Skip to content

Skip to table of contents

ਸ਼ਰਾਬ ਦੇ ਗ਼ੁਲਾਮ ਬਣਨ ਤੋਂ ਕਿਵੇਂ ਬਚੀਏ?

ਸ਼ਰਾਬ ਦੇ ਗ਼ੁਲਾਮ ਬਣਨ ਤੋਂ ਕਿਵੇਂ ਬਚੀਏ?

 ਕੁਝ ਲੋਕ ਉਦੋਂ ਜ਼ਿਆਦਾ ਸ਼ਰਾਬ ਪੀਂਦੇ ਹਨ ਜਦੋਂ ਉਹ ਤਣਾਅ, ਇਕੱਲਾਪਣ ਜਾਂ ਬੋਰ ਮਹਿਸੂਸ ਕਰਦੇ ਹਨ। ਕੀ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਸ਼ਰਾਬ ਤਾਂ ਨਹੀਂ ਪੀਣ ਲੱਗ ਪਏ ਹੋ? ਜੇ ਹਾਂ, ਤਾਂ ਕੀ ਤੁਸੀਂ ਹੱਦ ਵਿਚ ਰਹਿ ਕੇ ਪੀਂਦੇ ਹੋ ਜਾਂ ਇਸ ਦੇ ਗ਼ੁਲਾਮ ਬਣ ਗਏ ਹੋ? ਆਓ ਅਸੀਂ ਕੁਝ ਸੁਝਾਵਾਂ ʼਤੇ ਗੌਰ ਕਰੀਏ ਜੋ ਸ਼ਰਾਬ ਪੀਣ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਤੁਹਾਡੀ ਮਦਦ ਕਰਨਗੇ।

 ਹੱਦ ਵਿਚ ਰਹਿ ਕੇ ਸ਼ਰਾਬ ਪੀਣ ਦਾ ਕੀ ਮਤਲਬ ਹੈ?

 ਬਾਈਬਲ ਕੀ ਕਹਿੰਦੀ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ।”—ਕਹਾਉਤਾਂ 23:20.

 ਗੌਰ ਕਰੋ: ਬਾਈਬਲ ਸ਼ਰਾਬ ਪੀਣ ਤੋਂ ਮਨ੍ਹਾ ਨਹੀਂ ਕਰਦੀ। (ਉਪਦੇਸ਼ਕ ਦੀ ਪੋਥੀ 9:7) ਪਰ ਬਾਈਬਲ ਸਾਨੂੰ ਹੱਦ ਵਿਚ ਰਹਿ ਕੇ ਸ਼ਰਾਬ ਪੀਣ, ਬੇਹਿਸਾਬੀ ਸ਼ਰਾਬ ਪੀਣ ਅਤੇ ਸ਼ਰਾਬੀ ਹੋਣ ਵਿਚ ਫ਼ਰਕ ਦੱਸਦੀ ਹੈ। (ਲੂਕਾ 21:34; ਅਫ਼ਸੀਆਂ 5:18; ਤੀਤੁਸ 2:3) ਭਾਵੇਂ ਕਿ ਤੁਹਾਨੂੰ ਜ਼ਿਆਦਾ ਨਹੀਂ ਚੜ੍ਹਦੀ, ਫਿਰ ਵੀ ਜੇ ਤੁਸੀਂ ਜ਼ਿਆਦਾ ਪੀਂਦੇ ਹੋ, ਤਾਂ ਇਸ ਨਾਲ ਤੁਹਾਡੇ ਫ਼ੈਸਲੇ ਕਰਨ ਦੀ ਕਾਬਲੀਅਤ, ਤੁਹਾਡੀ ਸਿਹਤ ਅਤੇ ਦੂਸਰਿਆਂ ਨਾਲ ਤੁਹਾਡੇ ਰਿਸ਼ਤਿਆਂ ʼਤੇ ਮਾੜਾ ਅਸਰ ਪੈ ਸਕਦਾ ਹੈ।—ਕਹਾਉਤਾਂ 23:29, 30.

 ਕਈ ਸੰਸਥਾਵਾਂ ਹੱਦ ਵਿਚ ਰਹਿ ਕੇ ਸ਼ਰਾਬ ਪੀਣ ਤੇ ਬੇਹਿਸਾਬੀ ਸ਼ਰਾਬ ਪੀਣ ਵਿਚ ਫ਼ਰਕ ਦੱਸਦੀਆਂ ਹਨ। ਇਸ ਦਾ ਹਿਸਾਬ ਲਾਉਣ ਲਈ ਉਹ ਅਕਸਰ ਇਹ ਦੇਖਦੀਆਂ ਹਨ ਕਿ ਇਕ ਵਿਅਕਤੀ ਹਰ ਦਿਨ ਕਿੰਨੇ ਕੁ ਪੈੱਗ ਲਾਉਂਦਾ ਹੈ ਤੇ ਹਫ਼ਤੇ ਵਿਚ ਕਿੰਨੇ ਦਿਨ ਪੀਂਦਾ ਹੈ। a ਭਾਵੇਂ ਕਿ ਸ਼ਰਾਬ ਦਾ ਲੋਕਾਂ ʼਤੇ ਅਲੱਗ ਅਸਰ ਪੈਂਦਾ ਹੈ, ਪਰ ਕਈ ਮੌਕਿਆਂ ʼਤੇ ਸ਼ਰਾਬ ਨੂੰ ਹੱਥ ਨਾ ਲਾਉਣਾ ਹੀ ਸਹੀ ਹੁੰਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ:

 “ਇਕ ਜਾਂ ਦੋ ਪੈੱਗ ਲਾਉਣੇ ਵੀ ਖ਼ਤਰਨਾਕ ਹੋ ਸਕਦੇ ਹਨ—ਮਿਸਾਲ ਲਈ:

  •   ਗੱਡੀ ਜਾਂ ਕੋਈ ਮਸ਼ੀਨ ਚਲਾਉਣ ਵੇਲੇ।

  •   ਗਰਭ-ਅਵਸਥਾ ਜਾਂ ਬੱਚੇ ਨੂੰ ਦੁੱਧ ਪਿਲਾਉਣ ਵਾਲੇ ਦਿਨਾਂ ਦੌਰਾਨ।

  •   ਦਵਾਈਆਂ ਲੈਂਦੇ ਵੇਲੇ।

  •   ਸਿਹਤ ਸਮੱਸਿਆਵਾਂ ਵੇਲੇ।

  •   ਹੱਦੋਂ ਵੱਧ ਸ਼ਰਾਬ ਪੀਣ ਦੀ ਆਦਤ ਹੋਣ ਵੇਲੇ।”

 ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਹੱਦੋਂ ਵੱਧ ਸ਼ਰਾਬ ਪੀਣ ਲੱਗ ਪਏ ਹੋ?

 ਬਾਈਬਲ ਕੀ ਕਹਿੰਦੀ ਹੈ: “ਆਓ, ਅਸੀਂ ਆਪਣੇ ਰਾਹਾਂ ਨੂੰ ਪਰਤਾਈਏ ਤੇ ਪਰਖੀਏ।”—ਵਿਰਲਾਪ 3:40.

 ਗੌਰ ਕਰੋ: ਤੁਸੀਂ ਸ਼ਰਾਬ ਪੀਣ ਦੇ ਮਾੜੇ ਅਸਰਾਂ ਤੋਂ ਬਚ ਸਕਦੇ ਹੋ ਜੇ ਤੁਸੀਂ ਲਗਾਤਾਰ ਆਪਣੀ ਜਾਂਚ ਕਰਦੇ ਹੋ ਅਤੇ ਜ਼ਰੂਰੀ ਬਦਲਾਅ ਕਰਦੇ ਹੋ। ਹੇਠਾਂ ਦਿੱਤੀਆਂ ਗੱਲਾਂ ਰਾਹੀਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਹੱਦੋਂ ਵੱਧ ਸ਼ਰਾਬ ਪੀ ਰਹੇ ਹੋ ਜਾਂ ਨਹੀਂ।

  •   ਤੁਸੀਂ ਖ਼ੁਸ਼ ਰਹਿਣ ਲਈ ਸ਼ਰਾਬ ਪੀਂਦੇ ਹੋ। ਤੁਹਾਨੂੰ ਲੱਗਦਾ ਹੈ ਕਿ ਆਰਾਮ ਕਰਨ, ਦੂਸਰਿਆਂ ਨਾਲ ਸਮਾਂ ਬਿਤਾਉਣ ਜਾਂ ਮੌਜ-ਮਸਤੀ ਕਰਨ ਲਈ ਸ਼ਰਾਬ ਪੀਣੀ ਜ਼ਰੂਰੀ ਹੈ। ਤੁਸੀਂ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸ਼ਰਾਬ ਪੀਂਦੇ ਹੋ।

  •   ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਸ਼ਰਾਬ ਪੀਣ ਲੱਗ ਪਏ ਹੋ। ਤੁਸੀਂ ਵਾਰ-ਵਾਰ ਸ਼ਰਾਬ ਪੀਂਦੇ ਹੋ। ਤੁਸੀਂ ਜ਼ਿਆਦਾ ਨਸ਼ੇ ਵਾਲੀ ਸ਼ਰਾਬ ਪੀਂਦੇ ਹੋ ਅਤੇ ਨਸ਼ਾ ਚੜ੍ਹਾਉਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈੱਗ ਲਾਉਂਦੇ ਹੋ।

  •   ਸ਼ਰਾਬ ਪੀਣ ਕਰਕੇ ਤੁਹਾਡੇ ਘਰ ਅਤੇ ਕੰਮ ਦੀ ਥਾਂ ʼਤੇ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਮਿਸਾਲ ਲਈ, ਤੁਸੀਂ ਆਪਣੇ ਬਜਟ ਤੋਂ ਜ਼ਿਆਦਾ ਪੈਸੇ ਸ਼ਰਾਬ ʼਤੇ ਖ਼ਰਚ ਦਿੰਦੇ ਹੋ।

  •   ਤੁਸੀਂ ਸ਼ਰਾਬ ਪੀਣ ਤੋਂ ਬਾਅਦ ਗ਼ਲਤ ਫ਼ੈਸਲੇ ਕਰਦੇ ਹੋ, ਜਿਵੇਂ ਕਿ ਗੱਡੀ ਜਾਂ ਕੋਈ ਮਸ਼ੀਨ ਚਲਾਉਣੀ ਅਤੇ ਤੈਰਨਾ।

  •   ਦੂਸਰੇ ਤੁਹਾਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਦੇ ਹਨ। ਜਦੋਂ ਉਹ ਇੱਦਾਂ ਕਰਦੇ ਹਨ, ਤਾਂ ਤੁਸੀਂ ਸਫ਼ਾਈਆਂ ਦੇਣ ਲੱਗ ਪੈਂਦੇ ਹੋ। ਤੁਸੀਂ ਦੂਸਰਿਆਂ ਤੋਂ ਲੁੱਕ-ਛਿਪ ਕੇ ਪੀਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਸੀਂ ਝੂਠ ਬੋਲਦੇ ਹੋ ਕਿ ਤੁਸੀਂ ਕਿੰਨੀ ਕੁ ਸ਼ਰਾਬ ਪੀਂਦੇ ਹੋ।

  •   ਤੁਹਾਨੂੰ ਸ਼ਰਾਬ ਛੱਡਣੀ ਔਖੀ ਲੱਗ ਰਹੀ ਹੈ। ਤੁਸੀਂ ਘੱਟ ਪੀਣ ਜਾਂ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰਦੇ ਹੋ, ਪਰ ਹੁਣ ਇਹ ਤੁਹਾਡੇ ਵੱਸ ਦੀ ਗੱਲ ਨਹੀਂ ਰਹੀ।

 ਸ਼ਰਾਬ ਦੇ ਗ਼ੁਲਾਮ ਬਣਨ ਤੋਂ ਬਚਣ ਲਈ ਪੰਜ ਸੁਝਾਅ

 1. ਪਲੈਨ ਬਣਾਓ।

 ਬਾਈਬਲ ਕੀ ਕਹਿੰਦੀ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”—ਕਹਾਉਤਾਂ 21:5, CL.

 ਇੱਦਾਂ ਕਰ ਕੇ ਦੇਖੋ: ਹਰ ਰੋਜ਼ ਨਾ ਪੀਓ, ਸਗੋਂ ਸੋਚੋ ਕਿ ਤੁਸੀਂ ਕਦੋਂ ਪੀਓਗੇ। ਇਕ ਹੱਦ ਠਹਿਰਾਓ ਕਿ ਉਨ੍ਹਾਂ ਦਿਨਾਂ ਦੌਰਾਨ ਤੁਸੀਂ ਕਿੰਨੇ ਪੈੱਗ ਲਾਓਗੇ। ਨਾਲੇ ਹਫ਼ਤੇ ਵਿਚ ਘੱਟੋ-ਘੱਟ ਦੋ ਦਿਨ ਅਜਿਹੇ ਰੱਖੋ ਜਦੋਂ ਤੁਸੀਂ ਸ਼ਰਾਬ ਦੀ ਇਕ ਬੂੰਦ ਵੀ ਨਹੀਂ ਪੀਓਗੇ।

 ਇਕ ਸੰਸਥਾ ਕਹਿੰਦੀ ਹੈ, “ਜੇ ਤੁਸੀਂ ਹਫ਼ਤੇ ਵਿਚ ਕੁਝ ਦਿਨ ਸ਼ਰਾਬ ਨਹੀਂ ਪੀਓਗੇ, ਤਾਂ ਤੁਸੀਂ ਇਸ ਦੀ ਗ੍ਰਿਫ਼ਤ ਵਿਚ ਫਸਣ ਤੋਂ ਬਚ ਸਕਦੇ ਹੋ।”—ਯੂ.ਕੇ. ਵਿਚ ਸ਼ਰਾਬ ਸੰਬੰਧੀ ਸਲਾਹ ਦੇਣ ਵਾਲੀ ਸੰਸਥਾ।

 2. ਪਲੈਨ ਮੁਤਾਬਕ ਕੰਮ ਕਰੋ।

 ਬਾਈਬਲ ਕੀ ਕਹਿੰਦੀ ਹੈ: “ਜਿਸ ਜੋਸ਼ ਨਾਲ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ, ਉਸੇ ਜੋਸ਼ ਨਾਲ ਇਹ ਕੰਮ . . . ਪੂਰਾ ਵੀ ਕਰੋ।”—2 ਕੁਰਿੰਥੀਆਂ 8:11.

 ਇੱਦਾਂ ਕਰ ਕੇ ਦੇਖੋ: ਇਹ ਪਤਾ ਕਰੋ ਕਿ ਤੁਹਾਡੇ ਇਲਾਕੇ ਜਾਂ ਦੇਸ਼ ਦੇ ਕਾਨੂੰਨ ਮੁਤਾਬਕ ਕਿੰਨੀ ਕੁ ਸ਼ਰਾਬ ਪੀਣੀ ਜਾਇਜ਼ ਹੈ ਅਤੇ ਫਿਰ ਉਸ ਮੁਤਾਬਕ ਚੱਲੋ। ਸ਼ਰਾਬ ਪੀਣ ਦੀ ਬਜਾਇ ਕੁਝ ਹੋਰ ਪੀਓ ਜੋ ਸਿਹਤ ਲਈ ਫ਼ਾਇਦੇਮੰਦ ਹੈ ਤੇ ਇਸ ਨੂੰ ਹਮੇਸ਼ਾ ਆਪਣੇ ਘਰ ਰੱਖੋ।

 ਇਕ ਰਿਪੋਰਟ ਕਹਿੰਦੀ ਹੈ, “ਛੋਟੇ-ਛੋਟੇ ਬਦਲਾਅ ਕਰ ਕੇ ਤੁਸੀਂ ਹੱਦੋਂ ਵੱਧ ਸ਼ਰਾਬ ਪੀਣ ਨਾਲ ਹੋਣ ਵਾਲੇ ਵੱਡੇ-ਵੱਡੇ ਨੁਕਸਾਨਾਂ ਤੋਂ ਬਚ ਸਕਦੇ ਹੋ।”—U.S. National Institute on Alcohol Abuse and Alcoholism.

 3. ਆਪਣੇ ਫ਼ੈਸਲਿਆਂ ʼਤੇ ਡਟੇ ਰਹੋ।

 ਬਾਈਬਲ ਕੀ ਕਹਿੰਦੀ ਹੈ: “ਤੁਹਾਡੀ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ।”—ਯਾਕੂਬ 5:12.

 ਇੱਦਾਂ ਕਰ ਕੇ ਦੇਖੋ: ਜੇਕਰ ਕੋਈ ਵਿਅਕਤੀ ਤੁਹਾਡੇ ʼਤੇ ਹੱਦ ਤੋਂ ਵੱਧ ਸ਼ਰਾਬ ਪੀਣ ਦਾ ਜ਼ੋਰ ਪਾਉਂਦਾ ਹੈ, ਤਾਂ ਨਰਮਾਈ ਨਾਲ ਉਸ ਨੂੰ “ਨਾਂਹ” ਕਹਿਣ ਲਈ ਤਿਆਰ ਰਹੋ ਤਾਂਕਿ ਤੁਸੀਂ ਆਪਣੇ ਫ਼ੈਸਲੇ ʼਤੇ ਡਟੇ ਰਹਿ ਸਕੋ।

 ਇਕ ਰਿਪੋਰਟ ਕਹਿੰਦੀ ਹੈ, “ਜਿੰਨੀ ਛੇਤੀ ਤੁਸੀਂ ਨਾਂਹ ਕਹੋਗੇ ਉੱਨਾ ਹੀ ਘੱਟ ਤੁਸੀਂ ਦਬਾਅ ਵਿਚ ਆਓਗੇ।”—U.S. National Institute on Alcohol Abuse and Alcoholism.

 4. ਆਪਣੇ ਫ਼ੈਸਲਿਆਂ ਦੇ ਫ਼ਾਇਦਿਆਂ ʼਤੇ ਧਿਆਨ ਲਾਓ।

 ਬਾਈਬਲ ਕੀ ਕਹਿੰਦੀ ਹੈ: “ਕਿਸੇ ਗੱਲ ਦਾ ਛੇਕੜ [ਜਾਂ ਅੰਤ] ਉਹ ਦੇ ਅਰੰਭ ਨਾਲੋਂ ਭਲਾ ਹੈ।”—ਉਪਦੇਸ਼ਕ ਦੀ ਪੋਥੀ 7:8.

 ਇੱਦਾਂ ਕਰ ਕੇ ਦੇਖੋ: ਉਨ੍ਹਾਂ ਕਾਰਨਾਂ ਦੀ ਲਿਸਟ ਬਣਾਓ ਜਿਨ੍ਹਾਂ ਕਰਕੇ ਤੁਸੀਂ ਹੱਦੋਂ ਵੱਧ ਸ਼ਰਾਬ ਨਹੀਂ ਪੀਣੀ ਚਾਹੁੰਦੇ। ਇਸ ਲਿਸਟ ਵਿਚ ਇਹ ਕਾਰਨ ਵੀ ਸ਼ਾਮਲ ਕਰੋ ਜਿਵੇਂ ਚੰਗੀ ਨੀਂਦ, ਸਿਹਤ, ਪੈਸੇ ਅਤੇ ਰਿਸ਼ਤੇ। ਜੇ ਤੁਸੀਂ ਦੂਸਰਿਆਂ ਨਾਲ ਆਪਣੇ ਫ਼ੈਸਲਿਆਂ ਬਾਰੇ ਗੱਲ ਕਰਦੇ ਹੋ, ਤਾਂ ਇਸ ਗੱਲ ʼਤੇ ਧਿਆਨ ਨਾ ਲਾਓ ਕਿ ਬਦਲਾਅ ਕਰਨਾ ਕਿੰਨਾ ਔਖਾ ਹੈ, ਸਗੋਂ ਫ਼ਾਇਦਿਆਂ ʼਤੇ ਧਿਆਨ ਲਾਓ।

 5. ਰੱਬ ਤੋਂ ਮਦਦ ਮੰਗੋ।

 ਬਾਈਬਲ ਕੀ ਕਹਿੰਦੀ ਹੈ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”—ਫ਼ਿਲਿੱਪੀਆਂ 4:13.

 ਇੱਦਾਂ ਕਰ ਕੇ ਦੇਖੋ: ਜੇ ਤੁਸੀਂ ਸ਼ਰਾਬ ਪੀਣ ਦੀ ਆਦਤ ਛੱਡਣੀ ਚਾਹੁੰਦੇ ਹੋ, ਤਾਂ ਮਦਦ ਲਈ ਰੱਬ ਨੂੰ ਪ੍ਰਾਰਥਨਾ ਕਰੋ। ਨਾਲੇ ਉਸ ਨੂੰ ਬੇਨਤੀ ਕਰੋ ਕਿ ਉਹ ਤੁਹਾਨੂੰ ਤਾਕਤ ਦੇਵੇ ਤੇ ਸੰਜਮ ਰੱਖਣ ਵਿਚ ਤੁਹਾਡੀ ਮਦਦ ਕਰੇ। b ਇਹ ਵੀ ਸਿੱਖਣ ਦੀ ਕੋਸ਼ਿਸ਼ ਕਰੋ ਕਿ ਉਸ ਦਾ ਬਚਨ ਬਾਈਬਲ ਇਸ ਬਾਰੇ ਕੀ ਕਹਿੰਦਾ ਹੈ। ਰੱਬ ਦੀ ਮਦਦ ਨਾਲ ਤੁਸੀਂ ਹੱਦੋਂ ਵੱਧ ਸ਼ਰਾਬ ਪੀਣ ਦੀ ਆਦਤ ʼਤੇ ਕਾਬੂ ਪਾ ਸਕਦੇ ਹੋ।

a ਮਿਸਾਲ ਲਈ, ਅਮਰੀਕਾ ਦੀ ਇਕ ਸੰਸਥਾ ਮੁਤਾਬਕ ਬੇਹਿਸਾਬੀ ਸ਼ਰਾਬ ਪੀਣ ਦਾ ਮਤਲਬ ਹੈ, “ਆਦਮੀਆਂ ਲਈ ਇਕ ਦਿਨ ਵਿਚ 5 ਜਾਂ 5 ਤੋਂ ਵੱਧ ਪੈੱਗ ਅਤੇ ਹਰ ਹਫ਼ਤੇ 15 ਜਾਂ 15 ਤੋਂ ਵੱਧ ਪੈੱਗ ਤੇ ਔਰਤਾਂ ਲਈ ਇਕ ਦਿਨ ਵਿਚ 4 ਜਾਂ 4 ਤੋਂ ਵੱਧ ਅਤੇ ਹਰ ਹਫ਼ਤੇ 8 ਜਾਂ 8 ਤੋਂ ਵੱਧ।” (U.S. Department of Health and Human Services) ਹਰ ਦੇਸ਼ ਵਿਚ ਪੈੱਗ ਦੀ ਮਾਤਰਾ ਵੱਖੋ-ਵੱਖਰੀ ਤੈਅ ਕੀਤੀ ਹੁੰਦੀ ਹੈ। ਇਸ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰੋ ਕਿ ਤੁਸੀਂ ਕਿੰਨੀ ਕੁ ਮਾਤਰਾ ਵਿਚ ਪੀ ਸਕਦੇ ਹੋ।

b ਜੇ ਤੁਹਾਡੇ ਲਈ ਇਸ ਆਦਤ ʼਤੇ ਕਾਬੂ ਪਾਉਣਾ ਔਖਾ ਹੈ, ਤਾਂ ਚੰਗਾ ਹੋਵੇਗਾ ਕਿ ਤੁਸੀਂ ਡਾਕਟਰ ਤੋਂ ਮਦਦ ਲਓ।