Skip to content

Skip to table of contents

ਮੁਲਾਕਾਤ | ਪਾਓਲਾ ਕਿਓਟਸੀ

ਬਾਇਓਕੈਮਿਸਟ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ

ਬਾਇਓਕੈਮਿਸਟ ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ

ਡਾ. ਪਾਓਲਾ ਕਿਓਟਸੀ ਨੇ 20 ਤੋਂ ਜ਼ਿਆਦਾ ਸਾਲਾਂ ਤਾਈਂ ਇਟਲੀ ਦੇ ਫਰਾਰ ਸ਼ਹਿਰ ਦੀ ਯੂਨੀਵਰਸਿਟੀ ਵਿਚ ਅਣੂ ਜੀਵ-ਵਿਗਿਆਨੀ ਵਜੋਂ ਕੰਮ ਕੀਤਾ ਹੈ। ਜਾਗਰੂਕ ਬਣੋ! ਨੇ ਉਸ ਨੂੰ ਉਸ ਦੇ ਵਿਗਿਆਨ ਅਤੇ ਧਾਰਮਿਕ ਵਿਸ਼ਵਾਸਾਂ ਬਾਰੇ ਪੁੱਛਿਆ।

ਸਾਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ।

ਮੇਰੇ ਪਿਤਾ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ ਅਤੇ ਮਾਤਾ ਜੀ ਫਾਰਮ ਤੇ ਕੰਮ ਕਰਦੇ ਸਨ। ਪਰ ਮੈਂ ਵਿਗਿਆਨੀ ਬਣਨਾ ਚਾਹੁੰਦੀ ਸੀ। ਸਾਡੇ ਘਰ ਦੇ ਆਲੇ-ਦੁਆਲੇ ਸੁੰਦਰ ਫੁੱਲਾਂ, ਪੰਛੀਆਂ ਤੇ ਕੀੜੇ-ਮਕੌੜਿਆਂ ਨੂੰ ਦੇਖ ਕੇ ਮੈਂ ਹੱਕੀ-ਬੱਕੀ ਰਹਿ ਜਾਂਦੀ ਸੀ। ਇਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਕਿ ਇਨ੍ਹਾਂ ਨੂੰ ਕਿਸੇ ਅਜਿਹੇ ਸ਼ਖ਼ਸ ਨੇ ਬਣਾਇਆ ਹੈ ਜੋ ਇਨਸਾਨਾਂ ਨਾਲੋਂ ਬੁੱਧੀਮਾਨ ਹੈ।

ਸੋ ਕੀ ਤੁਸੀਂ ਹਮੇਸ਼ਾ ਤੋਂ ਸਿਰਜਣਹਾਰ ਨੂੰ ਮੰਨਦੇ ਆਏ ਹੋ?

ਨਹੀਂ। ਮੈਨੂੰ ਬਚਪਨ ਤੋਂ ਸ਼ੱਕ ਸੀ ਕਿ ਰੱਬ ਹੈ ਜਾਂ ਨਹੀਂ। ਮੇਰੇ ਪਿਤਾ ਜੀ ਅਚਾਨਕ ਦਿਲ ਦੇ ਦੌਰੇ ਕਾਰਨ ਦਮ ਤੋੜ ਗਏ ਤੇ ਮੈਂ ਸੋਚਣ ਲੱਗੀ ਕਿ ‘ਇੰਨੀਆਂ ਸੋਹਣੀਆਂ ਚੀਜ਼ਾਂ ਬਣਾਉਣ ਵਾਲਾ ਦੁੱਖਾਂ ਤੇ ਮੌਤ ਨੂੰ ਖ਼ਤਮ ਕਿਉਂ ਨਹੀਂ ਕਰਦਾ?’

ਸਾਇੰਸ ਦੀ ਪੜ੍ਹਾਈ ਕਰਨ ਨਾਲ ਕੀ ਤੁਹਾਨੂੰ ਇਸ ਦਾ ਜਵਾਬ ਮਿਲਿਆ?

ਸ਼ੁਰੂ ਵਿਚ ਨਹੀਂ। ਜਦੋਂ ਮੈਂ ਅਣੂ ਜੀਵ-ਵਿਗਿਆਨੀ ਬਣੀ, ਤਾਂ ਮੈਂ ਸਰੀਰ ਦੇ ਸੈੱਲਾਂ ਉੱਤੇ ਅਧਿਐਨ ਕਰਨ ਲੱਗ ਪਈ ਕਿ ਇਹ ਕਿਉਂ ਮਰਦੇ ਹਨ। ਇਹ ਉਹ ਸੈੱਲ ਨਹੀਂ ਹਨ ਜੋ ਵਕਤ ਸਿਰ ਨਹੀਂ ਮਰਦੇ ਜਿਸ ਕਰਕੇ ਸਰੀਰ ਸੁੱਜ ਜਾਂਦਾ ਤੇ ਅੰਗ ਗਲ਼ ਜਾਂਦੇ ਹਨ। ਕੁਝ ਸਾਲ ਪਹਿਲਾਂ ਵਿਗਿਆਨੀ ਸੈੱਲਾਂ ਦੀ ਟੁੱਟ-ਭੱਜ ਬਾਰੇ ਜਾਣਨ ਵੱਲ ਇੰਨਾ ਧਿਆਨ ਨਹੀਂ ਦਿੰਦੇ ਸਨ, ਭਾਵੇਂ ਕਿ ਇਹ ਪ੍ਰਕ੍ਰਿਆ ਸਾਡੀ ਸਿਹਤ ਲਈ ਜ਼ਰੂਰੀ ਹੈ।

ਸੈੱਲਾਂ ਦੀ ਟੁੱਟ-ਭੱਜ ਹੋਣੀ ਕਿਉਂ ਜ਼ਰੂਰੀ ਹੈ?

ਸਾਡਾ ਸਰੀਰ ਖਰਬਾਂ ਹੀ ਸੂਖਮ ਸੈੱਲਾਂ ਦਾ ਬਣਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦਾ ਆਪਣੀ ਉਮਰ ਭੋਗ ਕੇ ਮਰਨਾ ਤੇ ਇਨ੍ਹਾਂ ਦੀ ਥਾਂ ਨਵੇਂ ਸੈੱਲਾਂ ਦਾ ਬਣਨਾ ਜ਼ਰੂਰੀ ਹੈ। ਹਰ ਕਿਸਮ ਦੇ ਸੈੱਲ ਦੀ ਉਮਰ ਵੱਖੋ-ਵੱਖਰੀ ਹੈ। ਕੁਝ ਸੈੱਲ ਥੋੜ੍ਹੇ ਹਫ਼ਤਿਆਂ ਬਾਅਦ ਮਰ ਜਾਂਦੇ ਹਨ ਤੇ ਕੁਝ ਥੋੜ੍ਹੇ ਸਾਲਾਂ ਬਾਅਦ। ਸਾਡੇ ਸਰੀਰ ਵਿਚ ਇਹ ਪ੍ਰਕ੍ਰਿਆ ਚੱਲਦੀ ਰਹਿਣੀ ਚਾਹੀਦੀ ਹੈ ਤਾਂਕਿ ਪੁਰਾਣੇ ਸੈੱਲਾਂ ਦੇ ਮਰਨ ਤੇ ਇਨ੍ਹਾਂ ਦੀ ਥਾਂ ਨਵੇਂ ਸੈੱਲਾਂ ਦੇ ਬਣਨ ਵਿਚਕਾਰ ਸੰਤੁਲਨ ਬਣਿਆ ਰਹੇ।

ਗੜਬੜ ਕੀ ਹੋ ਸਕਦੀ ਹੈ?

ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਸੈੱਲ ਆਪਣਾ ਵਕਤ ਪੂਰਾ ਹੋਣ ਤੇ ਨਹੀਂ ਮਰਦੇ, ਤਾਂ ਗਠੀਆ ਜਾਂ ਕੈਂਸਰ ਹੋ ਸਕਦਾ ਹੈ। ਦੂਜੇ ਪਾਸੇ, ਜੇ ਇਹ ਸੈੱਲ ਵਕਤ ਤੋਂ ਪਹਿਲਾਂ ਮਰ ਜਾਣ, ਤਾਂ ਪਾਰਕਿਨਸਨਜ਼ ਰੋਗ ਜਾਂ ਅਲਜ਼ਾਇਮਰ ਦਾ ਰੋਗ ਹੋ ਸਕਦਾ ਹੈ। ਮੇਰੀ ਖੋਜ ਇਨ੍ਹਾਂ ਬੀਮਾਰੀਆਂ ਦੇ ਇਲਾਜ ਲੱਭਣ ਨਾਲ ਜੁੜੀ ਹੋਈ ਹੈ।

ਸੈੱਲਾਂ ਦੇ ਮਰਨ ਬਾਰੇ ਅਧਿਐਨ ਕਰਨ ਦਾ ਤੁਹਾਡੇ ’ਤੇ ਕੀ ਅਸਰ ਪਿਆ?

ਸੱਚ ਦੱਸਾਂ ਤਾਂ ਮੈਂ ਉਲਝਣ ਵਿਚ ਪੈ ਗਈ। ਇਹ ਹੈਰਾਨ ਕਰ ਦੇਣ ਵਾਲੀ ਪ੍ਰਕ੍ਰਿਆ ਕਿਸੇ ਨੇ ਬਣਾਈ ਹੈ ਜੋ ਚਾਹੁੰਦਾ ਹੈ ਕਿ ਅਸੀਂ ਸਿਹਤਮੰਦ ਰਹੀਏ। ਪਰ ਮੇਰੇ ਇਸ ਸਵਾਲ ਦਾ ਜਵਾਬ ਹਾਲੇ ਵੀ ਨਹੀਂ ਸੀ ਮਿਲਿਆ ਕਿ ਲੋਕ ਕਿਉਂ ਦੁੱਖ ਸਹਿੰਦੇ ਤੇ ਮਰਦੇ ਹਨ?

ਤਾਂ ਫਿਰ ਤੁਹਾਨੂੰ ਯਕੀਨ ਸੀ ਕਿ ਸੈੱਲਾਂ ਦੇ ਮਰਨ ਦਾ ਵਕਤ ਕਿਸੇ ਨੇ ਠਹਿਰਾਇਆ ਸੀ।

ਹਾਂ। ਇਹ ਸਾਰੀ ਕਿਰਿਆ ਇੰਨੀ ਗੁੰਝਲਦਾਰ ਹੈ ਕਿ ਦਿਮਾਗ਼ ਚਕਰਾ ਜਾਂਦਾ ਹੈ, ਪਰ ਇਹ ਇੰਨੇ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ ਕਿ ਇਸ ਤੋਂ ਉੱਤਮ ਬੁੱਧ ਝਲਕਦੀ ਹੈ। ਮੇਰੇ ਖ਼ਿਆਲ ਵਿਚ ਇਹ ਪਰਮੇਸ਼ੁਰੀ ਬੁੱਧ ਹੈ। ਜਿਨ੍ਹਾਂ ਸੈੱਲ ਵਿਚਲੀਆਂ ਕਈ ਗੁੰਝਲਦਾਰ ਪ੍ਰਕ੍ਰਿਆਵਾਂ ਕਾਰਨ ਪੁਰਾਣੇ ਸੈੱਲ ਮਰਦੇ ਤੇ ਨਵੇਂ ਬਣਦੇ ਰਹਿੰਦੇ ਹਨ, ਉਨ੍ਹਾਂ ਦਾ ਅਧਿਐਨ ਕਰਨ ਲਈ ਮੈਂ ਵਧੀਆ ਤੋਂ ਵਧੀਆ ਮਾਈਕ੍ਰੋਸਕੋਪ ਵਰਤਦੀ ਹਾਂ। ਕੁਝ ਪ੍ਰਕ੍ਰਿਆਵਾਂ ਲੋੜ ਪੈਣ ਤੇ ਸਕਿੰਟਾਂ ਵਿਚ ਸੈੱਲ ਮਾਰਨੇ ਸ਼ੁਰੂ ਕਰ ਦਿੰਦੀਆਂ ਹਨ। ਸੈੱਲ ਵੀ ਆਪਣੇ ਆਪ ਨੂੰ ਮਾਰਨ ਵਿਚ ਯੋਗਦਾਨ ਪਾਉਂਦੇ ਹਨ। ਇਹ ਪ੍ਰਕ੍ਰਿਆਵਾਂ ਇੰਨੀਆਂ ਵਧੀਆ ਬਣਾਈਆਂ ਗਈਆਂ ਹਨ ਕਿ ਅਸੀਂ ਹੱਕੇ-ਬੱਕੇ ਰਹਿ ਜਾਂਦੇ ਹਾਂ।

ਤਕਰੀਬਨ ਸਾਡੇ ਸਾਰੇ ਸੈੱਲ ਨਵੇਂ ਬਣਦੇ ਰਹਿੰਦੇ ਹਨ, ਇਸ ਲਈ ਹਮੇਸ਼ਾ ਲਈ ਜੀਉਣਾ ਮੁਮਕਿਨ ਹੈ

ਪਰਮੇਸ਼ੁਰ ਅਤੇ ਦੁੱਖਾਂ ਬਾਰੇ ਤੁਹਾਡੇ ਸਵਾਲ ਸਨ। ਇਨ੍ਹਾਂ ਦੇ ਜਵਾਬ ਤੁਹਾਨੂੰ ਕਿਵੇਂ ਮਿਲੇ?

1991 ਵਿਚ ਦੋ ਯਹੋਵਾਹ ਦੇ ਗਵਾਹ ਮੇਰੇ ਘਰ ਆਏ ਤੇ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅਸੀਂ ਕਿਉਂ ਮਰਦੇ ਹਾਂ। ਉਨ੍ਹਾਂ ਨੇ ਬਾਈਬਲ ਵਿੱਚੋਂ ਮੈਨੂੰ ਜਵਾਬ ਦਿਖਾਏ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ।” (ਰੋਮੀਆਂ 5:12) ਜੇ ਪਹਿਲਾ ਇਨਸਾਨ ਪਰਮੇਸ਼ੁਰ ਦੇ ਕਹਿਣੇ ਦੇ ਉਲਟ ਨਾ ਜਾਂਦਾ, ਤਾਂ ਉਹ ਹਮੇਸ਼ਾ ਲਈ ਜੀ ਸਕਦਾ ਸੀ। ਮੈਨੂੰ ਉਸੇ ਵੇਲੇ ਅਹਿਸਾਸ ਹੋਇਆ ਕਿ ਇਹ ਗੱਲ ਉਨ੍ਹਾਂ ਗੱਲਾਂ ਨਾਲ ਮੇਲ ਖਾਂਦੀ ਸੀ ਜੋ ਮੈਂ ਰਿਸਰਚ ਕਰ ਕੇ ਸਿੱਖੀਆਂ ਸਨ। ਮੈਨੂੰ ਸਾਫ਼ ਸਮਝ ਆ ਗਿਆ ਕਿ ਪਰਮੇਸ਼ੁਰ ਨਹੀਂ ਸੀ ਚਾਹੁੰਦਾ ਕਿ ਲੋਕ ਮਰਨ। ਤਕਰੀਬਨ ਸਾਡੇ ਸਾਰੇ ਸੈੱਲ ਨਵੇਂ ਬਣਦੇ ਰਹਿੰਦੇ ਹਨ, ਇਸ ਲਈ ਹਮੇਸ਼ਾ ਲਈ ਜੀਉਣਾ ਮੁਮਕਿਨ ਹੈ।

ਤੁਹਾਨੂੰ ਕਿਹੜੀ ਗੱਲ ਨੇ ਯਕੀਨ ਦਿਵਾਇਆ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ?

ਮੈਂ ਜ਼ਬੂਰਾਂ ਦੀ ਪੋਥੀ 139:16 ਵਿਚ ਪਰਮੇਸ਼ੁਰ ਬਾਰੇ ਇਹ ਗੱਲ ਸਿੱਖੀ: ‘ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ।’ ਬਾਇਓਕੈਮਿਸਟ ਹੋਣ ਦੇ ਨਾਤੇ ਮੈਂ ਜੀਨਾਂ ਬਾਰੇ ਉਸ ਜਾਣਕਾਰੀ ਦਾ ਅਧਿਐਨ ਕੀਤਾ ਜੋ ਸਾਡੇ ਸੈੱਲਾਂ ਵਿਚ ਲਿਖੀ ਹੋਈ ਹੈ। ਪਰ ਜ਼ਬੂਰਾਂ ਦੇ ਲਿਖਾਰੀ ਨੂੰ ਇਸ ਬਾਰੇ ਕਿਵੇਂ ਪਤਾ ਸੀ? ਮੈਂ ਬਾਈਬਲ ਤੋਂ ਜਿੰਨਾ ਜ਼ਿਆਦਾ ਸਿੱਖਦੀ ਗਈ, ਮੈਨੂੰ ਉੱਨਾ ਹੀ ਜ਼ਿਆਦਾ ਯਕੀਨ ਹੁੰਦਾ ਗਿਆ ਕਿ ਇਹ ਪਰਮੇਸ਼ੁਰ ਨੇ ਲਿਖਵਾਈ ਹੈ।

ਬਾਈਬਲ ਦੀਆਂ ਗੱਲਾਂ ਸਮਝਣ ਵਿਚ ਤੁਹਾਡੀ ਕਿਵੇਂ ਮਦਦ ਕੀਤੀ ਗਈ?

ਯਹੋਵਾਹ ਦੇ ਇਕ ਗਵਾਹ ਨੇ ਮੈਨੂੰ ਬਾਈਬਲ ਸਟੱਡੀ ਕਰਨ ਦੀ ਪੇਸ਼ਕਸ਼ ਕੀਤੀ। ਅਖ਼ੀਰ ਮੈਂ ਸਮਝ ਗਈ ਕਿ ਪਰਮੇਸ਼ੁਰ ਨੇ ਕਿਉਂ ਦੁੱਖ ਰਹਿਣ ਦਿੱਤੇ ਹਨ। ਮੈਂ ਇਹ ਵੀ ਬਾਈਬਲ ਤੋਂ ਸਿੱਖਿਆ ਕਿ ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ।” (ਯਸਾਯਾਹ 25:8) ਸਾਡੇ ਕਰਤਾਰ ਲਈ ਸਾਡੇ ਸਰੀਰਾਂ ਦੀਆਂ ਸ਼ਾਨਦਾਰ ਪ੍ਰਕ੍ਰਿਆਵਾਂ ਬਣਾਉਣੀਆਂ ਸੌਖੀਆਂ ਹੋਣਗੀਆਂ ਤਾਂਕਿ ਸਾਡਾ ਸਰੀਰ ਐਨ ਸਹੀ ਤਰੀਕੇ ਨਾਲ ਕੰਮ ਕਰੇ ਜਿਸ ਕਰਕੇ ਅਸੀਂ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ।

ਤੁਸੀਂ ਬਾਈਬਲ ਦੇ ਗਿਆਨ ਨੂੰ ਦੂਜਿਆਂ ਦੀ ਮਦਦ ਕਰਨ ਲਈ ਕਿਵੇਂ ਵਰਤਿਆ ਹੈ?

ਮੈਂ 1995 ਵਿਚ ਯਹੋਵਾਹ ਦੀ ਗਵਾਹ ਬਣ ਗਈ ਅਤੇ ਉਦੋਂ ਤੋਂ ਹੀ ਮੈਂ ਦੂਜਿਆਂ ਨਾਲ ਬਾਈਬਲ ਤੋਂ ਸਿੱਖੀਆਂ ਗੱਲਾਂ ਸਾਂਝੀਆਂ ਕਰ ਰਹੀ ਹਾਂ। ਮਿਸਾਲ ਲਈ, ਮੇਰੇ ਨਾਲ ਕੰਮ ਕਰਦੀ ਇਕ ਔਰਤ ਦੀ ਤਾਂ ਦੁਨੀਆਂ ਹੀ ਉਜੜ ਗਈ ਜਦੋਂ ਉਸ ਦੇ ਭਰਾ ਨੇ ਆਤਮ-ਹੱਤਿਆ ਕਰ ਲਈ। ਉਸ ਦਾ ਚਰਚ ਸਿਖਾਉਂਦਾ ਹੈ ਕਿ ਪਰਮੇਸ਼ੁਰ ਕਦੇ ਵੀ ਆਤਮ-ਹੱਤਿਆ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕਰਦਾ। ਪਰ ਮੈਂ ਉਸ ਨੂੰ ਦਿਖਾਇਆ ਕਿ ਬਾਈਬਲ ਮਰੇ ਲੋਕਾਂ ਦੇ ਦੁਬਾਰਾ ਜੀ ਉੱਠਣ ਦੀ ਉਮੀਦ ਦਿੰਦੀ ਹੈ। (ਯੂਹੰਨਾ 5:28, 29) ਉਸ ਨੂੰ ਇਹ ਜਾਣ ਕੇ ਬਹੁਤ ਦਿਲਾਸਾ ਮਿਲਿਆ ਕਿ ਸਿਰਜਣਹਾਰ ਸਾਡੀ ਪਰਵਾਹ ਕਰਦਾ ਹੈ। ਇਹੋ ਜਿਹੇ ਮੌਕਿਆਂ ਤੇ ਮੈਂ ਸੋਚਦੀ ਹਾਂ ਕਿ ਦੂਜਿਆਂ ਨਾਲ ਬਾਈਬਲ ਦੀ ਸੱਚਾਈ ਸਾਂਝੀ ਕਰਨ ਨਾਲ ਜਿੰਨੀ ਖ਼ੁਸ਼ੀ ਮਿਲਦੀ ਹੈ ਉੱਨੀ ਸਾਇੰਸ ਤੋਂ ਨਹੀਂ ਮਿਲਦੀ! (g13 01-E)