Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਨਾਰਾਜ਼ਗੀ ਕਿਵੇਂ ਛੱਡੀਏ?

ਨਾਰਾਜ਼ਗੀ ਕਿਵੇਂ ਛੱਡੀਏ?

ਚੁਣੌਤੀ

ਤੁਹਾਡੇ ਸਾਥੀ ਨੇ ਤੁਹਾਨੂੰ ਕੁਝ ਬੁਰੀਆਂ ਗੱਲਾਂ ਕਹੀਆਂ ਸਨ ਜਾਂ ਬਿਨਾਂ ਸੋਚੇ-ਸਮਝੇ ਤੁਹਾਡੇ ਨਾਲ ਕੁਝ ਬੁਰਾ ਕੀਤਾ ਸੀ। ਤੁਹਾਡੇ ਲਈ ਉਸ ਦੇ ਕੌੜੇ ਸ਼ਬਦ ਤੇ ਕੰਮ ਭੁੱਲਣੇ ਬਹੁਤ ਔਖੇ ਹਨ। ਨਤੀਜੇ ਵਜੋਂ, ਤੁਹਾਡਾ ਪਿਆਰ ਨਾਰਾਜ਼ਗੀ ਵਿਚ ਬਦਲ ਗਿਆ ਹੈ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਰਿਸ਼ਤੇ ਵਿਚ ਪਿਆਰ ਨਾਂ ਦੀ ਚੀਜ਼ ਹੈ ਹੀ ਨਹੀਂ ਅਤੇ ਤੁਹਾਨੂੰ ਗਲ਼ ਪਿਆ ਢੋਲ ਵਜਾਉਣਾ ਹੀ ਪਵੇਗਾ। ਇਸ ਕਰਕੇ ਵੀ ਤੁਸੀਂ ਆਪਣੇ ਸਾਥੀ ਨਾਲ ਨਾਰਾਜ਼ ਰਹਿੰਦੇ ਹੋ।

ਪਰ ਭਰੋਸਾ ਰੱਖੋ ਕਿ ਤੁਹਾਡੇ ਰਿਸ਼ਤੇ ਵਿਚ ਸੁਧਾਰ ਆ ਸਕਦਾ ਹੈ। ਪਰ ਆਓ ਆਪਾਂ ਨਾਰਾਜ਼ਗੀ ਬਾਰੇ ਕੁਝ ਗੱਲਾਂ ’ਤੇ ਗੌਰ ਕਰੀਏ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਨਾਰਾਜ਼ਗੀ ਇਕ ਭਾਰੇ ਬੋਝ ਦੀ ਤਰ੍ਹਾਂ ਹੁੰਦੀ ਹੈ ਜੋ ਤੁਹਾਨੂੰ ਆਪਣੇ ਸਾਥੀ ਦੇ ਨਾਲ-ਨਾਲ ਚੱਲਣ ਤੋਂ ਰੋਕਦੀ ਹੈ

ਨਾਰਾਜ਼ਗੀ ਵਿਆਹੁਤਾ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ। ਕਿਵੇਂ? ਨਾਰਾਜ਼ਗੀ ਪਤੀ-ਪਤਨੀ ਦੇ ਆਪਸੀ ਪਿਆਰ, ਭਰੋਸੇ ਤੇ ਵਫ਼ਾਦਾਰੀ ਨੂੰ ਖ਼ਤਮ ਕਰ ਦਿੰਦੀ ਹੈ, ਜਦ ਕਿ ਇਨ੍ਹਾਂ ਗੁਣਾਂ ’ਤੇ ਹੀ ਉਨ੍ਹਾਂ ਦਾ ਰਿਸ਼ਤਾ ਟਿਕਿਆ ਹੋਣਾ ਚਾਹੀਦਾ ਹੈ। ਪਤੀ-ਪਤਨੀ ਵਿਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਨਾਰਾਜ਼ਗੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ। ਇਸੇ ਕਰਕੇ ਬਾਈਬਲ ਕਹਿੰਦੀ ਹੈ: ‘ਹਰ ਤਰ੍ਹਾਂ ਦਾ ਵੈਰ [“ਕੁੜੱਤਣ” OV] ਆਪਣੇ ਤੋਂ ਦੂਰ ਕਰੋ।’​—ਅਫ਼ਸੀਆਂ 4:31.

ਮਨ ਵਿਚ ਨਾਰਾਜ਼ਗੀ ਪਾਲਣ ਨਾਲ ਤੁਸੀਂ ਖ਼ੁਦ ਨੂੰ ਨੁਕਸਾਨ ਪਹੁੰਚਾਉਂਦੇ ਹੋ। ਕੀ ਇਹ ਸਹੀ ਹੈ ਕਿ ਤੁਸੀਂ ਆਪਣੇ ਮੂੰਹ ’ਤੇ ਚਪੇੜ ਮਾਰ ਕੇ ਉਮੀਦ ਕਰਦੇ ਹੋ ਕਿ ਦੂਸਰੇ ਵਿਅਕਤੀ ਨੂੰ ਦਰਦ ਹੋਵੇ? ਨਾਰਾਜ਼ਗੀ ਪਾਲ ਕੇ ਇੱਦਾਂ ਹੀ ਹੁੰਦਾ ਹੈ। ਆਪਣੀ ਕਿਤਾਬ ਰਿਸ਼ਤੇ ਵਿਚ ਆਈ ਦਰਾੜ ਨੂੰ ਭਰਨਾ (ਅੰਗ੍ਰੇਜ਼ੀ) ਵਿਚ ਮਾਰਕ ਜ਼ਿਕਲ ਕਹਿੰਦਾ ਹੈ: “ਪਰਿਵਾਰ ਦੇ ਜਿਸ ਮੈਂਬਰ ਨਾਲ ਤੁਸੀਂ ਨਾਰਾਜ਼ ਹੋ, ਸ਼ਾਇਦ ਉਸ ਨੂੰ ਕੋਈ ਫ਼ਿਕਰ ਨਾ ਹੋਵੇ, ਉਹ ਮੌਜਾਂ ਮਾਣ ਰਿਹਾ ਹੋਵੇ ਅਤੇ ਉਸ ’ਤੇ ਨਾਰਾਜ਼ਗੀ ਦਾ ਕੋਈ ਫ਼ਰਕ ਨਾ ਪਿਆ ਹੋਵੇ।” ਸਬਕ? ਜ਼ਿਕਲ ਕਹਿੰਦਾ ਹੈ: “ਉਸ ਨਾਲ ਨਾਰਾਜ਼ ਰਹਿ ਕੇ ਤੁਸੀਂ ਉਸ ਨੂੰ ਨਹੀਂ, ਸਗੋਂ ਆਪਣੇ ਆਪ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹੋ।”

ਕੀ ਇਹ ਸਹੀ ਹੈ ਕਿ ਤੁਸੀਂ ਆਪਣੇ ਮੂੰਹ ’ਤੇ ਚਪੇੜ ਮਾਰ ਕੇ ਉਮੀਦ ਕਰਦੇ ਹੋ ਕਿ ਦੂਸਰੇ ਵਿਅਕਤੀ ਨੂੰ ਦਰਦ ਹੋਵੇ? ਨਾਰਾਜ਼ਗੀ ਪਾਲ ਕੇ ਇੱਦਾਂ ਹੀ ਹੁੰਦਾ ਹੈ

ਫ਼ੈਸਲਾ ਤੁਹਾਡਾ ਹੈ। ਕੁਝ ਲੋਕ ਕਹਿੰਦੇ ਹਨ, ‘ਮੈਂ ਆਪਣੇ ਸਾਥੀ ਕਰਕੇ ਹੀ ਨਾਰਾਜ਼ ਰਹਿੰਦਾ ਹਾਂ।’ ਇਸ ਤਰ੍ਹਾਂ ਸੋਚਣਾ ਠੀਕ ਨਹੀਂ ਕਿਉਂਕਿ ਸਾਡਾ ਪੂਰਾ ਧਿਆਨ ਆਪਣੇ ਸਾਥੀ ਦੇ ਰਵੱਈਏ ਜਾਂ ਕੰਮਾਂ ਉੱਤੇ ਹੁੰਦਾ ਹੈ ਜਿਨ੍ਹਾਂ ’ਤੇ ਸਾਡਾ ਕੋਈ ਕੰਟ੍ਰੋਲ ਨਹੀਂ ਹੁੰਦਾ। ਇਸ ਦੇ ਉਲਟ ਬਾਈਬਲ ਇਹ ਸਲਾਹ ਦਿੰਦੀ ਹੈ: “ਹਰ ਇਨਸਾਨ ਖ਼ੁਦ ਆਪਣੇ ਕੰਮ ਦੀ ਜਾਂਚ ਕਰੇ।” (ਗਲਾਤੀਆਂ 6:4) ਅਸੀਂ ਦੂਸਰੇ ਵਿਅਕਤੀ ਨੂੰ ਕੁਝ ਕਹਿਣ ਜਾਂ ਕਰਨ ਤੋਂ ਰੋਕ ਨਹੀਂ ਸਕਦੇ, ਪਰ ਅਸੀਂ ਧਿਆਨ ਰੱਖ ਸਕਦੇ ਹਾਂ ਕਿ ਉਸ ਦੇ ਕੁਝ ਕਹਿਣ ਜਾਂ ਕਰਨ ਤੇ ਅਸੀਂ ਕਿਹੋ ਜਿਹਾ ਰਵੱਈਆ ਦਿਖਾਉਂਦੇ ਹਾਂ। ਨਾਰਾਜ਼ ਹੋਣ ਦੀ ਬਜਾਇ ਅਸੀਂ ਕੁਝ ਹੋਰ ਕਰ ਸਕਦੇ ਹਾਂ।

ਤੁਸੀਂ ਕੀ ਕਰ ਸਕਦੇ ਹੋ

ਆਪਣੇ ਸਾਥੀ ਨੂੰ ਕਸੂਰਵਾਰ ਨਾ ਠਹਿਰਾਓ। ਇਹ ਸੱਚ ਹੈ ਕਿ ਆਪਣੇ ਸਾਥੀ ਵਿਚ ਕਸੂਰ ਕੱਢਣਾ ਸੌਖਾ ਹੁੰਦਾ ਹੈ। ਪਰ ਯਾਦ ਰੱਖੋ ਕਿ ਤੁਸੀਂ ਜਾਂ ਤਾਂ ਨਾਰਾਜ਼ਗੀ ਪਾਲ ਸਕਦੇ ਹੋ ਜਾਂ ਮਾਫ਼ ਕਰ ਸਕਦੇ ਹੋ। ਤੁਸੀਂ ਬਾਈਬਲ ਦੀ ਇਸ ਸਲਾਹ ’ਤੇ ਚੱਲਣ ਦਾ ਫ਼ੈਸਲਾ ਕਰ ਸਕਦੇ ਹੋ: “ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।” (ਅਫ਼ਸੀਆਂ 4:26) ਜੇ ਤੁਸੀਂ ਮਾਫ਼ ਕਰਨ ਲਈ ਤਿਆਰ ਰਹਿੰਦੇ ਹੋ, ਤਾਂ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਵਧੀਆ ਤਰੀਕੇ ਨਾਲ ਸੁਲਝਾ ਸਕਦੇ ਹੋ।​—ਬਾਈਬਲ ਦਾ ਅਸੂਲ: ਕੁਲੁੱਸੀਆਂ 3:13.

ਆਪਣੀ ਜਾਂਚ ਕਰੋ। ਬਾਈਬਲ ਇਹ ਗੱਲ ਮੰਨਦੀ ਹੈ ਕਿ ਕੁਝ ਲੋਕ ‘ਜਲਦੀ ਗੁੱਸੇ ਹੋ’ ਜਾਂਦੇ ਹਨ ਅਤੇ ‘ਛੇਤੀ ਗੁੱਸੇ ਵਿੱਚ ਆ ਜਾਂਦੇ ਹਨ।’ (ਕਹਾਉਤਾਂ 29:22, ERV) ਕੀ ਤੁਸੀਂ ਇਸ ਤਰ੍ਹਾਂ ਦੇ ਹੋ? ਆਪਣੇ ਆਪ ਨੂੰ ਪੁੱਛੋ: ‘ਕੀ ਮੇਰੇ ਮਨ ਵਿਚ ਕੁੜੱਤਣ ਭਰੀ ਰਹਿੰਦੀ ਹੈ? ਕੀ ਮੈਂ ਜਲਦੀ ਗੁੱਸੇ ਹੋ ਜਾਂਦਾ ਹਾਂ? ਕੀ ਮੈਨੂੰ ਰਾਈ ਦਾ ਪਹਾੜ ਬਣਾਉਣ ਦੀ ਆਦਤ ਹੈ?’ ਬਾਈਬਲ ਕਹਿੰਦੀ ਹੈ ਕਿ “ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।” (ਕਹਾਉਤਾਂ 17:9; ਉਪਦੇਸ਼ਕ ਦੀ ਪੋਥੀ 7:9) ਇਹ ਵਿਆਹੁਤਾ ਜ਼ਿੰਦਗੀ ਵਿਚ ਵੀ ਹੋ ਸਕਦਾ ਹੈ। ਇਸ ਲਈ ਜੇ ਤੁਸੀਂ ਜਲਦੀ ਨਾਰਾਜ਼ ਹੋ ਜਾਂਦੇ ਹੋ, ਤਾਂ ਖ਼ੁਦ ਨੂੰ ਪੁੱਛੋ, ‘ਕੀ ਮੈਂ ਆਪਣੇ ਸਾਥੀ ਨਾਲ ਹੋਰ ਧੀਰਜ ਨਾਲ ਪੇਸ਼ ਆ ਸਕਦਾ ਹਾਂ?’​—ਬਾਈਬਲ ਦਾ ਅਸੂਲ: 1 ਪਤਰਸ 4:8.

ਫ਼ੈਸਲਾ ਕਰੋ ਕਿ ਜ਼ਰੂਰੀ ਕੀ ਹੈ। ਬਾਈਬਲ ਕਹਿੰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਹਰ ਛੋਟੀ-ਛੋਟੀ ਗ਼ਲਤੀ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ। ਕਦੇ-ਕਦੇ ਸਾਨੂੰ ਕਿਸੇ ਗੱਲ ’ਤੇ ਸੋਚ-ਵਿਚਾਰ ਕਰ ਕੇ ਇਸ ਨੂੰ ਛੱਡ ਦੇਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 4:4) ਜੇ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਨੀ ਵੀ ਹੈ, ਤਾਂ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਹੋਣ ਲਈ ਸਮਾਂ ਦਿਓ। ਬੀਆਤ੍ਰਿਥ ਨਾਂ ਦੀ ਪਤਨੀ ਦੱਸਦੀ ਹੈ: “ਜਦ ਮੈਨੂੰ ਕਿਸੇ ਗੱਲੋਂ ਬੁਰਾ ਲੱਗਦਾ ਹੈ, ਤਾਂ ਮੈਂ ਸ਼ਾਂਤ ਹੋਣ ਦੀ ਕੋਸ਼ਿਸ਼ ਕਰਦੀ ਹਾਂ। ਬਾਅਦ ਵਿਚ ਮੈਨੂੰ ਕਦੇ-ਕਦੇ ਲੱਗਦਾ ਹੈ ਕਿ ਉਹ ਗੱਲ ਇੰਨੀ ਗੰਭੀਰ ਨਹੀਂ ਸੀ। ਫਿਰ ਮੈਂ ਆਪਣੇ ਪਤੀ ਨਾਲ ਆਦਰ ਨਾਲ ਗੱਲ ਕਰ ਸਕਦੀ ਹਾਂ।”​—ਬਾਈਬਲ ਦਾ ਅਸੂਲ: ਕਹਾਉਤਾਂ 19:11.

ਮਾਫ਼ ਕਰਨ ਦਾ ਮਤਲਬ ਸਮਝੋ। ਬਾਈਬਲ ਵਿਚ ਮੁਢਲੀ ਭਾਸ਼ਾ ਦੇ ਜਿਸ ਸ਼ਬਦ ਦਾ ਤਰਜਮਾ “ਮਾਫ਼ ਕਰਨਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿਸੇ ਗੱਲ ਨੂੰ ਛੱਡ ਦੇਣਾ। ਇਸ ਲਈ ਮਾਫ਼ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗੱਲ ਨੂੰ ਮਾਮੂਲੀ ਸਮਝੋ ਜਾਂ ਇੱਦਾਂ ਪੇਸ਼ ਆਓ ਜਿੱਦਾਂ ਕੁਝ ਹੋਇਆ ਹੀ ਨਹੀਂ ਸੀ। ਪਰ ਇਸ ਦਾ ਇਹ ਮਤਲਬ ਹੈ ਕਿ ਤੁਸੀਂ ਗੁੱਸਾ ਥੁੱਕ ਦਿਓ। ਜੇ ਤੁਸੀਂ ਇੱਦਾਂ ਨਹੀਂ ਕਰਦੇ, ਤਾਂ ਨਾਰਾਜ਼ਗੀ ਤੁਹਾਡੀ ਸਿਹਤ ਵਿਗਾੜ ਸਕਦੀ ਹੈ ਅਤੇ ਤੁਹਾਡੇ ਵਿਆਹੁਤਾ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ▪ (g14 09-E)