Skip to content

Skip to table of contents

ਇਕ ਕੁੜੀ ਦੀ ਮਿਹਨਤ ਦਾ ਫਲ

ਇਕ ਕੁੜੀ ਦੀ ਮਿਹਨਤ ਦਾ ਫਲ

ਮਾਰੀਆ ਇਸਾਬੈਲ ਦੱਖਣੀ ਅਮਰੀਕਾ ਦੇ ਚਿਲੀ ਦੇਸ਼ ਵਿਚ ਸਾਨ ਬਰਨਾਰਦੋ ਸ਼ਹਿਰ ਦੀ ਰਹਿਣ ਵਾਲੀ ਹੈ। ਉਹ ਇਕ ਜੋਸ਼ੀਲੀ ਪ੍ਰਚਾਰਕ ਹੈ। ਉਸ ਦਾ ਪਰਿਵਾਰ ਮਾਪੂਚੇ ਕਬੀਲੇ ਵਿੱਚੋਂ ਹੈ ਜੋ ਮਾਪੂਚੇ ਜਾਂ ਮਾਪੂਡੁੰਗੁਨ ਭਾਸ਼ਾ ਬੋਲਦਾ ਹੈ। ਸਾਨ ਬਰਨਾਰਦੋ ਵਿਚ ਇਸ ਭਾਸ਼ਾ ਵਿਚ ਇਕ ਨਵੀਂ ਮੰਡਲੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਪੂਰਾ ਪਰਿਵਾਰ ਵੀ ਇਸ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈ ਰਿਹਾ ਹੈ।

ਜਦ ਮੰਡਲੀ ਵਿਚ ਦੱਸਿਆ ਗਿਆ ਕਿ ਮਸੀਹ ਦੀ ਮੌਤ ਦੀ ਵਰ੍ਹੇ-ਗੰਢ ਦਾ ਭਾਸ਼ਣ ਮਾਪੂਡੁੰਗੁਨ ਭਾਸ਼ਾ ਵਿਚ ਵੀ ਦਿੱਤਾ ਜਾਵੇਗਾ ਅਤੇ ਉਸ ਭਾਸ਼ਾ ਵਿਚ 2,000 ਸੱਦਾ-ਪੱਤਰ ਛਾਪੇ ਗਏ ਹਨ, ਤਾਂ ਮਾਰੀਆ ਇਸਾਬੈਲ ਵੀ ਇਨ੍ਹਾਂ ਨੂੰ ਵੰਡਣ ਬਾਰੇ ਸੋਚਣ ਲੱਗ ਪਈ। ਉਸ ਨੂੰ ਹੋਰਨਾਂ ਨੌਜਵਾਨ ਗਵਾਹਾਂ ਦੇ ਤਜਰਬੇ ਪਤਾ ਸਨ ਜਿਹੜੇ ਸਕੂਲ ਵਿਚ ਟੀਚਰਾਂ ਤੇ ਬੱਚਿਆਂ ਨੂੰ ਚੰਗੀ ਗਵਾਹੀ ਦੇ ਸਕੇ। ਉਸ ਨੇ ਆਪਣੇ ਮਾਪਿਆਂ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਮਾਰੀਆ ਇਸਾਬੈਲ ਸੋਚੇ ਕਿ ਉਹ ਸਕੂਲ ਵਿਚ ਸੱਦਾ-ਪੱਤਰ ਵੰਡਣ ਲਈ ਕੀ ਕਰ ਸਕਦੀ ਹੈ। ਉਸ ਨੇ ਕੀ ਸੋਚਿਆ?

ਪਹਿਲਾਂ ਮਾਰੀਆ ਇਸਾਬੈਲ ਨੇ ਸਕੂਲ ਦੇ ਅਧਿਕਾਰੀਆਂ ਤੋਂ ਸਕੂਲ ਦੇ ਮੇਨ ਗੇਟ ਦੇ ਬਾਹਰ ਸੱਦਾ-ਪੱਤਰ ਲਾਉਣ ਦੀ ਆਗਿਆ ਮੰਗੀ। ਉਨ੍ਹਾਂ ਨੇ ਹਾਂ ਕੀਤੀ ਤੇ ਉਸ ਦੇ ਇਸ ਕੰਮ ਦੀ ਤਾਰੀਫ਼ ਕੀਤੀ। ਇਕ ਦਿਨ ਸਵੇਰੇ ਸਕੂਲ ਦੇ ਪ੍ਰਿੰਸੀਪਲ ਨੇ ਲਾਊਡਸਪੀਕਰ ’ਤੇ ਇਸ ਸੱਦੇ ਬਾਰੇ ਘੋਸ਼ਣਾ ਵੀ ਕੀਤੀ!

ਫਿਰ ਮਾਰੀਆ ਇਸਾਬੈਲ ਨੇ ਸਾਰੀਆਂ ਕਲਾਸਾਂ ਵਿਚ ਜਾਣ ਦੀ ਇਜਾਜ਼ਤ ਮੰਗੀ। ਇਜਾਜ਼ਤ ਮਿਲਣ ਤੇ ਉਸ ਨੇ ਹਰ ਕਲਾਸ ਦੇ ਬੱਚਿਆਂ ਤੋਂ ਪੁੱਛਿਆ ਕਿ ਉਨ੍ਹਾਂ ਵਿੱਚੋਂ ਕੌਣ ਮਾਪੂਚੇ ਕਬੀਲੇ ਦੇ ਸਨ। ਉਸ ਨੇ ਕਿਹਾ: “ਮੈਨੂੰ ਲੱਗਾ ਕਿ ਪੂਰੇ ਸਕੂਲ ਵਿਚ ਮਾਪੂਚੇ ਪਰਿਵਾਰਾਂ ਦੇ 10-15 ਬੱਚੇ ਹੋਣਗੇ, ਪਰ ਇਸ ਤੋਂ ਕਿਤੇ ਜ਼ਿਆਦਾ ਸਨ। ਮੈਂ 150 ਸੱਦਾ-ਪੱਤਰ ਵੰਡੇ!”

“ਉਸ ਤੀਵੀਂ ਨੂੰ ਲੱਗਾ ਕਿ ਉਹ ਕਿਸੇ ਵੱਡੇ ਨਾਲ ਗੱਲ ਕਰੇਗੀ”

ਇਕ ਤੀਵੀਂ ਨੇ ਸਕੂਲ ਦੇ ਬਾਹਰ ਸੱਦਾ-ਪੱਤਰ ਦਾ ਪੋਸਟਰ ਦੇਖ ਕੇ ਪੁੱਛਿਆ ਕਿ ਉਹ ਇਸ ਬਾਰੇ ਕਿਸ ਨਾਲ ਗੱਲ ਕਰ ਸਕਦੀ ਹੈ। ਉਹ ਹੱਕੀ-ਬੱਕੀ ਰਹਿ ਗਈ ਜਦ ਉਹ 10 ਸਾਲਾਂ ਦੀ ਮਾਰੀਆ ਇਸਾਬੈਲ ਨੂੰ ਮਿਲੀ! ਮਾਰੀਆ ਇਸਾਬੈਲ ਮੁਸਕਰਾਉਂਦੀ ਹੋਈ ਕਹਿੰਦੀ ਹੈ ਕਿ “ਉਸ ਤੀਵੀਂ ਨੂੰ ਲੱਗਾ ਕਿ ਉਹ ਕਿਸੇ ਵੱਡੇ ਨਾਲ ਗੱਲ ਕਰੇਗੀ।” ਮਾਰੀਆ ਇਸਾਬੈਲ ਨੇ ਤੀਵੀਂ ਨੂੰ ਸੱਦਾ-ਪੱਤਰ ਦਿੱਤਾ ਤੇ ਇਸ ਮੀਟਿੰਗ ਬਾਰੇ ਥੋੜ੍ਹੀ ਗੱਲ ਕੀਤੀ। ਫਿਰ ਉਸ ਨੇ ਤੀਵੀਂ ਦਾ ਪਤਾ ਮੰਗਿਆ ਤਾਂਕਿ ਉਹ ਆਪਣੇ ਮੰਮੀ-ਡੈਡੀ ਨਾਲ ਉਸ ਨੂੰ ਦੁਬਾਰਾ ਮਿਲ ਕੇ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਸਕੇ। ਮਾਪੂਡੁੰਗੁਨ ਭਾਸ਼ਾ ਵਿਚ ਪ੍ਰਚਾਰ ਕਰਨ ਵਾਲੇ 20 ਭੈਣਾਂ-ਭਰਾਵਾਂ ਨੂੰ ਕਿੰਨੀ ਖ਼ੁਸ਼ੀ ਹੋਈ ਜਦ ਉਹ ਤੀਵੀਂ ਤੇ 26 ਹੋਰ ਮਾਪੂਚੇ ਲੋਕ ਮਸੀਹ ਦੀ ਮੌਤ ਦੀ ਵਰ੍ਹੇ-ਗੰਢ ਮਨਾਉਣ ਆਏ। ਉੱਥੇ ਹੁਣ ਮਾਪੂਡੁੰਗੁਨ ਭਾਸ਼ਾ ਦੀ ਇਕ ਮੰਡਲੀ ਹੈ ਜੋ ਵਧ-ਫੁੱਲ ਰਹੀ ਹੈ!

ਤੁਹਾਡੀ ਉਮਰ ਜੋ ਵੀ ਹੈ, ਕੀ ਤੁਸੀਂ ਸਕੂਲੇ ਜਾਂ ਕੰਮ ਤੇ ਆਪਣੇ ਸਾਥੀਆਂ ਨੂੰ ਮਸੀਹ ਦੀ ਮੌਤ ਦੀ ਵਰ੍ਹੇ-ਗੰਢ, ਪਬਲਿਕ ਭਾਸ਼ਣ ਜਾਂ ਜ਼ਿਲ੍ਹਾ ਸੰਮੇਲਨ ਵਿਚ ਆਉਣ ਦਾ ਸੱਦਾ ਦੇ ਸਕਦੇ ਹੋ? ਕਿਉਂ ਨਾ ਸਾਡੇ ਪ੍ਰਕਾਸ਼ਨਾਂ ਵਿਚ ਰੀਸਰਚ ਕਰੋ ਤੇ ਕੁਝ ਤਜਰਬੇ ਲੱਭੋ ਜੋ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ? ਨਾਲੇ ਯਹੋਵਾਹ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੋ ਤਾਂਕਿ ਤੁਹਾਨੂੰ ਉਸ ਬਾਰੇ ਗੱਲ ਕਰਨ ਦੀ ਹਿੰਮਤ ਮਿਲੇ। (ਲੂਕਾ 11:13) ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਸੀਂ ਵੀ ਆਪਣੀ ਮਿਹਨਤ ਦਾ ਫਲ ਪਾ ਕੇ ਖ਼ੁਸ਼ ਹੋਵੋਗੇ।