।”1 ਪਤ. 3:8, 9.

11, 12. (ੳ) ਜਦੋਂ ਲੋਕ ਸਾਡੀ ਤਾਰੀਫ਼ ਜਾਂ ਚਾਪਲੂਸੀ ਕਰਦੇ ਹਨ, ਉਦੋਂ ਅਸੀਂ ਨਿਮਰ ਕਿਵੇਂ ਰਹਿ ਸਕਦੇ ਹਾਂ? (ਅ) ਆਪਣੇ ਪਹਿਰਾਵੇ ਅਤੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਨਿਮਰ ਹਾਂ?

11 ਜਦੋਂ ਲੋਕ ਸਾਡੀ ਤਾਰੀਫ਼ ਜਾਂ ਚਾਪਲੂਸੀ ਕਰਦੇ ਹਨ, ਉਦੋਂ ਵੀ ਸਾਡੀ ਨਿਮਰਤਾ ਦੀ ਪਰਖ ਹੋ ਸਕਦੀ ਹੈ। ਜ਼ਰਾ ਅਸਤਰ ਦੀ ਮਿਸਾਲ ’ਤੇ ਗੌਰ ਕਰੋ ਜਿਸ ਨੇ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਆਉਣ ਤੇ ਵੀ ਕਿੰਨਾ ਵਧੀਆ ਰਵੱਈਆ ਦਿਖਾਇਆ! ਅਸਤਰ ਫਾਰਸ ਰਾਜ ਦੀ ਸਭ ਤੋਂ ਸੋਹਣੀ ਔਰਤ ਸੀ ਅਤੇ ਉਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਨਿਖਾਰਨ ਲਈ ਇਕ ਸਾਲ ਤਕ ਕਈ ਕੁਝ ਕੀਤਾ ਗਿਆ। ਉਸ ਨੂੰ ਫਾਰਸ ਸਾਮਰਾਜ ਤੋਂ ਲਿਆਂਦੀਆਂ ਬਹੁਤ ਸਾਰੀਆਂ ਔਰਤਾਂ ਨਾਲ ਹਰ ਰੋਜ਼ ਰਹਿਣਾ ਪੈਂਦਾ ਸੀ। ਇਨ੍ਹਾਂ ਵਿਚ ਇਕ-ਦੂਜੇ ਨਾਲੋਂ ਸੋਹਣਾ ਦਿਸਣ ਦੀ ਮੁਕਾਬਲੇਬਾਜ਼ੀ ਚੱਲਦੀ ਰਹਿੰਦੀ ਸੀ ਕਿ ਰਾਜਾ ਕਿਸ ਨੂੰ ਪਸੰਦ ਕਰੇਗਾ। ਫਿਰ ਰਾਜੇ ਨੇ ਅਸਤਰ ਨੂੰ ਆਪਣੀ ਰਾਣੀ ਬਣਨ ਲਈ ਚੁਣਿਆ। ਪਰ ਇਸ ਕਰਕੇ ਉਸ ਦਾ ਰਵੱਈਆ ਬਦਲਿਆ ਨਹੀਂ। ਅਸਤਰ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਣ ਲੱਗ ਪਈ। ਪਰ ਉਹ ਨਿਮਰ ਰਹੀ, ਦੂਜਿਆਂ ਨੂੰ ਪਿਆਰ ਕਰਦੀ ਰਹੀ ਅਤੇ ਆਦਰ ਨਾਲ ਪੇਸ਼ ਆਉਂਦੀ ਰਹੀ।ਅਸ. 2:9, 12, 15, 17.

ਕੀ ਸਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਅਤੇ ਹੋਰਨਾਂ ਦਾ ਆਦਰ ਕਰਦੇ ਹਾਂ ਜਾਂ ਕੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਨਿਮਰ ਨਹੀਂ ਹਾਂ? (ਪੈਰਾ 12 ਦੇਖੋ)

12 ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਆਪਣੇ ਪਹਿਰਾਵੇ ਅਤੇ ਪੇਸ਼ ਆਉਣ ਦੇ ਤਰੀਕੇ ਤੋਂ ਦਿਖਾਵਾਂਗੇ ਕਿ ਅਸੀਂ ਆਪਣੀ ਅਤੇ ਦੂਜਿਆਂ ਦੀ ਇੱਜ਼ਤ ਕਰਦੇ ਹਾਂ। ਸ਼ੇਖ਼ੀਆਂ ਮਾਰਨ ਜਾਂ ਦੂਜਿਆਂ ’ਤੇ ਆਪਣਾ ਪ੍ਰਭਾਵ ਪਾਉਣ ਦੀ ਬਜਾਇ ਅਸੀਂ “ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ” ਪਾਉਣ ਦੀ ਕੋਸ਼ਿਸ਼ ਕਰਦੇ ਹਾਂ। (1 ਪਤਰਸ 3:3, 4 ਪੜ੍ਹੋ; ਯਿਰ. 9:23, 24) ਅਸੀਂ ਆਪਣੇ ਬਾਰੇ ਜੋ ਸੋਚਦੇ ਹਾਂ, ਉਹ ਇਕ ਦਿਨ ਸਾਡੀ ਕਹਿਣੀ ਤੇ ਕਰਨੀ ਰਾਹੀਂ ਦੂਜਿਆਂ ਨੂੰ ਦਿਖ ਜਾਵੇਗਾ। ਮਿਸਾਲ ਲਈ, ਸ਼ਾਇਦ ਅਸੀਂ ਦੂਜਿਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਖ਼ਾਸ ਹਾਂ। ਕਿਵੇਂ? ਅਸੀਂ ਸ਼ਾਇਦ ਉਨ੍ਹਾਂ ਨੂੰ ਦੱਸੀਏ ਕਿ ਸਾਡੇ ਕੋਲ ਕਿਹੜੇ ਸਨਮਾਨ ਹਨ, ਅਸੀਂ ਕੀ-ਕੀ ਜਾਣਦੇ ਹਾਂ ਜਾਂ ਕਿਸ ਨੂੰ ਜਾਣਦੇ ਹਾਂ। ਜਾਂ ਸ਼ਾਇਦ ਅਸੀਂ ਇਸ ਤਰੀਕੇ ਨਾਲ ਗੱਲਾਂ ਦੱਸੀਏ ਕਿ ਕਿਸੇ ਕੰਮ ਕਰਨ ਦਾ ਸਿਹਰਾ ਸਿਰਫ਼ ਸਾਨੂੰ ਹੀ ਮਿਲੇ, ਭਾਵੇਂ ਕਿ ਉਹ ਕੰਮ ਕਰਨ ਵਿਚ ਹੋਰਾਂ ਨੇ ਵੀ ਸਾਡੀ ਮਦਦ ਕੀਤੀ ਸੀ। ਪਰ ਜ਼ਰਾ ਯਿਸੂ ਬਾਰੇ ਸੋਚੋ। ਉਹ ਲੋਕਾਂ ’ਤੇ ਪ੍ਰਭਾਵ ਪਾ ਸਕਦਾ ਸੀ ਕਿ ਉਹ ਕਿੰਨਾ ਬੁੱਧੀਮਾਨ ਹੈ। ਪਰ ਯਿਸੂ ਅਕਸਰ ਪਰਮੇਸ਼ੁਰ ਦੇ ਬਚਨ ਤੋਂ ਹਵਾਲੇ ਦਿੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਦੀ ਮਹਿਮਾ ਕਰਨ। ਇਸ ਦੀ ਬਜਾਇ, ਉਹ ਚਾਹੁੰਦਾ ਸੀ ਕਿ ਮਹਿਮਾ ਸਿਰਫ਼ ਯਹੋਵਾਹ ਦੀ ਹੀ ਹੋਵੇ।ਯੂਹੰ. 8:28.

ਜਦੋਂ ਅਸੀਂ ਫ਼ੈਸਲੇ ਕਰਦੇ ਹਾਂ

13, 14. ਨਿਮਰਤਾ ਸਾਡੀ ਸਹੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ?

13 ਫ਼ੈਸਲੇ ਕਰਦਿਆਂ ਵੀ ਸ਼ਾਇਦ ਸਾਡੀ ਨਿਮਰਤਾ ਦੀ ਪਰਖ ਹੋਵੇ। ਜਦੋਂ ਪੌਲੁਸ ਰਸੂਲ ਕੈਸਰੀਆ ਵਿਚ ਰਹਿ ਰਿਹਾ ਸੀ, ਤਾਂ ਉਹ ਯਰੂਸ਼ਲਮ ਜਾ ਕੇ ਯਹੋਵਾਹ ਵੱਲੋਂ ਮਿਲਿਆ ਕੰਮ ਖ਼ਤਮ ਕਰਨਾ ਚਾਹੁੰਦਾ ਸੀ। ਪਰ ਨਬੀ ਆਗਬੁਸ ਨੇ ਪੌਲੁਸ ਨੂੰ ਦੱਸਿਆ ਕਿ ਜੇ ਉਹ ਉੱਥੇ ਗਿਆ, ਤਾਂ ਉਸ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਸ਼ਾਇਦ ਉਸ ਨੂੰ ਮਾਰ ਵੀ ਦਿੱਤਾ ਜਾਵੇ। ਭਰਾਵਾਂ ਨੇ ਪੌਲੁਸ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉੱਥੇ ਨਾ ਜਾਵੇ। ਪਰ ਪੌਲੁਸ ਨੇ ਯਰੂਸ਼ਲਮ ਜਾਣ ਦਾ ਫ਼ੈਸਲਾ ਕਰ ਲਿਆ ਸੀ। ਪਰ ਕੀ ਇਸ ਤਰ੍ਹਾਂ ਕਰਕੇ ਉਹ ਆਪਣੇ ਆਪ ’ਤੇ ਭਰੋਸਾ ਰੱਖ ਰਿਹਾ ਸੀ? ਨਹੀਂ, ਪੌਲੁਸ ਇਕ ਨਿਮਰ ਇਨਸਾਨ ਸੀ ਅਤੇ ਯਹੋਵਾਹ ’ਤੇ ਦਿਲੋਂ ਭਰੋਸਾ ਰੱਖਦਾ ਸੀ। ਭਰਾ ਵੀ ਨਿਮਰ ਸਨ। ਇਸ ਲਈ ਉਨ੍ਹਾਂ ਨੇ ਪੌਲੁਸ ਦੇ ਫ਼ੈਸਲੇ ਨੂੰ ਮੰਨਿਆ ਅਤੇ ਉਸ ਨੂੰ ਜਾਣ ਤੋਂ ਨਹੀਂ ਰੋਕਿਆ।ਰਸੂ. 21:10-14.

14 ਨਿਮਰਤਾ ਸਾਡੀ ਉਦੋਂ ਵੀ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ। ਜਦੋਂ ਸਾਨੂੰ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ ਕਿ ਅੱਗੇ ਕੀ ਹੋਵੇਗਾ। ਮਿਸਾਲ ਲਈ, ਅਸੀਂ ਸ਼ਾਇਦ ਪੂਰੇ ਸਮੇਂ ਦੀ ਸੇਵਾ ਕਰਨ ਬਾਰੇ ਸੋਚੀਏ। ਪਰ ਉਦੋਂ ਕੀ ਹੋਵੇਗਾ ਜੇ ਅਸੀਂ ਬੀਮਾਰ ਹੋ ਗਏ? ਅਸੀਂ ਕੀ ਕਰਾਂਗੇ, ਜੇ ਸਾਡੇ ਮਾਪੇ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੋਈ? ਅਸੀਂ ਉਦੋਂ ਕੀ ਕਰਾਂਗੇ, ਜਦੋਂ ਅਸੀਂ ਬੁੱਢੇ ਹੋ ਜਾਵਾਂਗੇ? ਭਾਵੇਂ ਅਸੀਂ ਇਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰਦੇ ਹਾਂ ਜਾਂ ਇਨ੍ਹਾਂ ਬਾਰੇ ਸੋਚਦੇ ਹਾਂ, ਪਰ ਸਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਨਹੀਂ ਮਿਲ ਸਕਦੇ। (ਉਪ. 8:16, 17) ਪਰ ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ, ਤਾਂ ਅਸੀਂ ਆਪਣੀਆਂ ਹੱਦਾਂ ਨੂੰ ਪਛਾਣਨ ਦੇ ਨਾਲ-ਨਾਲ ਇਨ੍ਹਾਂ ਨੂੰ ਕਬੂਲ ਵੀ ਕਰਾਂਗੇ। ਖੋਜਬੀਨ ਕਰਨ, ਦੂਜਿਆਂ ਦੀ ਸਲਾਹ ਲੈਣ ਅਤੇ ਯਹੋਵਾਹ ਨੂੰ ਸੇਧ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਸਾਨੂੰ ਉਸ ਦੀ ਅਗਵਾਈ ਵਿਚ ਚੱਲਣ ਦੀ ਲੋੜ ਹੈ। (ਉਪਦੇਸ਼ਕ ਦੀ ਪੋਥੀ 11:4-6 ਪੜ੍ਹੋ।) ਯਹੋਵਾਹ ਸਾਡੇ ਫ਼ੈਸਲਿਆਂ ’ਤੇ ਬਰਕਤ ਪਾ ਸਕਦਾ ਹੈ ਜਾਂ ਸਾਨੂੰ ਆਪਣੀਆਂ ਯੋਜਨਾਵਾਂ ਨੂੰ ਬਦਲਣ ਵਿਚ ਮਦਦ ਕਰ ਸਕਦਾ ਹੈ।ਕਹਾ. 16:3, 9.

ਅਸੀਂ ਹੋਰ ਨਿਮਰ ਕਿਵੇਂ ਬਣ ਸਕਦੇ ਹਾਂ?

15. ਯਹੋਵਾਹ ਬਾਰੇ ਸੋਚ-ਵਿਚਾਰ ਕਰਨ ਕਰਕੇ ਅਸੀਂ ਨਿਮਰ ਕਿਵੇਂ ਬਣੇ ਰਹਿ ਸਕਦੇ ਹਾਂ?

15 ਅਸੀਂ ਹੋਰ ਨਿਮਰ ਕਿਵੇਂ ਬਣ ਸਕਦੇ ਹਾਂ? ਅਸੀਂ ਚਾਰ ਗੱਲਾਂ ’ਤੇ ਗੌਰ ਕਰਾਂਗੇ। ਪਹਿਲੀ ਗੱਲ, ਸਾਨੂੰ ਸਾਰਿਆਂ ਨੂੰ ਯਹੋਵਾਹ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਜਦੋਂ ਅਸੀਂ ਆਪਣੀ ਤੁਲਨਾ ਯਹੋਵਾਹ ਨਾਲ ਕਰਾਂਗੇ, ਤਾਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਉਸ ਦੇ ਮੁਕਾਬਲੇ ਕਿੰਨੇ ਛੋਟੇ ਹਾਂ ਅਤੇ ਉਸ ਬਾਰੇ ਕਿੰਨਾ ਹੀ ਘੱਟ ਜਾਣਦੇ ਹਾਂ। (ਯਸਾ. 8:13) ਯਾਦ ਰੱਖੋ ਕਿ ਅਸੀਂ ਕਿਸੇ ਇਨਸਾਨ ਜਾਂ ਦੂਤ ਨਾਲ ਨਹੀਂ, ਸਗੋਂ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਾਂ। ਇਹ ਗੱਲ ਸਾਡੀ ਮਦਦ ਕਰੇਗੀ ਕਿ ਅਸੀਂ “ਆਪਣੇ ਆਪ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਅਧੀਨ” ਕਰੀਏ।1 ਪਤ. 5:6.

16. ਯਹੋਵਾਹ ਦੇ ਪਿਆਰ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਨਿਮਰ ਬਣੇ ਰਹਿਣ ਦੀ ਪ੍ਰੇਰਣਾ ਕਿਵੇਂ ਮਿਲਦੀ ਹੈ?

16 ਦੂਜੀ ਗੱਲ, ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਪੌਲੁਸ ਨੇ ਮੰਡਲੀ ਦੀ ਤੁਲਨਾ ਇਨਸਾਨੀ ਸਰੀਰ ਨਾਲ ਕੀਤੀ। ਯਹੋਵਾਹ ਦੀਆਂ ਨਜ਼ਰਾਂ ਵਿਚ ਸਾਰੇ ਅੰਗ ਇੱਕੋ ਜਿਹੇ ਹਨ। (1 ਕੁਰਿੰ. 12:23, 24) ਇਸੇ ਤਰ੍ਹਾਂ ਅਸੀਂ ਵੀ ਸਾਰੇ ਯਹੋਵਾਹ ਦੀਆਂ ਨਜ਼ਰਾਂ ਵਿਚ ਬਰਾਬਰ ਹਾਂ। ਉਹ ਸਾਡੀ ਤੁਲਨਾ ਦੂਜਿਆਂ ਨਾਲ ਨਹੀਂ ਕਰਦਾ। ਨਾਲੇ ਉਹ ਸਾਨੂੰ ਉਦੋਂ ਵੀ ਪਿਆਰ ਕਰਦਾ ਰਹਿੰਦਾ ਹੈ ਜਦੋਂ ਸਾਡੇ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ। ਯਹੋਵਾਹ ਦੇ ਪਿਆਰ ਕਰਕੇ ਅਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ।

17. ਦੂਜਿਆਂ ਵਿਚ ਚੰਗੀਆਂ ਗੱਲਾਂ ਦੇਖਣ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ?

17 ਤੀਜੀ ਗੱਲ, ਜਦੋਂ ਅਸੀਂ ਦੂਜਿਆਂ ਵਿਚ ਚੰਗੀਆਂ ਗੱਲਾਂ ਦੇਖਾਂਗੇ, ਤਾਂ ਅਸੀਂ ਹੋਰ ਵੀ ਜ਼ਿਆਦਾ ਨਿਮਰ ਬਣਾਂਗੇ। ਸਾਨੂੰ ਆਪਣੀ ਵਾਹ-ਵਾਹ ਨਹੀਂ ਕਰਾਉਣੀ ਚਾਹੀਦੀ ਜਾਂ ਦੂਜਿਆਂ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਅਸੀਂ ਕੀ-ਕੀ ਕੀਤਾ। ਇਸ ਦੀ ਬਜਾਇ, ਸਾਨੂੰ ਦੂਜਿਆਂ ਤੋਂ ਸਲਾਹ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਮੰਨਣ ਲਈ ਤਿਆਰ ਹੋਣਾ ਚਾਹੀਦਾ ਹੈ। (ਕਹਾ. 13:10) ਸਾਨੂੰ ਉਦੋਂ ਖ਼ੁਸ਼ੀ ਹੁੰਦੀ ਹੈ, ਜਦੋਂ ਸਾਡੇ ਭੈਣਾਂ-ਭਰਾਵਾਂ ਨੂੰ ਖ਼ਾਸ ਜ਼ਿੰਮੇਵਾਰੀਆਂ ਮਿਲਦੀਆਂ ਹਨ। ਨਾਲੇ ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਆਪਣੀ ਸੇਵਾ ਕਰਨ ਦਾ ਸਨਮਾਨ ਦਿੱਤਾ ਹੈ।1 ਪਤ. 5:9.

18. ਆਪਣੀ ਜ਼ਮੀਰ ਨੂੰ ਸਿਖਾ ਕੇ ਅਸੀਂ ਹੋਰ ਨਿਮਰ ਕਿਵੇਂ ਬਣ ਸਕਦੇ ਹਾਂ?

18 ਚੌਥੀ ਗੱਲ, ਜਦੋਂ ਅਸੀਂ ਬਾਈਬਲ-ਆਧਾਰਿਤ ਅਸੂਲਾਂ ਦੇ ਆਧਾਰ ’ਤੇ ਆਪਣੀ ਜ਼ਮੀਰ ਨੂੰ ਸਿਖਾਵਾਂਗੇ, ਤਾਂ ਅਸੀਂ ਹੋਰ ਵੀ ਨਿਮਰ ਬਣਾਂਗੇ। ਇਹ ਅਸੂਲ ਸਾਨੂੰ ਸਿਖਾਉਂਦੇ ਹਨ ਕਿ ਯਹੋਵਾਹ ਕਿਵੇਂ ਸੋਚਦਾ ਅਤੇ ਮਹਿਸੂਸ ਕਰਦਾ ਹੈ। ਜਦੋਂ ਅਸੀਂ ਯਹੋਵਾਹ ਦਾ ਨਜ਼ਰੀਆ ਅਪਣਾਵਾਂਗੇ, ਤਾਂ ਅਸੀਂ ਉਸ ਨੂੰ ਖ਼ੁਸ਼ ਕਰਨ ਵਾਲੇ ਫ਼ੈਸਲੇ ਕਰ ਸਕਾਂਗੇ। ਜਿੱਦਾਂ-ਜਿੱਦਾਂ ਅਸੀਂ ਸਟੱਡੀ ਕਰਾਂਗੇ, ਪ੍ਰਾਰਥਨਾ ਕਰਾਂਗੇ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਉੱਦਾਂ-ਉੱਦਾਂ ਸਾਡੀ ਜ਼ਮੀਰ ਸਹੀ ਫ਼ੈਸਲੇ ਕਰ ਸਕੇਗੀ। (1 ਤਿਮੋ. 1:5) ਅਸੀਂ ਦੂਜਿਆਂ ਨੂੰ ਪਹਿਲ ਦੇਣੀ ਸਿੱਖਾਂਗੇ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਸਾਡੀ “ਸਿਖਲਾਈ ਪੂਰੀ ਕਰੇਗਾ।” ਇਸ ਰਾਹੀਂ ਪਰਮੇਸ਼ੁਰ ਸਾਡੀ ਮਦਦ ਕਰੇਗਾ ਕਿ ਅਸੀਂ ਆਪਣੇ ਵਿਚ ਨਿਮਰਤਾ ਦੇ ਨਾਲ-ਨਾਲ ਹੋਰ ਗੁਣ ਵੀ ਪੈਦਾ ਕਰੀਏ।1 ਪਤ. 5:10.

19. ਕਿਹੜੀ ਗੱਲ ਸਾਡੀ ਨਿਮਰ ਬਣੇ ਰਹਿਣ ਵਿਚ ਮਦਦ ਕਰ ਸਕਦੀ ਹੈ?

19 ਕੀ ਤੁਹਾਨੂੰ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਯਹੂਦਾਹ ਤੋਂ ਆਏ ਨਬੀ ਬਾਰੇ ਯਾਦ ਹੈ? ਨਿਮਰ ਨਾ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ ਅਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਗੁਆ ਬੈਠਾ। ਪਰ ਅਸੀਂ ਉਦੋਂ ਵੀ ਨਿਮਰ ਬਣੇ ਰਹਿ ਸਕਦੇ ਹਾਂ, ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ। ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਨਿਮਰ ਰਹਿਣਾ ਮੁਮਕਿਨ ਹੈ। ਅਸੀਂ ਜਿੰਨਾ ਜ਼ਿਆਦਾ ਯਹੋਵਾਹ ਦੇ ਨਾਲ-ਨਾਲ ਚੱਲਾਂਗੇ, ਉੱਨਾ ਜ਼ਿਆਦਾ ਅਸੀਂ ਉਸ ’ਤੇ ਭਰੋਸਾ ਕਰਾਂਗੇ। (ਕਹਾ. 8:13) ਸਾਡੇ ਹਾਲਾਤ ਚਾਹੇ ਜੋ ਮਰਜ਼ੀ ਹੋਣ, ਪਰ ਫਿਰ ਵੀ ਅਸੀਂ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹਿ ਸਕਦੇ ਹਾਂ। ਇਸ ਤੋਂ ਵੱਡਾ ਸਨਮਾਨ ਹੋਰ ਕੋਈ ਹੋ ਹੀ ਨਹੀਂ ਸਕਦਾ। ਸੋ ਆਓ ਆਪਾਂ ਨਿਮਰ ਬਣੇ ਰਹਿਣ ਅਤੇ ਯਹੋਵਾਹ ਦੇ ਨਾਲ-ਨਾਲ ਚੱਲਦੇ ਰਹਿਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹੀਏ।