Skip to content

Skip to table of contents

ਵਧਦਾ ਤਾਪਮਾਨ​—ਕੀ ਸਾਡੀ ਧਰਤੀ ਖ਼ਤਰੇ ਵਿਚ ਹੈ?

ਵਧਦਾ ਤਾਪਮਾਨ​—ਕੀ ਸਾਡੀ ਧਰਤੀ ਖ਼ਤਰੇ ਵਿਚ ਹੈ?

 ਕੀ ਤੁਸੀਂ ਵੀ ਉਨ੍ਹਾਂ ਲੱਖਾਂ ਲੋਕਾਂ ਵਿੱਚੋਂ ਹੋ ਜਿਨ੍ਹਾਂ ਨੇ ਵਧਦੇ ਤਾਪਮਾਨ ਦੀ ਮਾਰ ਝੱਲੀ ਹੈ? ਖ਼ਤਰਨਾਕ ਮੌਸਮ ਬਹੁਤ ਵਿਨਾਸ਼ਕਾਰੀ ਹੁੰਦਾ ਹੈ। ਤੂਫ਼ਾਨ, ਝੱਖੜ, ਵਾਵਰੋਲੇ ਅਤੇ ਸਮੁੰਦਰੀ ਤੂਫ਼ਾਨ ਬਹੁਤ ਤਬਾਹੀ ਮਚਾਉਂਦੇ ਹਨ। ਭਾਰੀ ਮੀਂਹ ਪੈਣ ਕਰਕੇ ਕਈ ਥਾਵਾਂ ʼਤੇ ਜ਼ਮੀਨ ਖਿਸਕ ਜਾਂਦੀ ਹੈ ਅਤੇ ਤੂਫ਼ਾਨ ਆਉਣ ਕਰਕੇ ਜ਼ਮੀਨ ʼਤੇ ਬਿਜਲੀ ਡਿਗਣ ਦਾ ਖ਼ਤਰਾ ਰਹਿੰਦਾ ਹੈ ਜਿਸ ਕਰਕੇ ਜੰਗਲਾਂ ਵਿਚ ਭਿਆਨਕ ਅੱਗ ਲੱਗ ਸਕਦੀ ਹੈ ਅਤੇ ਜੰਗਲ ਸੜ ਕੇ ਸੁਆਹ ਹੋ ਸਕਦੇ ਹਨ। ਸੋਕੇ, ਲੂ ਅਤੇ ਬਰਫ਼ੀਲੇ ਤੂਫ਼ਾਨਾਂ ਕਰਕੇ ਵੀ ਉੱਨੀ ਹੀ ਤਬਾਹੀ ਹੁੰਦੀ ਹੈ।

 ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਖ਼ਤਰਨਾਕ ਮੌਸਮ ਪਹਿਲਾਂ ਨਾਲੋਂ ਆਮ ਹੋ ਗਏ ਹਨ ਅਤੇ ਜ਼ਿਆਦਾ ਤਬਾਹੀ ਮਚਾਉਂਦੇ ਹਨ। ਰੈੱਡ ਕਰਾਸ ਤੇ ਰੈੱਡ ਕਰੈਸੈਂਟ ਸੋਸਾਇਟੀਆਂ ਦੀ ਅੰਤਰਰਾਸ਼ਟਰੀ ਫੈੱਡਰੇਸ਼ਨ ਦੀ ਰਿਪੋਰਟ ਮੁਤਾਬਕ, “ਇਸ ਤਬਾਹੀ ਦੀ ਮਾਰ ਝੱਲਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕਿਉਂਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੜ੍ਹ ਤੇ ਤੂਫ਼ਾਨ ਆ ਰਹੇ ਹਨ ਅਤੇ ਸੋਕੇ ਪੈ ਰਹੇ ਹਨ। ਇਸ ਕਰਕੇ ਬਹੁਤ ਸਾਰੇ ਇਲਾਕਿਆਂ ਵਿਚ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਲੋਕਾਂ ਲਈ ਰੋਜ਼ੀ-ਰੋਟੀ ਕਮਾਉਣੀ ਔਖੀ ਹੁੰਦੀ ਹੈ ਅਤੇ ਲੱਖਾਂ ਲੋਕ ਬੇਘਰ ਹੁੰਦੇ ਹਨ।”

 ਖ਼ਤਰਨਾਕ ਮੌਸਮ ਕਰਕੇ ਲੋਕਾਂ ਦਾ ਸਿਰਫ਼ ਜਾਨ-ਮਾਲ ਦਾ ਹੀ ਨੁਕਸਾਨ ਨਹੀਂ ਹੁੰਦਾ, ਸਗੋਂ ਲੋਕ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੋ ਜਾਂਦੇ ਹਨ। ਘਰ-ਬਾਰ ਤਬਾਹ ਹੋਣ ਕਰਕੇ, ਇੱਥੋਂ ਤਕ ਕਿ ਆਪਣਿਆਂ ਦੀ ਮੌਤ ਹੋਣ ਕਰਕੇ ਲੋਕ ਸਦਮੇ ਵਿਚ ਚਲੇ ਜਾਂਦੇ ਹਨ।

 ਜੇ ਤੁਸੀਂ ਵੀ ਖ਼ਤਰਨਾਕ ਮੌਸਮ ਦੀ ਮਾਰ ਝੱਲ ਰਹੇ ਹੋ, ਤਾਂ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ। ਇਹ ਤੁਹਾਨੂੰ ਦਿਲਾਸਾ, ਉਮੀਦ ਅਤੇ ਫ਼ਾਇਦੇਮੰਦ ਸਲਾਹ ਦਿੰਦੀ ਹੈ। ਇਨ੍ਹਾਂ ਸਲਾਹਾਂ ਨੂੰ ਲਾਗੂ ਕਰ ਕੇ ਤਬਾਹੀ ਦੀ ਮਾਰ ਝੱਲਣ ਵਾਲੇ ਅਣਗਿਣਤ ਲੋਕਾਂ ਨੂੰ ਫ਼ਾਇਦਾ ਹੋਇਆ ਹੈ। (ਰੋਮੀਆਂ 15:4) ਬਾਈਬਲ ਇਨ੍ਹਾਂ ਅਹਿਮ ਸਵਾਲਾਂ ਦੇ ਵੀ ਜਵਾਬ ਦਿੰਦੀ ਹੈ ਜੋ ਬਹੁਤ ਸਾਰੇ ਦੁਖੀ ਲੋਕਾਂ ਦੇ ਮਨ ਵਿਚ ਆਉਂਦੇ ਹਨ: ਰੱਬ ਨੇ ਮੇਰੇ ਨਾਲ ਇੱਦਾਂ ਕਿਉਂ ਹੋਣ ਦਿੱਤਾ? ਕੀ ਉਹ ਮੈਨੂੰ ਸਜ਼ਾ ਦੇ ਰਿਹਾ ਹੈ?

ਅੱਜ ਖ਼ਤਰਨਾਕ ਮੌਸਮ ਰੱਬ ਵੱਲੋਂ ਸਜ਼ਾ ਨਹੀਂ ਹੈ

 ਬਾਈਬਲ ਸਿਖਾਉਂਦੀ ਹੈ ਕਿ ਲੋਕਾਂ ਦੇ ਦੁੱਖਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ। ਇਹ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ “ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” (ਯਾਕੂਬ 1:13) ਇਸ ਤੋਂ ਪਤਾ ਲੱਗਦਾ ਹੈ ਕਿ ਖ਼ਤਰਨਾਕ ਮੌਸਮ ਲਈ ਰੱਬ ਕਸੂਰਵਾਰ ਨਹੀਂ ਹੈ।

 ਬਾਈਬਲ ਵਿਚ ਕਈ ਵਾਰ ਜ਼ਿਕਰ ਆਉਂਦਾ ਹੈ ਕਿ ਰੱਬ ਨੇ ਕੁਦਰਤੀ ਤਾਕਤਾਂ ਨੂੰ ਵਰਤ ਕੇ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ। ਇਸ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ ਹਮੇਸ਼ਾ ਚੰਗੇ ਲੋਕਾਂ ਨੂੰ ਤਬਾਹੀ ਤੋਂ ਬਚਾਇਆ ਸੀ। ਨਾਲੇ ਉਸ ਨੇ ਤਬਾਹੀ ਲਿਆਉਣ ਤੋਂ ਪਹਿਲਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਅਤੇ ਤਬਾਹੀ ਲਿਆਉਣ ਦਾ ਕਾਰਨ ਵੀ ਦੱਸਿਆ ਸੀ। ਉਦਾਹਰਣ ਲਈ, ਰੱਬ ਨੇ ਨੂਹ ਦੇ ਦਿਨਾਂ ਵਿਚ ਜਲ਼-ਪਰਲੋ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ, ਇਸ ਦਾ ਕਾਰਨ ਦੱਸਿਆ ਸੀ ਅਤੇ ਨੂਹ ਤੇ ਉਸ ਦੇ ਪਰਿਵਾਰ ਨੂੰ ਬਚਾਇਆ ਸੀ। (ਉਤਪਤ 6:13; 2 ਪਤਰਸ 2:5) ਪਰ ਇਸ ਤੋਂ ਬਿਲਕੁਲ ਉਲਟ, ਅੱਜ ਖ਼ਤਰਨਾਕ ਮੌਸਮ ਕਰਕੇ ਜੋ ਤਬਾਹੀ ਹੁੰਦੀ ਹੈ, ਉਹ ਬਿਨਾਂ ਕਿਸੇ ਚੇਤਾਵਨੀ ਤੋਂ ਹੁੰਦੀ ਹੈ ਅਤੇ ਇਸ ਕਰਕੇ ਬੁਰੇ ਲੋਕਾਂ ਦੇ ਨਾਲ-ਨਾਲ ਚੰਗੇ ਲੋਕ ਵੀ ਮਾਰੇ ਜਾਂਦੇ ਹਨ।

 ਕੁਦਰਤੀ ਆਫ਼ਤਾਂ ਰੱਬ ਵੱਲੋਂ ਕੋਈ ਸਜ਼ਾ ਨਹੀਂ ਹਨ, ਇਸ ਬਾਰੇ ਹੋਰ ਜਾਣਕਾਰੀ ਲੈਣ ਲਈ “ਕੁਦਰਤੀ ਆਫ਼ਤਾਂ ਬਾਰੇ ਬਾਈਬਲ ਕੀ ਕਹਿੰਦੀ ਹੈ?” ਨਾਂ ਦਾ ਲੇਖ ਦੇਖੋ।

ਰੱਬ ਨੂੰ ਖ਼ਤਰਨਾਕ ਮੌਸਮ ਦੇ ਸ਼ਿਕਾਰ ਲੋਕਾਂ ਦੀ ਪਰਵਾਹ ਹੈ

 ਬਾਈਬਲ ਵਿਚ ਦੱਸਿਆ ਹੈ ਕਿ ਯਹੋਵਾਹ a ਪਰਵਾਹ ਕਰਨ ਵਾਲਾ ਅਤੇ ਹਮਦਰਦੀ ਰੱਖਣ ਵਾਲਾ ਰੱਬ ਹੈ। ਜ਼ਰਾ ਹੇਠਾਂ ਕੁਝ ਦਿਲਾਸਾ ਦੇਣ ਵਾਲੀਆਂ ਆਇਤਾਂ ʼਤੇ ਗੌਰ ਕਰੋ।

  •   ਯਸਾਯਾਹ 63:9: “ਉਨ੍ਹਾਂ ਦੇ ਸਾਰੇ ਦੁੱਖਾਂ ਵਿਚ [ਰੱਬ] ਵੀ ਦੁਖੀ ਹੋਇਆ।”

     ਮਤਲਬ: ਲੋਕਾਂ ਨੂੰ ਦੁੱਖ ਝੱਲਦਿਆਂ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਲੱਗਦਾ ਹੈ।

  •   1 ਪਤਰਸ 5:7: “ਉਸ ਨੂੰ ਤੁਹਾਡਾ ਫ਼ਿਕਰ ਹੈ।”

     ਮਤਲਬ: ਯਹੋਵਾਹ ਨੂੰ ਤੁਹਾਡੀ ਪਰਵਾਹ ਹੈ।

 ਯਹੋਵਾਹ ਨੂੰ ਤੁਹਾਡੀ ਪਰਵਾਹ ਹੈ ਅਤੇ ਤੁਹਾਡੇ ਨਾਲ ਹਮਦਰਦੀ ਹੋਣ ਕਰਕੇ ਉਹ ਤੁਹਾਡੀ ਮਦਦ ਵੀ ਕਰਦਾ ਹੈ। ਉਸ ਨੇ ਬਾਈਬਲ ਵਿਚ ਵਧੀਆ ਸਲਾਹਾਂ ਦਿੱਤੀਆਂ ਹਨ ਅਤੇ ਪੱਕੀ ਉਮੀਦ ਦਿੱਤੀ ਹੈ ਕਿ ਭਵਿੱਖ ਵਿਚ ਕੁਦਰਤੀ ਆਫ਼ਤਾਂ ਨਹੀਂ ਹੋਣਗੀਆਂ। ਇਸ ਤਰ੍ਹਾਂ ਉਹ ਸਾਰਿਆਂ ਨੂੰ ਦਿਲਾਸਾ ਦਿੰਦਾ ਹੈ।​—2 ਕੁਰਿੰਥੀਆਂ 1:3, 4.

ਜਦੋਂ ਖ਼ਤਰਨਾਕ ਮੌਸਮ ਦੀ ਸਮੱਸਿਆ ਨਹੀਂ ਰਹੇਗੀ

 ਯਹੋਵਾਹ “ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ” ਦੇਣ ਦਾ ਵਾਅਦਾ ਕਰਦਾ ਹੈ। (ਯਿਰਮਿਯਾਹ 29:11) ਉਹ ਚਾਹੁੰਦਾ ਹੈ ਕਿ ਲੋਕ ਬਾਗ਼ ਵਰਗੀ ਸੋਹਣੀ ਧਰਤੀ ʼਤੇ ਖ਼ੁਸ਼ੀ-ਖ਼ੁਸ਼ੀ ਜੀਉਣ, ਨਾ ਕਿ ਧਰਤੀ ਦੇ ਖ਼ਤਰਨਾਕ ਮੌਸਮ ਦੇ ਡਰ ਦੇ ਸਾਏ ਹੇਠ।​—ਉਤਪਤ 1:28; 2:15; ਯਸਾਯਾਹ 32:18.

 ਰੱਬ ਆਪਣੇ ਰਾਜ ਅਧੀਨ ਸਾਨੂੰ ਚੰਗਾ ਭਵਿੱਖ ਦੇਵੇਗਾ ਅਤੇ ਉਸ ਦੇ ਰਾਜ ਦਾ ਰਾਜਾ ਯਿਸੂ ਹੋਵੇਗਾ। (ਮੱਤੀ 6:10) ਯਿਸੂ ਕੋਲ ਬੁੱਧ ਅਤੇ ਤਾਕਤ ਦੋਨੋਂ ਹੀ ਹਨ, ਇਸ ਲਈ ਉਹ ਕੁਦਰਤੀ ਆਫ਼ਤਾਂ ਨੂੰ ਆਉਣ ਤੋਂ ਰੋਕ ਸਕਦਾ ਹੈ। ਧਰਤੀ ʼਤੇ ਹੁੰਦਿਆਂ ਯਿਸੂ ਨੇ ਦਿਖਾਇਆ ਸੀ ਕਿ ਮੌਸਮ ʼਤੇ ਉਸ ਦਾ ਪੂਰਾ ਵੱਸ ਸੀ। (ਮਰਕੁਸ 4:37-41) ਉਹ ਬੁੱਧ ਅਤੇ ਸਮਝਦਾਰੀ ਨਾਲ ਰਾਜ ਕਰੇਗਾ ਅਤੇ ਲੋਕਾਂ ਨੂੰ ਵਾਤਾਵਰਣ ਦੀ ਦੇਖ-ਭਾਲ ਕਰਨੀ ਸਿਖਾਵੇਗਾ ਤਾਂਕਿ ਸ੍ਰਿਸ਼ਟੀ ਦਾ ਨੁਕਸਾਨ ਨਾ ਹੋਵੇ। (ਯਸਾਯਾਹ 11:2) ਯਿਸੂ ਦੀ ਅਗਵਾਈ ਅਧੀਨ ਫਿਰ ਕਦੇ ਵੀ ਇਨਸਾਨਾਂ ਨੂੰ ਖ਼ਤਰਨਾਕ ਮੌਸਮ ਦੀ ਮਾਰ ਨਹੀਂ ਝੱਲਣੀ ਪਵੇਗੀ।

 ਤੁਸੀਂ ਸ਼ਾਇਦ ਸੋਚੋ, ‘ਯਿਸੂ ਕਦੋਂ ਮੌਸਮ ʼਤੇ ਆਪਣਾ ਅਧਿਕਾਰ ਵਰਤੇਗਾ?’ ਇਸ ਸਵਾਲ ਦੇ ਜਵਾਬ ਲਈ “ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਆਵੇਗਾ?” ਨਾਂ ਦਾ ਲੇਖ ਦੇਖੋ।

ਖ਼ਤਰਨਾਕ ਮੌਸਮ ਨਾਲ ਕਿਵੇਂ ਨਜਿੱਠੀਏ

 ਖ਼ਤਰਨਾਕ ਮੌਸਮ ਤੋਂ ਪਹਿਲਾਂ ਜਾਂ ਬਾਅਦ ਵਿਚ ਜਾਂ ਖ਼ਤਰਨਾਕ ਮੌਸਮ ਦੌਰਾਨ ਬਾਈਬਲ ਦੀ ਸਲਾਹ ਲਾਗੂ ਕਰ ਕੇ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ।

  •   ਖ਼ਤਰਨਾਕ ਮੌਸਮ ਤੋਂ ਪਹਿਲਾਂ: ਤੁਰੰਤ ਕਦਮ ਚੁੱਕਣ ਲਈ ਤਿਆਰ ਹੋਵੋ।

     ਬਾਈਬਲ ਕੀ ਕਹਿੰਦੀ ਹੈ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ, ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ ਭੁਗਤਦਾ ਹੈ।”​—ਕਹਾਉਤਾਂ 22:3.

     ਮਤਲਬ: ਪਹਿਲਾਂ ਤੋਂ ਦੇਖੋਂ ਕਿ ਕਿਹੜੇ ਖ਼ਤਰੇ ਆ ਸਕਦੇ ਹਨ ਤਾਂਕਿ ਤੁਸੀਂ ਤੁਰੰਤ ਕਦਮ ਚੁੱਕ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾ ਸਕੋ।

     ਤਜਰਬਾ: “ਜਿਸ ਦਿਨ ਜੰਗਲ ਵਿਚ ਅੱਗ ਲੱਗੀ, ਪਹਿਲਾਂ ਤੋਂ ਹੀ ਤਿਆਰੀ ਕੀਤੀ ਹੋਣ ਕਰਕੇ ਅਸੀਂ ਬਚ ਨਿਕਲੇ। ਅਸੀਂ ਪਹਿਲਾਂ ਤੋਂ ਹੀ ਐਮਰਜੈਂਸੀ ਬੈਗ ਤਿਆਰ ਕੀਤੇ ਹੋਏ ਸਨ। ਅਸੀਂ ਆਪਣੀਆਂ ਦਵਾਈਆਂ ਅਤੇ ਕੱਪੜੇ ਵੀ ਰੱਖੇ ਸਨ। ਸਾਡੇ ਆਲੇ-ਦੁਆਲੇ ਦੇ ਲੋਕ ਘਬਰਾਏ ਹੋਣ ਕਰਕੇ ਚੰਗੀ ਤਰ੍ਹਾਂ ਸੋਚ ਵੀ ਨਹੀਂ ਪਾ ਰਹੇ ਸਨ। ਮੈਂ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਕੋਲ ਸਾਰੀਆਂ ਜ਼ਰੂਰੀ ਚੀਜ਼ਾਂ ਸਨ।”​—ਤਮਾਰਾ, ਕੈਲੇਫ਼ੋਰਨੀਆ, ਅਮਰੀਕਾ।

  •   ਖ਼ਤਰਨਾਕ ਮੌਸਮ ਦੌਰਾਨ: ਜ਼ਿਆਦਾ ਜ਼ਰੂਰੀ ਗੱਲਾਂ ʼਤੇ ਧਿਆਨ ਦਿਓ।

     ਬਾਈਬਲ ਕੀ ਕਹਿੰਦੀ ਹੈ: “ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”​—ਲੂਕਾ 12:15.

     ਮਤਲਬ: ਜ਼ਿੰਦਗੀ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।

     ਤਜਰਬਾ: “ਜਦੋਂ ਲਾਵੇਨ b ਨਾਂ ਦੇ ਤੂਫ਼ਾਨ ਕਰਕੇ ਸਾਡਾ ਘਰ ਤਬਾਹ ਹੋ ਗਿਆ, ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਹੀਂ। ਪਰ ਮੈਂ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਜ਼ਰੂਰ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਸਾਡੀਆਂ ਚੀਜ਼ਾਂ ਤਬਾਹ ਹੋ ਗਈਆਂ ਸਨ, ਪਰ ਸਾਡੀਆਂ ਜਾਨਾਂ ਬਚ ਗਈਆਂ ਸਨ।”​—ਲੈਸਲੀ, ਫ਼ਿਲਪੀਨ।

  •   ਖ਼ਤਰਨਾਕ ਮੌਸਮ ਤੋਂ ਬਾਅਦ: ਸਿਰਫ਼ ਅੱਜ ਦੀ ਹੀ ਚਿੰਤਾ ਕਰੋ।

     ਬਾਈਬਲ ਕੀ ਕਹਿੰਦੀ ਹੈ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।”​—ਮੱਤੀ 6:34.

     ਮਤਲਬ: ਭਵਿੱਖ ਬਾਰੇ ਹੱਦੋਂ ਵੱਧ ਚਿੰਤਾ ਨਾ ਕਰੋ।

     ਤਜਰਬਾ: “ਅਰਮਾ ਨਾਂ ਦਾ ਸਮੁੰਦਰੀ ਤੂਫ਼ਾਨ ਆਉਣ ਕਰਕੇ ਮੇਰਾ ਘਰ ਤਬਾਹ ਹੋ ਗਿਆ। ਮੈਨੂੰ ਬਹੁਤ ਸਾਰੇ ਫ਼ੈਸਲੇ ਕਰਨੇ ਪੈਣੇ ਸਨ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਬਾਈਬਲ ਦੀ ਇਹ ਸਲਾਹ ਲਾਗੂ ਕੀਤੀ ਕਿ ਸਿਰਫ਼ ਅੱਜ ਦੀ ਚਿੰਤਾ ਕਰੋ। ਮੈਂ ਗੌਰ ਕੀਤਾ ਕਿ ਯਹੋਵਾਹ ਦੀ ਮਦਦ ਨਾਲ ਮੈਂ ਉਨ੍ਹਾਂ ਸਾਰੀਆਂ ਮੁਸ਼ਕਲਾਂ ਨਾਲ ਇੰਨੇ ਵਧੀਆ ਤਰੀਕੇ ਨਾਲ ਨਜਿੱਠ ਸਕੀ ਜਿੱਦਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ।”​—ਸੈਲੀ, ਫ਼ਲੋਰਿਡਾ, ਅਮਰੀਕਾ।

 ਹੋਰ ਸੁਝਾਵਾਂ ਲਈ “ਕੁਦਰਤੀ ਆਫ਼ਤ ਆਉਣ ʼਤੇ ਕੁਝ ਕਦਮ ਚੁੱਕੋ ਤੇ ਜਾਨ ਬਚਾਓ” ਨਾਂ ਦਾ ਲੇਖ ਦੇਖੋ।

a ਰੱਬ ਦਾ ਨਾਂ ਯਹੋਵਾਹ ਹੈ।​—ਜ਼ਬੂਰ 83:18.

b ਇਸ ਨੂੰ ਹਾਈਮਾ ਸਮੁੰਦਰੀ ਤੂਫ਼ਾਨ ਵੀ ਕਿਹਾ ਜਾਂਦਾ ਹੈ।