Skip to content

Skip to table of contents

ਐਰਿਕ ਅਤੇ ਏਮੀ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—⁠ਘਾਨਾ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—⁠ਘਾਨਾ

ਕੀ ਤੁਸੀਂ ਅਜਿਹੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜਿਹੜੇ ਉਨ੍ਹਾਂ ਦੇਸ਼ਾਂ ਵਿਚ ਸੇਵਾ ਕਰਨ ਗਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਕੀ ਤੁਸੀਂ ਕਦੇ ਆਪਣੇ ਆਪ ਤੋਂ ਪੁੱਛਿਆ: ‘ਉਹ ਭੈਣ-ਭਰਾ ਕਿਸੇ ਹੋਰ ਦੇਸ਼ ਵਿਚ ਸੇਵਾ ਕਿਉਂ ਕਰਨੀ ਚਾਹੁੰਦੇ ਹਨ? ਉਹ ਹੋਰ ਦੇਸ਼ ਵਿਚ ਸੇਵਾ ਕਰਨ ਲਈ ਤਿਆਰੀ ਕਿੱਦਾਂ ਕਰਦੇ ਹਨ? ਕੀ ਮੈਂ ਵੀ ਇੱਦਾਂ ਕਰ ਸਕਦਾ ਹਾਂ?’ ਇਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਅਸੀਂ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਜਾਣ ਸਕਦੇ ਹਾਂ। ਚਲੋ ਆਓ ਆਪਾਂ ਇਨ੍ਹਾਂ ਨਾਲ ਗੱਲ ਕਰੀਏ।

ਉਹ ਹੋਰ ਦੇਸ਼ ਵਿਚ ਸੇਵਾ ਕਿਉਂ ਕਰਨੀ ਚਾਹੁੰਦੇ ਹਨ?

ਤੁਸੀਂ ਉਸ ਦੇਸ਼ ਵਿਚ ਸੇਵਾ ਕਰਨ ਬਾਰੇ ਕਿਉਂ ਸੋਚਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਏਮੀ ਅਮਰੀਕਾ ਤੋਂ ਹੈ ਜੋ ਹੁਣ 35 ਕੁ ਸਾਲਾਂ ਦੀ ਹੈ। ਉਹ ਦੱਸਦੀ ਹੈ: “ਮੈਂ ਬਹੁਤ ਸਾਲਾਂ ਤੋਂ ਕਿਸੇ ਹੋਰ ਦੇਸ਼ ਵਿਚ ਸੇਵਾ ਕਰਨ ਬਾਰੇ ਸੋਚਦੀ ਸੀ। ਪਰ ਮੈਨੂੰ ਲੱਗਦਾ ਸੀ ਕਿ ਮੈਂ ਇੱਦਾਂ ਕਦੀ ਨਹੀਂ ਕਰ ਸਕਦੀ।” ਪਰ ਉਸ ਦੀ ਸੋਚ ਕਿੱਦਾਂ ਬਦਲੀ? “ਬੇਲੀਜ਼ ਵਿਚ ਸੇਵਾ ਕਰ ਰਹੇ ਇਕ ਵਿਆਹੇ ਜੋੜੇ ਨੇ 2004 ਵਿਚ ਮੈਨੂੰ ਆਪਣੇ ਨਾਲ ਇਕ ਮਹੀਨੇ ਲਈ ਪਾਇਨੀਅਰਿੰਗ ਕਰਨ ਲਈ ਬੁਲਾਇਆ। ਜਦੋਂ ਮੈਂ ਉੱਥੇ ਗਈ, ਤਾਂ ਮੈਨੂੰ ਬਹੁਤ ਮਜ਼ਾ ਆਇਆ। ਇਕ ਸਾਲ ਬਾਅਦ ਮੈਂ ਪਾਇਨੀਅਰਿੰਗ ਕਰਨ ਲਈ ਘਾਨਾ ਚਲੀ ਗਈ।”

ਐਰਨ ਅਤੇ ਸਟੈਫ਼ਨੀ

ਸਟੈਫ਼ਨੀ ਵੀ ਅਮਰੀਕਾ ਦੀ ਰਹਿਣ ਵਾਲੀ ਹੈ ਜੋ ਹੁਣ 29-30 ਸਾਲਾਂ ਦੀ ਹੈ। ਕੁਝ ਸਾਲ ਪਹਿਲਾਂ ਉਸ ਨੇ ਆਪਣੇ ਹਾਲਾਤਾਂ ਦੀ ਜਾਂਚ ਕਰਦਿਆਂ ਸੋਚਿਆ: ‘ਮੇਰੀ ਚੰਗੀ-ਭਲੀ ਸਿਹਤ ਹੈ ਅਤੇ ਮੇਰੇ ਸਿਰ ’ਤੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ। ਮੈਂ ਜਿੰਨੀ ਯਹੋਵਾਹ ਦੀ ਸੇਵਾ ਕਰ ਰਹੀ ਹਾਂ, ਮੈਂ ਉਸ ਤੋਂ ਜ਼ਿਆਦਾ ਕਰ ਸਕਦੀ ਹਾਂ।’ ਜਾਂਚ ਕਰਨ ਤੋਂ ਬਾਅਦ ਉਹ ਹੋਰ ਸੇਵਾ ਕਰਨ ਲਈ ਘਾਨਾ ਚਲੀ ਗਈ। ਡੈਨਮਾਰਕ ਦੇ ਰਹਿਣ ਵਾਲੇ 50-55 ਸਾਲਾਂ ਦੇ ਫਿਲਿਪ ਅਤੇ ਆਇਡਾ ਪਾਇਨੀਅਰ ਹਨ। ਉਨ੍ਹਾਂ ਦਾ ਸੁਪਨਾ ਸੀ ਕਿ ਉਹ ਉਸ ਦੇਸ਼ ਵਿਚ ਜਾ ਕੇ ਸੇਵਾ ਕਰਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਨੇ ਆਪਣੇ ਇਸ ਸੁਪਨੇ ਨੂੰ ਸਕਾਰ ਕਰਨ ਲਈ ਕਦਮ ਚੁੱਕੇ। ਫਿਲਿਪ ਕਹਿੰਦਾ ਹੈ: “ਜਦੋਂ ਸਾਨੂੰ ਹੋਰ ਦੇਸ਼ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਸਾਨੂੰ ਇੱਦਾਂ ਲੱਗਾ ਕਿ ਯਹੋਵਾਹ ਸਾਨੂੰ ਕਹਿ ਰਿਹਾ ਸੀ: ‘ਜਾਓ!’” ਉਹ 2008 ਵਿਚ ਘਾਨਾ ਚਲੇ ਗਏ ਅਤੇ ਉਨ੍ਹਾਂ ਨੇ ਉੱਥੇ ਤਿੰਨ ਤੋਂ ਜ਼ਿਆਦਾ ਸਾਲ ਸੇਵਾ ਕੀਤੀ।

ਬਰੂਕ ਅਤੇ ਹੈਨਜ਼

ਅਮਰੀਕਾ ਵਿਚ ਰਹਿਣ ਵਾਲੇ ਹੈਨਜ਼ ਅਤੇ ਬਰੂਕ 30 ਕੁ ਸਾਲਾਂ ਦੇ ਹਨ ਅਤੇ ਪਾਇਨੀਅਰ ਹਨ। 2005 ਵਿਚ ਕਟਰੀਨਾ ਨਾਂ ਦੇ ਤੂਫ਼ਾਨ ਨਾਲ ਹੋਈ ਤਬਾਹੀ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਕੁਝ ਸਮੇਂ ਬਾਅਦ ਇਨ੍ਹਾਂ ਨੇ ਹੋਰ ਦੇਸ਼ਾਂ ਵਿਚ ਉਸਾਰੀ ਦਾ ਕੰਮ ਕਰਨ ਲਈ ਫਾਰਮ ਭਰਿਆ। ਪਰ ਇਨ੍ਹਾਂ ਨੂੰ ਸੱਦਾ ਨਹੀਂ ਮਿਲਿਆ। ਹੈਨਜ਼ ਯਾਦ ਕਰਦਾ ਹੈ: “ਅਸੀਂ ਵੱਡੇ ਸੰਮੇਲਨ ਵਿਚ ਇਕ ਭਾਸ਼ਣ ਸੁਣਿਆ ਜਿਸ ਵਿਚ ਦਾਊਦ ਬਾਰੇ ਦੱਸਿਆ ਗਿਆ ਸੀ। ਚਾਹੇ ਦਾਊਦ ਨੂੰ ਮੰਦਰ ਬਣਾਉਣ ਦਾ ਸਨਮਾਨ ਨਹੀਂ ਮਿਲਿਆ, ਪਰ ਉਹ ਨਿਰਾਸ਼ ਨਹੀਂ ਹੋਇਆ। ਇਸ ਦੀ ਬਜਾਇ, ਉਸ ਨੇ ਕੋਈ ਹੋਰ ਟੀਚਾ ਰੱਖ ਲਿਆ। ਇਸ ਗੱਲ ਨੇ ਸਾਡੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਕਦੀ-ਕਦੀ ਆਪਣੇ ਟੀਚੇ ਬਦਲਣੇ ਪੈਂਦੇ ਹਨ।” (1 ਇਤ. 17:1-4, 11, 12; 22:5-11) ਬਰੂਕ ਕਹਿੰਦੀ ਹੈ: “ਯਹੋਵਾਹ ਚਾਹੁੰਦਾ ਸੀ ਕਿ ਅਸੀਂ ਕਦੀ ਹਾਰ ਨਾ ਮੰਨੀਏ।”

ਹੈਨਜ਼ ਅਤੇ ਬਰੂਕ ਦੇ ਦੋਸਤਾਂ ਨੇ ਹੋਰ ਦੇਸ਼ਾਂ ਵਿਚ ਸੇਵਾ ਕੀਤੀ ਸੀ। ਜਦੋਂ ਇਨ੍ਹਾਂ ਨੇ ਆਪਣੇ ਦੋਸਤਾਂ ਦੇ ਵਧੀਆ ਤਜਰਬੇ ਸੁਣੇ, ਤਾਂ ਇਨ੍ਹਾਂ ਨੇ ਵੀ ਕਿਸੇ ਹੋਰ ਦੇਸ਼ ਵਿਚ ਪਾਇਨੀਅਰਿੰਗ ਕਰਨ ਬਾਰੇ ਸੋਚਿਆ। 2012 ਵਿਚ ਉਹ ਘਾਨਾ ਚਲੇ ਗਏ ਅਤੇ ਉਨ੍ਹਾਂ ਨੇ ਉੱਥੇ ਚਾਰ ਮਹੀਨਿਆਂ ਲਈ ਇਕ ਸੈਨਤ ਭਾਸ਼ਾ ਦੀ ਮੰਡਲੀ ਵਿਚ ਸੇਵਾ ਕੀਤੀ। ਭਾਵੇਂ ਉਨ੍ਹਾਂ ਨੂੰ ਅਮਰੀਕਾ ਵਾਪਸ ਜਾਣਾ ਪਿਆ, ਪਰ ਘਾਨਾ ਵਿਚ ਸੇਵਾ ਕਰਕੇ ਉਨ੍ਹਾਂ ਦੇ ਦਿਲਾਂ ਵਿਚ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਦੀ ਇੱਛਾ ਹੋਰ ਵਧੀ। ਕੁਝ ਸਮੇਂ ਬਾਅਦ ਉਨ੍ਹਾਂ ਨੇ ਮਾਈਕ੍ਰੋਨੇਸ਼ੀਆ ਦਾ ਸ਼ਾਖ਼ਾ ਦਫ਼ਤਰ ਬਣਾਉਣ ਵਿਚ ਵੀ ਹੱਥ ਵਟਾਇਆ।

ਉਨ੍ਹਾਂ ਨੇ ਆਪਣੇ ਟੀਚੇ ਹਾਸਲ ਕਰਨ ਲਈ ਕੁਝ ਕਦਮ ਚੁੱਕੇ

ਤੁਸੀਂ ਉੱਥੇ ਜਾ ਕੇ ਸੇਵਾ ਕਰਨ ਦੀ ਤਿਆਰੀ ਕਿਵੇਂ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਸਟੈਫ਼ਨੀ ਦੱਸਦੀ ਹੈ: “ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਜਾ ਕੇ ਸੇਵਾ ਕਰਨ ਸੰਬੰਧੀ ਮੈਂ ਪਹਿਰਾਬੁਰਜ ਲੇਖਾਂ ਵਿੱਚੋਂ ਖੋਜਬੀਨ ਕੀਤੀ। * ਮੈਂ ਆਪਣੀ ਇਸ ਇੱਛਾ ਬਾਰੇ ਸਫ਼ਰੀ ਨਿਗਾਹਬਾਨ ਤੇ ਉਸ ਦੀ ਪਤਨੀ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਦੱਸਿਆ। ਨਾਲੇ ਮੈਂ ਅਕਸਰ ਯਹੋਵਾਹ ਨੂੰ ਵੀ ਆਪਣੀ ਇਸ ਇੱਛਾ ਬਾਰੇ ਦੱਸਦੀ ਹੁੰਦੀ ਸੀ।” ਨਾਲੇ ਸਟੈਫ਼ਨੀ ਨੇ ਪੈਸੇ ਬਚਾਉਣ ਲਈ ਆਪਣੀ ਜ਼ਿੰਦਗੀ ਹੋਰ ਵੀ ਸਾਦੀ ਕੀਤੀ ਤਾਂਕਿ ਕਿਸੇ ਹੋਰ ਦੇਸ਼ ਵਿਚ ਸੇਵਾ ਕਰਦਿਆਂ ਉਹ ਆਪਣਾ ਖ਼ਰਚਾ ਆਪ ਚੁੱਕ ਸਕੇ।

ਹੈਨਜ਼ ਦੱਸਦਾ ਹੈ: “ਅਸੀਂ ਉਹੀ ਕਰਨਾ ਚਾਹੁੰਦੇ ਸੀ ਜੋ ਯਹੋਵਾਹ ਚਾਹੁੰਦਾ ਸੀ, ਇਸ ਲਈ ਅਸੀਂ ਯਹੋਵਾਹ ਨੂੰ ਸੇਧ ਲਈ ਪ੍ਰਾਰਥਨਾ ਕੀਤੀ। ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਇਹ ਵੀ ਦੱਸਿਆ ਕਿ ਅਸੀਂ ਕਿਹੜੀ ਤਾਰੀਖ਼ ਨੂੰ ਜਾਣਾ ਚਾਹੁੰਦੇ ਸੀ।” ਇਸ ਜੋੜੇ ਨੇ ਚਾਰ ਵੱਖੋ-ਵੱਖਰੇ ਸ਼ਾਖ਼ਾ ਦਫ਼ਤਰਾਂ ਨੂੰ ਚਿੱਠੀਆਂ ਲਿਖੀਆਂ। ਘਾਨਾ ਸ਼ਾਖ਼ਾ ਦਫ਼ਤਰ ਤੋਂ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਨੇ ਉੱਥੇ ਜਾ ਕੇ ਦੋ ਮਹੀਨੇ ਸੇਵਾ ਕਰਨ ਬਾਰੇ ਸੋਚਿਆ। ਹੈਨਜ਼ ਕਹਿੰਦਾ ਹੈ: “ਸਾਨੂੰ ਉੱਥੇ ਦੀ ਮੰਡਲੀ ਨਾਲ ਸੇਵਾ ਕਰ ਕੇ ਇੰਨਾ ਜ਼ਿਆਦਾ ਮਜ਼ਾ ਆਇਆ ਕਿ ਅਸੀਂ ਆਪਣੀਆਂ ਟਿਕਟਾਂ ਅੱਗੇ ਕਰਾ ਲਈਆਂ।”

ਏਡਰੀਆ ਅਤੇ ਜੋਰਜ

ਕੈਨੇਡਾ ਤੋਂ ਜੋਰਜ ਅਤੇ ਏਡਰੀਆ 38-39 ਸਾਲਾਂ ਦੇ ਹਨ। ਉਨ੍ਹਾਂ ਨੇ ਇਹ ਗੱਲ ਯਾਦ ਰੱਖੀ ਕਿ ਯਹੋਵਾਹ ਸਿਰਫ਼ ਨੇਕ ਇਰਾਦਿਆਂ ’ਤੇ ਹੀ ਨਹੀਂ, ਸਗੋਂ ਚੰਗੇ ਫ਼ੈਸਲਿਆਂ ’ਤੇ ਵੀ ਬਰਕਤਾਂ ਪਾਉਂਦਾ ਹੈ। ਸੋ ਉਨ੍ਹਾਂ ਨੇ ਆਪਣਾ ਟੀਚਾ ਹਾਸਲ ਕਰਨ ਲਈ ਕੁਝ ਕਦਮ ਚੁੱਕੇ। ਉਨ੍ਹਾਂ ਨੇ ਇਕ ਭੈਣ ਨਾਲ ਸੰਪਰਕ ਕਰ ਕੇ ਉਸ ਤੋਂ ਬਹੁਤ ਸਾਰੇ ਸਵਾਲ ਪੁੱਛੇ ਜੋ ਕਿਸੇ ਹੋਰ ਦੇਸ਼ ਤੋਂ ਆ ਕੇ ਘਾਨਾ ਵਿਚ ਸੇਵਾ ਕਰ ਰਹੀ ਸੀ। ਨਾਲੇ ਉਨ੍ਹਾਂ ਨੇ ਕੈਨੇਡਾ ਅਤੇ ਘਾਨਾ ਦੇ ਸ਼ਾਖ਼ਾ ਦਫ਼ਤਰ ਨੂੰ ਵੀ ਚਿੱਠੀਆਂ ਲਿਖੀਆਂ। ਏਡਰੀਆ ਦੱਸਦੀ ਹੈ: “ਅਸੀਂ ਆਪਣੀ ਜ਼ਿੰਦਗੀ ਪਹਿਲਾਂ ਹੀ ਸਾਦੀ ਕਰ ਚੁੱਕੇ ਸੀ, ਪਰ ਅਸੀਂ ਇਸ ਨੂੰ ਹੋਰ ਵੀ ਸਾਦੀ ਕਰਨ ਦੀ ਕੋਸ਼ਿਸ਼ ਕੀਤੀ।” ਇਸ ਤਰ੍ਹਾਂ ਦੇ ਕਦਮ ਚੁੱਕਣ ਕਰਕੇ ਉਹ 2004 ਵਿਚ ਘਾਨਾ ਜਾ ਸਕੇ।

ਚੁਣੌਤੀਆਂ ਦਾ ਸਾਮ੍ਹਣਾ ਕਰਨਾ

ਉੱਥੇ ਜਾ ਕੇ ਤੁਹਾਨੂੰ ਕਿਹੜੀਆਂ ਚੁਣੌਤੀਆਂ ਆਈਆਂ ਅਤੇ ਤੁਸੀਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕੀਤਾ? ਸ਼ੁਰੂ-ਸ਼ੁਰੂ ਵਿਚ ਏਮੀ ਨੂੰ ਆਪਣੇ ਘਰ ਦੀ ਯਾਦ ਸਤਾਉਂਦੀ ਸੀ। “ਉੱਥੇ ਸਾਰਾ ਕੁਝ ਅਲੱਗ ਹੀ ਸੀ।” ਕਿਸ ਗੱਲ ਨੇ ਉਸ ਦੀ ਮਦਦ ਕੀਤੀ? “ਮੇਰੇ ਘਰਦੇ ਮੈਨੂੰ ਫ਼ੋਨ ਕਰ ਕੇ ਕਹਿੰਦੇ ਸਨ ਕਿ ਮੈਂ ਜੋ ਸੇਵਾ ਕਰ ਰਹੀ ਹਾਂ, ਉਹ ਉਸ ਦੀ ਬਹੁਤ ਕਦਰ ਕਰਦੇ ਹਨ। ਇਸ ਗੱਲ ਨੇ ਮੇਰੀ ਮਦਦ ਕੀਤੀ ਕਿ ਮੈਂ ਉੱਥੇ ਰਹਿ ਕੇ ਯਹੋਵਾਹ ਦੀ ਸੇਵਾ ਕਰਦੀ ਰਹਾਂ। ਬਾਅਦ ਵਿਚ ਮੈਂ ਆਪਣੇ ਪਰਿਵਾਰ ਨਾਲ ਇੰਟਰਨੈੱਟ ਰਾਹੀਂ ਗੱਲ ਕਰਨ ਲੱਗ ਪਈ ਅਤੇ ਅਸੀਂ ਇਕ-ਦੂਜੇ ਨੂੰ ਦੇਖ ਸਕਦੇ ਸੀ। ਇਸ ਤਰ੍ਹਾਂ ਗੱਲ ਕਰਨ ਕਰਕੇ ਮੈਨੂੰ ਲੱਗਾ ਕਿ ਮੇਰਾ ਪਰਿਵਾਰ ਮੇਰੇ ਤੋਂ ਦੂਰ ਨਹੀਂ।” ਏਮੀ ਦੱਸਦੀ ਹੈ ਕਿ ਉਸ ਦੀ ਦੋਸਤੀ ਇਕ ਸਮਝਦਾਰ ਭੈਣ ਨਾਲ ਹੋ ਗਈ। ਉਸ ਭੈਣ ਦੀ ਮਦਦ ਨਾਲ ਉਹ ਉੱਥੇ ਦੇ ਰਹਿਣ-ਸਹਿਣ ਨੂੰ ਚੰਗੀ ਤਰ੍ਹਾਂ ਸਮਝ ਸਕੀ। “ਇਹ ਭੈਣ ਮੇਰੀ ਬਹੁਤ ਵਧੀਆ ਸਹੇਲੀ ਬਣ ਗਈ। ਜਦੋਂ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਉੱਥੋਂ ਦੇ ਲੋਕ ਅਜੀਬ ਤਰੀਕੇ ਨਾਲ ਕਿਉਂ ਪੇਸ਼ ਆਉਂਦੇ ਸਨ, ਤਾਂ ਮੈਂ ਉਸ ਤੋਂ ਪੁੱਛ ਸਕਦੀ ਸੀ। ਉਸ ਦੀ ਮਦਦ ਨਾਲ ਮੈਂ ਜਾਣ ਸਕੀ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਜਿਸ ਕਰਕੇ ਮੈਂ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਦੀ ਰਹਿ ਸਕੀ।”

ਜੋਰਜ ਅਤੇ ਏਡਰੀਆ ਦੱਸਦੇ ਹਨ ਕਿ ਜਦੋਂ ਉਹ ਘਾਨਾ ਪਹੁੰਚੇ, ਤਾਂ ਉਨ੍ਹਾਂ ਨੂੰ ਇੱਦਾਂ ਲੱਗਾ ਕਿ ਉਹ ਪੁਰਾਣੇ ਜ਼ਮਾਨੇ ਵਿਚ ਆ ਗਏ ਹੋਣ। ਏਡਰੀਆ ਦੱਸਦੀ ਹੈ: “ਕੱਪੜੇ ਧੋਣ ਵਾਲੀ ਮਸ਼ੀਨ ਵੀ ਨਹੀਂ ਸੀ, ਇਸ ਕਰਕੇ ਸਾਨੂੰ ਬਾਲਟੀਆਂ ਵਰਤਣੀਆਂ ਪਈਆਂ। ਇੱਥੇ ਖਾਣਾ ਬਣਾਉਣਾ ਬਹੁਤ ਖੇਚਲ਼ ਦਾ ਕੰਮ ਸੀ। ਮੈਂ ਆਪਣੇ ਘਰ ਵਿਚ ਸੌਖਿਆਂ ਹੀ ਖਾਣਾ ਬਣਾ ਲੈਂਦੀ ਸੀ, ਪਰ ਇੱਥੇ ਇੱਦਾਂ ਲੱਗਦਾ ਸੀ ਕਿ ਮੈਂ ਸਾਰਾ ਦਿਨ ਰਸੋਈ ਵਿਚ ਰਹਿੰਦੀ ਸੀ। ਇੱਦਾਂ ਦੇ ਬਹੁਤ ਸਾਰੇ ਕੰਮ ਸਨ ਜੋ ਸਾਨੂੰ ਔਖੇ ਲੱਗਦੇ ਸਨ। ਪਰ ਇਹ ਕੰਮ ਕਰ ਕੇ ਸਾਨੂੰ ਨਵੇਂ ਤਜਰਬੇ ਹੋਏ ਹਨ ਜਿਨ੍ਹਾਂ ਬਾਰੇ ਅਸੀਂ ਦੂਜਿਆਂ ਨੂੰ ਦੱਸ ਸਕਦੇ ਹਾਂ।” ਬਰੂਕ ਦੱਸਦੀ ਹੈ: “ਸਾਡੇ ਵਾਂਗ ਹੋਰ ਦੇਸ਼ਾਂ ਤੋਂ ਆਏ ਪਾਇਨੀਅਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਪਰ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਅਸੀਂ ਸਾਰੇ ਖ਼ੁਸ਼ ਹਾਂ। ਜਦੋਂ ਅਸੀਂ ਆਪਣੇ ਵਧੀਆ ਤਜਰਬਿਆਂ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਮਿੱਠੀਆਂ ਯਾਦਾਂ ਦਾ ਇਕ ਗੁਲਦਸਤਾ ਬਣ ਜਾਂਦਾ ਹੈ।”

ਪ੍ਰਚਾਰ ਵਿਚ ਬਰਕਤਾਂ

ਤੁਸੀਂ ਹੋਰ ਭੈਣਾਂ-ਭਰਾਵਾਂ ਨੂੰ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਦੀ ਹੱਲਾਸ਼ੇਰੀ ਕਿਉਂ ਦਿਓਗੇ? ਸਟੈਫ਼ਨੀ ਦੱਸਦੀ ਹੈ: “ਉਸ ਇਲਾਕੇ ਵਿਚ ਪ੍ਰਚਾਰ ਕਰਨ ਨਾਲ ਬਹੁਤ ਖ਼ੁਸ਼ੀ ਮਿਲਦੀ ਹੈ ਜਿੱਥੇ ਲੋਕ ਸੱਚਾਈ ਦੇ ਭੁੱਖੇ-ਪਿਆਸੇ ਹਨ ਅਤੇ ਉਹ ਹਰ ਰੋਜ਼ ਸਟੱਡੀ ਕਰਨੀ ਚਾਹੁੰਦੇ ਹਨ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਹੈ ਕਿ ਮੈਂ ਉੱਥੇ ਸੇਵਾ ਕਰਾਂ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।” 2014 ਵਿਚ ਸਟੈਫ਼ਨੀ ਦਾ ਵਿਆਹ ਐਰਨ ਨਾਲ ਹੋ ਗਿਆ ਅਤੇ ਉਹ ਅੱਜ ਘਾਨਾ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰ ਰਹੇ ਹਨ।

31-32 ਸਾਲਾਂ ਦੀ ਕ੍ਰਿਸਟੀਨ ਜਰਮਨੀ ਤੋਂ ਹੈ ਅਤੇ ਪਾਇਨੀਅਰਿੰਗ ਕਰ ਰਹੀ ਹੈ। ਉਹ ਦੱਸਦੀ ਹੈ: “ਕਿਸੇ ਹੋਰ ਦੇਸ਼ ਵਿਚ ਜਾ ਕੇ ਪ੍ਰਚਾਰ ਕਰਨ ਦਾ ਆਪਣਾ ਹੀ ਮਜ਼ਾ ਹੈ।” ਘਾਨਾ ਆਉਣ ਤੋਂ ਪਹਿਲਾਂ ਕ੍ਰਿਸਟੀਨ ਬੋਲੀਵੀਆ ਵਿਚ ਸੇਵਾ ਕਰਦੀ ਸੀ। ਉਹ ਅੱਗੇ ਦੱਸਦੀ ਹੈ: “ਆਪਣੇ ਪਰਿਵਾਰ ਤੋਂ ਦੂਰ ਹੋਣ ਕਰਕੇ ਮੈਂ ਹਮੇਸ਼ਾ ਯਹੋਵਾਹ ਤੋਂ ਮਦਦ ਭਾਲਦੀ ਹਾਂ। ਮੇਰਾ ਉਸ ਨਾਲ ਰਿਸ਼ਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੂੜ੍ਹਾ ਹੋਇਆ ਹੈ। ਮੈਂ ਇੱਥੇ ਦੇ ਭੈਣ-ਭਰਾਵਾਂ ਦੇ ਪਿਆਰ ਦਾ ਵੀ ਆਨੰਦ ਮਾਣਦੀ ਹਾਂ। ਇਹ ਸੇਵਾ ਕਰ ਕੇ ਮੇਰੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਗਈ ਹੈ।” ਹਾਲ ਹੀ ਵਿਚ ਕ੍ਰਿਸਟੀਨ ਦਾ ਵਿਆਹ ਗਿਡਿਅਨ ਨਾਲ ਹੋਇਆ ਅਤੇ ਉਹ ਦੋਨੋਂ ਘਾਨਾ ਵਿਚ ਸੇਵਾ ਕਰ ਰਹੇ ਹਨ।

ਕ੍ਰਿਸਟੀਨ ਅਤੇ ਗਿਡਿਅਨ

ਆਓ ਆਪਾਂ ਦੇਖੀਏ ਕਿ ਫਿਲਿਪ ਅਤੇ ਆਇਡਾ ਨੇ ਕੀ ਕੀਤਾ ਤਾਂਕਿ ਉਨ੍ਹਾਂ ਦੀਆਂ ਸਟੱਡੀਆਂ ਸੱਚਾਈ ਵਿਚ ਤਰੱਕੀ ਕਰ ਸਕਣ। “ਪਹਿਲਾਂ ਸਾਡੇ ਕੋਲ 15 ਤੋਂ ਜ਼ਿਆਦਾ ਸਟੱਡੀਆਂ ਸਨ। ਪਰ ਅਸੀਂ 10 ਤੋਂ ਜ਼ਿਆਦਾ ਸਟੱਡੀਆਂ ਨਹੀਂ ਕਰਾਉਂਦੇ ਸੀ ਤਾਂਕਿ ਅਸੀਂ ਆਪਣੀਆਂ ਸਟੱਡੀਆਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਿਖਾ ਸਕੀਏ।” ਪਰ ਕੀ ਇਸ ਦਾ ਵਿਦਿਆਰਥੀਆਂ ਨੂੰ ਕੋਈ ਫ਼ਾਇਦਾ ਹੋਇਆ? ਫਿਲਿਪ ਦੱਸਦਾ ਹੈ: “ਮੈਂ ਮਾਈਕਲ ਨਾਂ ਦੇ ਜਵਾਨ ਮੁੰਡੇ ਨੂੰ ਸਟੱਡੀ ਕਰਾਉਂਦਾ ਸੀ। ਉਹ ਹਰ ਰੋਜ਼ ਸਟੱਡੀ ਕਰਨ ਲਈ ਤਿਆਰ ਸੀ। ਉਹ ਇੰਨੀ ਵਧੀਆ ਤਿਆਰੀ ਕਰਦਾ ਸੀ ਕਿ ਉਸ ਨੇ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਇਕ ਮਹੀਨੇ ਦੇ ਅੰਦਰ-ਅੰਦਰ ਖ਼ਤਮ ਕਰ ਲਈ। ਇਸ ਤੋਂ ਬਾਅਦ ਮਾਈਕਲ ਪ੍ਰਚਾਰ ’ਤੇ ਜਾਣ ਲੱਗ ਪਿਆ। ਪ੍ਰਚਾਰ ਦੇ ਪਹਿਲੇ ਦਿਨ ਹੀ ਉਸ ਨੇ ਮੈਨੂੰ ਕਿਹਾ: ‘ਕੀ ਤੁਸੀਂ ਸਟੱਡੀਆਂ ਕਰਾਉਣ ਵਿਚ ਮੇਰੀ ਮਦਦ ਕਰੋਗੇ?’ ਮੈਂ ਹੈਰਾਨ ਰਹਿ ਗਿਆ। ਮਾਈਕਲ ਨੇ ਮੈਨੂੰ ਦੱਸਿਆ ਕਿ ਉਸ ਨੇ ਤਿੰਨ ਸਟੱਡੀਆਂ ਸ਼ੁਰੂ ਕੀਤੀਆਂ ਹਨ ਅਤੇ ਉਸ ਨੂੰ ਸਟੱਡੀਆਂ ਕਰਾਉਣ ਵਿਚ ਮਦਦ ਦੀ ਲੋੜ ਹੈ।” ਸੋਚੋ ਕਿ ਉਸ ਦੇਸ਼ ਵਿਚ ਪ੍ਰਚਾਰਕਾਂ ਦੀ ਇੰਨੀ ਜ਼ਿਆਦਾ ਲੋੜ ਹੈ ਕਿ ਵਿਦਿਆਰਥੀ ਵੀ ਸਟੱਡੀਆਂ ਕਰਾ ਰਹੇ ਹਨ!

ਆਇਡਾ ਅਤੇ ਫਿਲਿਪ

ਏਮੀ ਦੱਸਦੀ ਹੈ ਕਿ ਉੱਥੇ ਪ੍ਰਚਾਰਕਾਂ ਦੀ ਕਿੰਨੀ ਲੋੜ ਹੈ: “ਘਾਨਾ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਮੈਂ ਉੱਥੇ ਦੇ ਭੈਣਾਂ-ਭਰਾਵਾਂ ਨਾਲ ਇਕ ਛੋਟੇ ਜਿਹੇ ਪਿੰਡ ਵਿਚ ਪ੍ਰਚਾਰ ਕੀਤਾ ਅਤੇ ਗੁੰਗੇ-ਬੋਲ਼ੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਉਸ ਪਿੰਡ ਵਿਚ ਸਾਨੂੰ ਸਿਰਫ਼ ਇਕ ਬੋਲ਼ਾ ਵਿਅਕਤੀ ਨਹੀਂ, ਸਗੋਂ ਅੱਠ ਬੋਲ਼ੇ ਲੋਕ ਮਿਲੇ।” ਘਾਨਾ ਵਿਚ ਏਮੀ ਦਾ ਵਿਆਹ ਐਰਿਕ ਨਾਲ ਹੋ ਗਿਆ ਅਤੇ ਉਹ ਦੋਵੇਂ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਹੇ ਹਨ। ਉਹ ਸੈਨਤ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦੇ ਹਨ। ਉਸ ਮੰਡਲੀ ਵਿਚ ਲਗਭਗ 300 ਗੁੰਗੇ-ਬੋਲ਼ੇ ਭੈਣ-ਭਰਾ ਹਨ ਅਤੇ ਬਹੁਤ ਸਾਰੀਆਂ ਸਟੱਡੀਆਂ ਹਨ। ਘਾਨਾ ਵਿਚ ਸੇਵਾ ਕਰ ਕੇ ਜੋਰਜ ਅਤੇ ਏਡਰੀਆ ਨੂੰ ਪਤਾ ਲੱਗਾ ਕਿ ਦੂਜੇ ਦੇਸ਼ ਵਿਚ ਸੇਵਾ ਕਰਨ ਲਈ ਫੇਰ-ਬਦਲ ਕਰਨੇ ਕਿੰਨੇ ਜ਼ਰੂਰੀ ਹਨ। ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਗਿਲਿਅਡ ਸਕੂਲ ਦੀ 126ਵੀਂ ਕਲਾਸ ਵਿਚ ਜਾਣ ਦਾ ਸੱਦਾ ਮਿਲਿਆ। ਅੱਜ ਉਹ ਮੋਜ਼ਾਮਬੀਕ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਹੇ ਹਨ।

ਪਿਆਰ ਸਾਨੂੰ ਹਿੰਮਤ ਦਿੰਦਾ ਹੈ

ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਹੋਰ ਦੇਸ਼ਾਂ ਤੋਂ ਆਏ ਭੈਣ-ਭਰਾਵਾਂ ਨੂੰ ਦੇਖਦੇ ਹਾਂ ਕਿ ਉਹ ਸਾਡੇ ਨਾਲ ਵਾਢੀ ਦੇ ਕੰਮ ਵਿਚ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਹਨ। (ਯੂਹੰ. 4:35) ਹਰ ਹਫ਼ਤੇ ਘਾਨਾ ਵਿਚ ਲਗਭਗ 120 ਲੋਕ ਬਪਤਿਸਮਾ ਲੈਂਦੇ ਹਨ। ਜਿੱਦਾਂ ਇਨ੍ਹਾਂ 17 ਜਣਿਆਂ ਨੇ ਹੋਰ ਦੇਸ਼ਾਂ ਤੋਂ ਆ ਕੇ ਘਾਨਾ ਵਿਚ ਸੇਵਾ ਕੀਤੀ ਹੈ, ਉੱਦਾਂ ਹੀ ਹਜ਼ਾਰਾਂ ਭੈਣਾਂ-ਭਰਾਵਾਂ ਨੇ ਯਹੋਵਾਹ ਨਾਲ ਪਿਆਰ ਕਰਕੇ “ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼” ਕੀਤਾ। ਉਹ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਸੱਚ-ਮੁੱਚ ਇਹ ਭੈਣ-ਭਰਾ ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਕਰ ਰਹੇ ਹਨ!​—ਜ਼ਬੂ. 110:3; ਕਹਾ. 27:11.