Skip to content

Skip to table of contents

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

ਸਭ ਤੋਂ ਜ਼ਰੂਰੀ ਕਿਤਾਬ ਤਿਆਰ ਕਰਨੀ

ਸਭ ਤੋਂ ਜ਼ਰੂਰੀ ਕਿਤਾਬ ਤਿਆਰ ਕਰਨੀ

1 ਜਨਵਰੀ 2021

 ਮੈਂ 19 ਸਾਲਾਂ ਤੋਂ ਇਸ ਕਿਤਾਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਇਹ ਗੱਲ ਸਾਡੇ ਇਕ ਭਰਾ ਨੇ ਕਹੀ। ਉਹ ਕਿਹੜੀ ਕਿਤਾਬ ਦਾ ਇੰਤਜ਼ਾਰ ਕਰ ਰਿਹਾ ਸੀ? ਉਹ ਆਪਣੀ ਮਾਂ ਬੋਲੀ, ਬੰਗਾਲੀ ਭਾਸ਼ਾ ਵਿਚ ਪਵਿੱਤਰ ਲਿਖਤਾਂ ਨਵੀਂ ਦੁਨੀਆਂ ਅਨੁਵਾਦ ਦਾ ਇੰਤਜ਼ਾਰ ਕਰ ਰਿਹਾ ਸੀ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਆਪਣੀ ਮਾਂ ਬੋਲੀ ਵਿਚ ਨਵੀਂ ਦੁਨੀਆਂ ਅਨੁਵਾਦ ਬਾਈਬਲ ਮਿਲਣ ʼਤੇ ਇਸ ਭਰਾ ਵਾਂਗ ਹੀ ਮਹਿਸੂਸ ਕੀਤਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਕਿ ਬਾਈਬਲ ਦੇ ਅਨੁਵਾਦ ਅਤੇ ਛਪਾਈ ਦੇ ਕੰਮ ਵਿਚ ਕੀ ਕੁਝ ਸ਼ਾਮਲ ਹੈ?

 ਸਭ ਤੋਂ ਪਹਿਲਾਂ, ਪ੍ਰਬੰਧਕ ਸਭਾ ਦੀ ਲਿਖਾਈ ਕਮੇਟੀ ਦੀ ਨਿਗਰਾਨੀ ਅਧੀਨ ਅਨੁਵਾਦਕਾਂ ਦੀ ਇਕ ਟੀਮ ਚੁਣੀ ਜਾਂਦੀ ਹੈ। ਬਾਈਬਲ ਦਾ ਅਨੁਵਾਦ ਕਰਨ ਲਈ ਇਕ ਟੀਮ ਨੂੰ ਕਿੰਨਾ ਸਮਾਂ ਲੱਗਦਾ? ਅਮਰੀਕਾ ਦੇ ਵਾਰਵਿਕ ਸ਼ਹਿਰ ਵਿਚ ਅਨੁਵਾਦ ਸੇਵਾ ਵਿਭਾਗ ਵਿਚ ਕੰਮ ਕਰਨ ਵਾਲਾ ਭਰਾ ਨਿਕੋਲਸ ਅਲੈਡਿਸ ਦੱਸਦਾ ਹੈ: “ਬਾਈਬਲ ਦੇ ਅਨੁਵਾਦ ਵਿਚ ਕਿੰਨਾ ਕੁ ਸਮਾਂ ਲੱਗੇਗਾ, ਇਹ ਕਈ ਗੱਲਾਂ ʼਤੇ ਨਿਰਭਰ ਕਰਦਾ ਹੈ, ਜਿਵੇਂ ਕਿ ਅਨੁਵਾਦ ਦਾ ਕੰਮ ਕਰਨ ਲਈ ਕਿੰਨੇ ਅਨੁਵਾਦਕ ਹਨ, ਭਾਸ਼ਾ ਸੌਖੀ ਹੈ ਜਾਂ ਔਖੀ, ਉਹ ਭਾਸ਼ਾ ਬੋਲਣ ਵਾਲੇ ਲੋਕ ਬਾਈਬਲ ਦੇ ਜ਼ਮਾਨੇ ਬਾਰੇ ਕਿੰਨੀ ਕੁ ਸਮਝ ਰੱਖਦੇ ਹਨ। ਨਾਲੇ ਕੀ ਉਹ ਭਾਸ਼ਾ ਵੱਖੋ-ਵੱਖਰੇ ਇਲਾਕਿਆਂ ਵਿਚ ਵੱਖੋ-ਵੱਖਰੇ ਤਰੀਕੇ ਨਾਲ ਬੋਲੀ ਜਾਂਦੀ ਹੈ। ਵੈਸੇ ਤਾਂ ਮਸੀਹੀ ਯੂਨਾਨੀ ਲਿਖਤਾਂ ਦਾ ਅਨੁਵਾਦ ਕਰਨ ਲਈ ਇਕ ਟੀਮ ਨੂੰ ਲਗਭਗ ਤਿੰਨ ਸਾਲ ਲੱਗ ਜਾਂਦੇ ਹਨ ਅਤੇ ਪੂਰੀ ਬਾਈਬਲ ਦਾ ਅਨੁਵਾਦ ਕਰਨ ਲਈ ਚਾਰ ਜਾਂ ਇਸ ਤੋਂ ਜ਼ਿਆਦਾ ਸਾਲ ਲੱਗ ਜਾਂਦੇ ਹਨ। ਸੈਨਤ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਲਈ ਤਾਂ ਇਸ ਤੋਂ ਜ਼ਿਆਦਾ ਸਮਾਂ ਲੱਗਦਾ ਹੈ।”

 ਬਾਈਬਲ ਦਾ ਅਨੁਵਾਦ ਕਰਨ ਲਈ ਅਨੁਵਾਦਕਾਂ ਤੋਂ ਇਲਾਵਾ ਵੀ ਹੋਰ ਕਈ ਭੈਣਾਂ-ਭਰਾਵਾਂ ਦੀ ਲੋੜ ਪੈਂਦੀ ਹੈ ਜੋ ਉਸ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਭੈਣ-ਭਰਾ ਅਲੱਗ-ਅਲੱਗ ਦੇਸ਼ਾਂ ਅਤੇ ਥਾਵਾਂ ਤੋਂ ਹੋ ਸਕਦੇ ਹਨ। ਪਰ ਇਹ ਭੈਣ-ਭਰਾ ਕਰਦੇ ਕੀ ਹਨ? ਉਹ ਬਾਈਬਲ ਦੇ ਅਨੁਵਾਦ ਨੂੰ ਪੜ੍ਹਦੇ ਹਨ ਅਤੇ ਆਪਣੀ ਰਾਇ ਦਿੰਦੇ ਹਨ ਕਿ ਉਹ ਇਸ ਨੂੰ ਸਮਝ ਪਾ ਰਹੇ ਹਨ ਜਾਂ ਨਹੀਂ। ਉਹ ਇਹ ਕੰਮ ਮੁਫ਼ਤ ਵਿਚ ਕਰਦੇ ਹਨ। ਇਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਸਦਕਾ ਅਨੁਵਾਦਕ ਬਾਈਬਲ ਦਾ ਸਹੀ-ਸਹੀ ਅਨੁਵਾਦ ਕਰ ਪਾਉਂਦੇ ਹਨ ਜੋ ਸੌਖਿਆਂ ਹੀ ਸਮਝ ਆਉਂਦਾ ਹੈ। ਦੱਖਣੀ ਅਫ਼ਰੀਕਾ ਦਾ ਇਕ ਭਰਾ ਜੋ ਬਾਈਬਲ ਅਨੁਵਾਦਕਾਂ ਨੂੰ ਸਿਖਲਾਈ ਦਿੰਦਾ ਹੈ, ਉਸ ਨੇ ਕਿਹਾ: “ਅਨੁਵਾਦਕ ਇਸ ਗੱਲ ਨੂੰ ਸਮਝਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਦੇ ਮੋਢਿਆਂ ʼਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਰੱਖੀ ਹੈ। ਇਸ ਲਈ ਉਹ ਪਰਮੇਸ਼ੁਰ ਦੇ ਬਚਨ ਦਾ ਪੂਰੇ ਧਿਆਨ ਨਾਲ ਅਨੁਵਾਦ ਕਰਦੇ ਹਨ।”

 ਅਨੁਵਾਦ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਬਾਈਬਲ ਛਾਪੀ ਜਾਂਦੀ ਹੈ ਅਤੇ ਇਸ ʼਤੇ ਜਿਲਦ ਬੰਨ੍ਹੀ ਜਾਂਦੀ ਹੈ। ਛਪਾਈ ਕਰਨ ਲਈ ਘੱਟੋ-ਘੱਟ ਦਸ ਚੀਜ਼ਾਂ ਦੀ ਲੋੜ ਪੈਂਦੀ ਹੈ: ਕਾਗਜ਼, ਸਿਆਹੀ, ਜਿਲਦ, ਗੂੰਦ, ਕਵਰ ਲਾਈਨਰ, ਚਾਂਦੀ ਦਾ ਰੰਗ, ਰਿਬਨ, ਹੈੱਡਬੈਂਡ, ਸਪਾਈਨ ਸਟਿੱਫ਼ਨਰਸ ਅਤੇ ਕੈਪਿੰਗ ਦਾ ਸਾਮਾਨ। 2019 ਵਿਚ ਬਾਈਬਲ ਤਿਆਰ ਕਰਨ ਲਈ 145 ਕਰੋੜ ਤੋਂ ਜ਼ਿਆਦਾ ਰੁਪਏ (20 ਲੱਖ ਤੋਂ ਜ਼ਿਆਦਾ ਅਮਰੀਕੀ ਡਾਲਰ) ਖ਼ਰਚ ਹੋਏ। ਬਾਈਬਲ ਤਿਆਰ ਕਰਨ ਅਤੇ ਇਸ ਨੂੰ ਅਲੱਗ-ਅਲੱਗ ਥਾਵਾਂ ਵਿਚ ਪਹੁੰਚਾਉਣ ਲਈ, ਛਾਪੇਖ਼ਾਨੇ ਵਿਚ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਨੇ ਤਿੰਨ ਲੱਖ ਤੋਂ ਵੀ ਜ਼ਿਆਦਾ ਘੰਟੇ ਕੰਮ ਕੀਤਾ।

“ਅਸੀਂ ਜੋ ਪ੍ਰਕਾਸ਼ਨ ਛਾਪਦੇ ਹਾਂ, ਬਾਈਬਲ ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਕਿਤਾਬ ਹੈ।”

 ਬਾਈਬਲ ਤਿਆਰ ਕਰਨ ਲਈ ਅਸੀਂ ਇੰਨਾ ਪੈਸਾ ਤੇ ਸਮਾਂ ਕਿਉਂ ਲਾਉਂਦੇ ਹਾਂ? ਅੰਤਰਰਾਸ਼ਟਰੀ ਛਪਾਈ ਵਿਭਾਗ ਵਿਚ ਕੰਮ ਕਰਨਾ ਵਾਲਾ ਭਰਾ ਜੋਏਲ ਬਲੂ ਕਹਿੰਦਾ ਹੈ: “ਅਸੀਂ ਜੋ ਪ੍ਰਕਾਸ਼ਨ ਛਾਪਦੇ ਹਾਂ, ਬਾਈਬਲ ਉਨ੍ਹਾਂ ਵਿੱਚੋਂ ਸਭ ਤੋਂ ਅਹਿਮ ਕਿਤਾਬ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਦਿਸਣ ਵਿਚ ਇੰਨੀ ਸੋਹਣੀ ਲੱਗੇ ਕਿ ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇ ਅਤੇ ਇਸ ਦਾ ਸੰਦੇਸ਼ ਵੀ ਲੋਕਾਂ ਦੇ ਦਿਲਾਂ ʼਤੇ ਅਸਰ ਕਰੇ।”

 ਆਮ ਲੋਕਾਂ ਤੋਂ ਇਲਾਵਾ, ਅਸੀਂ ਉਨ੍ਹਾਂ ਲੋਕਾਂ ਲਈ ਵੀ ਬਾਈਬਲ ਤਿਆਰ ਕਰਦੇ ਹਾਂ ਜੋ ਦੇਖ ਨਹੀਂ ਸਕਦੇ ਜਾਂ ਜੋ ਜੇਲ੍ਹਾਂ ਵਿਚ ਹਨ। ਉਦਾਹਰਣ ਲਈ, ਨਵੀਂ ਦੁਨੀਆਂ ਅਨੁਵਾਦ ਦਸ ਬ੍ਰੇਲ ਭਾਸ਼ਾਵਾਂ ਵਿਚ ਉਪਲਬਧ ਹੈ। ਬ੍ਰੇਲ ਭਾਸ਼ਾ ਵਿਚ ਬਾਈਬਲ ਦਾ ਸਿਰਫ਼ ਇਕ ਭਾਗ ਤਿਆਰ ਕਰਨ ਲਈ ਲਗਭਗ ਅੱਠ ਘੰਟੇ ਲੱਗਦੇ ਹਨ। ਪੂਰੀ ਬਾਈਬਲ ਵੱਖੋ-ਵੱਖਰੇ ਭਾਗਾਂ ਵਿਚ ਤਿਆਰ ਕੀਤੀ ਜਾਂਦੀ ਹੈ। ਜੇ ਇਨ੍ਹਾਂ ਸਾਰੇ ਭਾਗਾਂ ਨੂੰ ਇਕ-ਦੂਜੇ ਦੇ ਉੱਪਰ ਰੱਖਿਆ ਜਾਵੇ, ਤਾਂ ਇਹ 7.5 ਫੁੱਟ (2.3 ਮੀਟਰ) ਉੱਚੇ ਹੋਣਗੇ। ਅਸੀਂ ਜੇਲ੍ਹ ਦੇ ਕੈਦੀਆਂ ਲਈ ਬਿਨਾਂ ਜਿਲਦ ਵਾਲੀ ਬਾਈਬਲ ਛਾਪਦੇ ਹਾਂ ਕਿਉਂਕਿ ਜੇਲ੍ਹ ਵਿਚ ਜਿਲਦ ਵਾਲੀ ਬਾਈਬਲ ਰੱਖਣ ਦੀ ਮਨਾਹੀ ਹੈ।

 ਨਵੀਂ ਦੁਨੀਆਂ ਅਨੁਵਾਦ ਲੋਕਾਂ ਦੇ ਦਿਲਾਂ ʼਤੇ ਅਸਰ ਕਰਦੀ ਹੈ। ਕਾਂਗੋ ਲੋਕਤੰਤਰੀ ਗਣਰਾਜ ਵਿਚ ਟਾਂਬ ਨਾਂ ਦੀ ਇਕ ਜਗ੍ਹਾ ਹੈ ਜਿੱਥੇ ਕਿਲੂਬਾ ਭਾਸ਼ਾ ਬੋਲੀ ਜਾਂਦੀ ਹੈ। ਇਹ ਜਗ੍ਹਾ ਕਾਂਗੋ ਦੀ ਰਾਜਧਾਨੀ ਤੋਂ ਲਗਭਗ 1,700 ਕਿਲੋਮੀਟਰ (1,000 ਮੀਲ) ਦੂਰ ਹੈ। ਇਸ ਮੰਡਲੀ ਦੇ ਭੈਣਾਂ-ਭਰਾਵਾਂ ਕੋਲ ਸਿਰਫ਼ ਇਕ ਹੀ ਬਾਈਬਲ ਸੀ, ਉਹ ਵੀ ਪੁਰਾਣੀ ਕਿਲੂਬਾ ਭਾਸ਼ਾ ਵਿਚ। ਇਸ ਲਈ ਸਭਾਵਾਂ ਦੀ ਤਿਆਰੀ ਕਰਨ ਲਈ ਭਰਾ ਇਕ-ਇਕ ਕਰਕੇ ਇਸ ਬਾਈਬਲ ਨੂੰ ਵਰਤਦੇ ਸਨ। ਪਰ ਅਗਸਤ 2018 ਤੋਂ ਇਸ ਮੰਡਲੀ ਦੇ ਹਰ ਭੈਣ-ਭਰਾ ਕੋਲ ਆਪਣੀ ਇਕ ਨਵੀਂ ਦੁਨੀਆਂ ਅਨੁਵਾਦ ਬਾਈਬਲ ਹੈ ਅਤੇ ਉਹ ਵੀ ਅੱਜ ਦੇ ਜ਼ਮਾਨੇ ਦੀ ਕਿਲੂਬਾ ਭਾਸ਼ਾ ਵਿਚ।

 ਜਦੋਂ ਜਰਮਨ ਭਾਸ਼ਾ ਬੋਲਣ ਵਾਲੀ ਇਕ ਭੈਣ ਨੂੰ ਆਪਣੀ ਭਾਸ਼ਾ ਵਿਚ ਨਵੀਂ ਦੁਨੀਆਂ ਅਨੁਵਾਦ ਦਾ ਨਵਾਂ ਸੰਸਕਰਣ ਮਿਲਿਆ, ਤਾਂ ਉਸ ਨੇ ਕਿਹਾ: “ਹੁਣ ਮੈਨੂੰ ਬਾਈਬਲ ਪੜ੍ਹਨੀ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਲੱਗਦੀ ਹੈ। ਹੁਣ ਮੈਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਲਈ ਬੇਤਾਬ ਰਹਿੰਦੀ ਹਾਂ।” ਇਕ ਜੇਲ੍ਹ ਦੇ ਕੈਦੀ ਨੇ ਲਿਖਿਆ: “ਮੈਨੂੰ ਨਵੀਂ ਦੁਨੀਆਂ ਅਨੁਵਾਦ ਦੀ ਇਕ ਕਾਪੀ ਦਿੱਤੀ ਗਈ ਅਤੇ ਇਸ ਨੂੰ ਪੜ੍ਹਨ ਨਾਲ ਮੇਰੀ ਜ਼ਿੰਦਗੀ ਹੀ ਬਦਲ ਗਈ। ਮੈਨੂੰ ਪਹਿਲਾਂ ਕਦੇ ਵੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਇੰਨੀ ਚੰਗੀ ਤਰ੍ਹਾਂ ਸਮਝ ਨਹੀਂ ਆਈਆਂ ਸਨ ਜਿੰਨੀਆਂ ਮੈਨੂੰ ਹੁਣ ਸਮਝ ਆ ਰਹੀਆਂ ਹਨ। ਮੈਂ ਯਹੋਵਾਹ ਦੇ ਗਵਾਹਾਂ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ ਅਤੇ ਖ਼ੁਦ ਵੀ ਇਕ ਗਵਾਹ ਬਣਨਾ ਚਾਹੁੰਦਾਂ ਹਾਂ।”

 ਨਵੀਂ ਦੁਨੀਆਂ ਅਨੁਵਾਦ ਨੂੰ ਪੜ੍ਹਨ ਵਾਲੇ ਲੋਕ ਬਹੁਤ ਸ਼ੁਕਰਗੁਜ਼ਾਰ ਹਨ ਕਿ ਬਾਈਬਲ ਦਾ ਅਨੁਵਾਦ ਅਤੇ ਇਸ ਦੀ ਛਪਾਈ ਕਰਨ ਲਈ ਦਾਨ ਕੀਤਾ ਗਿਆ ਪੈਸਾ ਵਰਤਿਆ ਜਾਂਦਾ ਹੈ। ‘ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮਾਂ ਲਈ’ ਦਾਨ donate.mt711.com ਰਾਹੀਂ ਦਿੱਤਾ ਜਾਂਦਾ ਹੈ। ਖੁੱਲ੍ਹ-ਦਿਲੀ ਨਾਲ ਦਾਨ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!