Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਾਈਕ੍ਰੋਨੇਸ਼ੀਆ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਾਈਕ੍ਰੋਨੇਸ਼ੀਆ

ਕੈਥਰੀਨ ਦਾ ਪਾਲਣ-ਪੋਸ਼ਣ ਅਮਰੀਕਾ ਵਿਚ ਹੋਇਆ ਸੀ ਤੇ ਉਸ ਨੇ 16 ਸਾਲਾਂ ਦੀ ਉਮਰ ਵਿਚ ਯਹੋਵਾਹ ਦੀ ਗਵਾਹ ਵਜੋਂ ਬਪਤਿਸਮਾ ਲਿਆ ਸੀ। ਉਸ ਨੇ ਪ੍ਰਚਾਰ ਦੇ ਕੰਮ ਵਿਚ ਬਹੁਤ ਮਿਹਨਤ ਕੀਤੀ, ਪਰ ਜਿਸ ਇਲਾਕੇ ਵਿਚ ਉਹ ਪ੍ਰਚਾਰ ਕਰਦੀ ਸੀ ਉੱਥੇ ਲੋਕ ਰਾਜ ਦੇ ਸੰਦੇਸ਼ ਨੂੰ ਘੱਟ ਹੀ ਸੁਣਦੇ ਸਨ। ਉਹ ਦੱਸਦੀ ਹੈ: “ਮੈਂ ਉਨ੍ਹਾਂ ਲੋਕਾਂ ਦੇ ਤਜਰਬੇ ਪੜ੍ਹੇ ਸਨ ਜੋ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਸਨ ਕਿ ਉਹ ਉਨ੍ਹਾਂ ਨੂੰ ਆਪਣੇ ਬਾਰੇ ਸਿਖਾਉਣ ਲਈ ਕਿਸੇ ਨੂੰ ਭੇਜੇ। ਮੈਂ ਹਮੇਸ਼ਾ ਤੋਂ ਹੀ ਚਾਹੁੰਦੀ ਸੀ ਕਿ ਮੈਨੂੰ ਵੀ ਇੱਦਾਂ ਦਾ ਕੋਈ ਵਿਅਕਤੀ ਮਿਲੇ, ਪਰ ਇੱਦਾਂ ਕਦੀ ਹੋਇਆ ਨਹੀਂ।”

ਕਈ ਸਾਲ ਇੱਕੋ ਇਲਾਕੇ ਵਿਚ ਪ੍ਰਚਾਰ ਕਰਨ ਤੋਂ ਬਾਅਦ ਕੈਥਰੀਨ ਉਸ ਇਲਾਕੇ ਵਿਚ ਜਾਣ ਬਾਰੇ ਸੋਚਣ ਲੱਗੀ ਜਿੱਥੇ ਲੋਕ ਰਾਜ ਦਾ ਸੰਦੇਸ਼ ਸੁਣਨਗੇ। ਉਹ ਸੋਚਦੀ ਸੀ ਕਿ ਉਸ ਲਈ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਚਾਰ ਕਰਨਾ ਮੁਸ਼ਕਲ ਹੋਵੇਗਾ। ਉਹ ਪਹਿਲਾਂ ਸਿਰਫ਼ ਇਕ ਵਾਰ ਹੀ ਆਪਣੇ ਪਰਿਵਾਰ ਤੋਂ ਦੋ ਹਫ਼ਤਿਆਂ ਲਈ ਦੂਰ ਰਹੀ ਸੀ, ਪਰ ਉਸ ਨੂੰ ਹਰ ਰੋਜ਼ ਆਪਣੇ ਪਰਿਵਾਰ ਦੀ ਯਾਦ ਸਤਾਉਂਦੀ ਸੀ। ਭਾਵੇਂ ਉਸ ਲਈ ਔਖਾ ਸੀ, ਫਿਰ ਵੀ ਉਹ ਨਵੀਂ ਜਗ੍ਹਾ ਜਾਣ ਲਈ ਤਿਆਰ ਹੋ ਗਈ ਕਿਉਂਕਿ ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੀ ਸੀ ਜੋ ਯਹੋਵਾਹ ਬਾਰੇ ਜਾਣਨਾ ਚਾਹੁੰਦੇ ਸਨ। ਜਿਨ੍ਹਾਂ ਥਾਵਾਂ ’ਤੇ ਉਹ ਜਾ ਸਕਦੀ ਸੀ, ਉਨ੍ਹਾਂ ਥਾਵਾਂ ਬਾਰੇ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਗਵਾਮ ਦੀ ਬ੍ਰਾਂਚ ਨੂੰ ਚਿੱਠੀ ਲਿਖੀ ਤੇ ਉਨ੍ਹਾਂ ਕੋਲੋਂ ਉਸ ਇਲਾਕੇ ਦੀ ਜਾਣਕਾਰੀ ਲਈ। 26 ਸਾਲਾਂ ਦੀ ਉਮਰ ਵਿਚ ਕੈਥਰੀਨ ਜੁਲਾਈ 2007 ਨੂੰ ਸ਼ਾਂਤ ਮਹਾਂਸਾਗਰ ਦੇ ਸਾਈਪਾਨ ਟਾਪੂ ’ਤੇ ਚਲੀ ਗਈ। ਇਹ ਟਾਪੂ ਉਸ ਦੇ ਘਰ ਤੋਂ ਲਗਭਗ 10,000 ਕਿਲੋਮੀਟਰ (6,000 ਮੀਲ) ਦੂਰ ਸੀ। ਉਸ ਦਾ ਉੱਥੇ ਜਾ ਕੇ ਕਿਹੋ ਜਿਹਾ ਤਜਰਬਾ ਰਿਹਾ?

ਦੋ ਪ੍ਰਾਰਥਨਾਵਾਂ ਦਾ ਜਵਾਬ

ਨਵੀਂ ਮੰਡਲੀ ਵਿਚ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ 45-46 ਸਾਲਾਂ ਦੀ ਡੌਰਿਸ ਨਾਂ ਦੀ ਇਕ ਔਰਤ ਮਿਲੀ ਜੋ ਬਾਈਬਲ ਸਟੱਡੀ ਕਰਨ ਲੱਗ ਪਈ। ਡੌਰਿਸ ਨਾਲ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਪਹਿਲੇ ਤਿੰਨ ਅਧਿਆਇ ਕਰਨ ਤੋਂ ਬਾਅਦ ਕੈਥਰੀਨ ਨੂੰ ਚਿੰਤਾ ਹੋ ਗਈ। ਉਹ ਦੱਸਦੀ ਹੈ: “ਡੌਰਿਸ ਬਹੁਤ ਵਧੀਆ ਸਟੱਡੀ ਕਰਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਉਸ ਦੀ ਸਟੱਡੀ ਵਧੀਆ ਢੰਗ ਨਾਲ ਨਹੀਂ ਕਰਾ ਸਕਾਂਗੀ ਕਿਉਂਕਿ ਮੈਂ ਕਦੇ ਵੀ ਬਾਕਾਇਦਾ ਬਾਈਬਲ ਸਟੱਡੀ ਨਹੀਂ ਕਰਵਾਈ ਸੀ। ਇਸ ਕਰਕੇ ਮੈਨੂੰ ਲੱਗਾ ਕਿ ਡੌਰਿਸ ਨੂੰ ਕਿਸੇ ਤਜਰਬੇਕਾਰ ਭੈਣ ਨਾਲ ਸਟੱਡੀ ਕਰਨ ਦੀ ਲੋੜ ਸੀ ਜੋ ਸ਼ਾਇਦ ਉਸ ਦੀ ਉਮਰ ਦੀ ਹੋਵੇ।” ਕੈਥਰੀਨ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਐਸੀ ਭੈਣ ਲੱਭਣ ਵਿਚ ਉਸ ਦੀ ਮਦਦ ਕਰੇ ਜਿਸ ਨੂੰ ਉਹ ਡੌਰਿਸ ਦੀ ਸਟੱਡੀ ਦੇ ਸਕੇ। ਫਿਰ ਉਸ ਨੇ ਡੌਰਿਸ ਨੂੰ ਇਹ ਦੱਸਣ ਦਾ ਫ਼ੈਸਲਾ ਕੀਤਾ ਕਿ ਉਸ ਦੀ ਸਟੱਡੀ ਕੋਈ ਹੋਰ ਕਰਵਾਏਗਾ।

ਕੈਥਰੀਨ ਦੱਸਦੀ ਹੈ: “ਮੇਰੇ ਗੱਲ ਕਰਨ ਤੋਂ ਪਹਿਲਾਂ ਹੀ ਡੌਰਿਸ ਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਕਿਸੇ ਸਮੱਸਿਆ ਬਾਰੇ ਗੱਲ ਕਰਨਾ ਚਾਹੁੰਦੀ ਸੀ। ਉਸ ਦੀ ਗੱਲ ਸੁਣਨ ਤੋਂ ਬਾਅਦ ਮੈਂ ਉਸ ਨੂੰ ਦੱਸਿਆ ਕਿ ਜਦੋਂ ਮੈਨੂੰ ਇਸ ਤਰ੍ਹਾਂ ਦੀ ਸਮੱਸਿਆ ਸੀ, ਤਾਂ ਯਹੋਵਾਹ ਨੇ ਕਿਵੇਂ ਮੇਰੀ ਮਦਦ ਕੀਤੀ ਸੀ। ਮੇਰੀ ਗੱਲ ਸੁਣਨ ਤੋਂ ਬਾਅਦ ਉਸ ਨੇ ਮੇਰਾ ਧੰਨਵਾਦ ਕੀਤਾ।” ਫਿਰ ਡੌਰਿਸ ਨੇ ਕੈਥਰੀਨ ਨੂੰ ਦੱਸਿਆ: “ਯਹੋਵਾਹ ਤੁਹਾਨੂੰ ਮੇਰੀ ਮਦਦ ਕਰਨ ਲਈ ਵਰਤ  ਰਿਹਾ ਹੈ। ਜਿਸ ਦਿਨ ਤੁਸੀਂ ਮੇਰੇ ਘਰ ਆਏ ਸੀ, ਉਸ ਦਿਨ ਮੈਂ ਕਈ ਘੰਟਿਆਂ ਤੋਂ ਬਾਈਬਲ ਪੜ੍ਹ ਰਹੀ ਸੀ। ਮੈਂ ਰੋ-ਰੋ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਕਿਸੇ ਨੂੰ ਭੇਜੇ ਜੋ ਬਾਈਬਲ ਨੂੰ ਸਮਝਣ ਵਿਚ ਮੇਰੀ ਮਦਦ ਕਰੇ। ਫਿਰ ਤੁਸੀਂ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ। ਯਹੋਵਾਹ ਨੇ ਮੇਰੀ ਪ੍ਰਾਰਥਨਾ ਦਾ ਜਵਾਬ ਦਿੱਤਾ!” ਦਿਲ ਨੂੰ ਛੂਹ ਲੈਣ ਵਾਲਾ ਇਹ ਤਜਰਬਾ ਸੁਣਾਉਂਦੇ ਹੋਏ ਕੈਥਰੀਨ ਦੀਆਂ ਅੱਖਾਂ ਭਰ ਆਈਆਂ। ਉਹ ਦੱਸਦੀ ਹੈ: “ਡੌਰਿਸ ਦੀਆਂ ਗੱਲਾਂ ਮੇਰੀ ਪ੍ਰਾਰਥਨਾ ਦਾ ਜਵਾਬ ਸੀ। ਯਹੋਵਾਹ ਨੇ ਮੈਨੂੰ ਦੱਸਿਆ ਕਿ ਮੈਂ ਉਸ ਦੀ ਸਟੱਡੀ ਕਰਵਾ ਸਕਦੀ ਸੀ।”

ਡੌਰਿਸ ਨੇ 2010 ਵਿਚ ਬਪਤਿਸਮਾ ਲੈ ਲਿਆ ਤੇ ਅੱਜ ਉਹ ਆਪ ਕਈ ਬਾਈਬਲ ਸਟੱਡੀਆਂ ਕਰਵਾਉਂਦੀ ਹੈ। ਕੈਥਰੀਨ ਦੱਸਦੀ ਹੈ: “ਲੰਬੇ ਸਮੇਂ ਤੋਂ ਮੇਰੇ ਮਨ ਵਿਚ ਇੱਛਾ ਸੀ ਕਿ ਮੈਂ ਕਿਸੇ ਨੇਕਦਿਲ ਇਨਸਾਨ ਦੀ ਯਹੋਵਾਹ ਦਾ ਸੇਵਕ ਬਣਨ ਵਿਚ ਮਦਦ ਕਰਾਂ। ਮੈਂ ਕਿੰਨੀ ਸ਼ੁਕਰਗੁਜ਼ਾਰ ਹਾਂ ਕਿ ਮੇਰੀ ਇਹ ਇੱਛਾ ਪੂਰੀ ਹੋਈ।” ਅੱਜ ਕੈਥਰੀਨ ਸ਼ਾਂਤ ਮਹਾਂਸਾਗਰ ਦੇ ਕੌਸਰੇ ਵਿਚ ਖ਼ੁਸ਼ੀ-ਖ਼ੁਸ਼ੀ ਸਪੈਸ਼ਲ ਪਾਇਨੀਅਰਿੰਗ ਕਰ ਰਹੀ ਹੈ।

ਤਿੰਨ ਚੁਣੌਤੀਆਂ ਦਾ ਸਾਮ੍ਹਣਾ ਕਰਨਾ

ਸੌ ਤੋਂ ਜ਼ਿਆਦਾ ਭੈਣਾਂ-ਭਰਾਵਾਂ (ਉਮਰ 19 ਤੋਂ 79 ਸਾਲ) ਨੇ ਹੋਰ ਦੇਸ਼ਾਂ ਵਿੱਚੋਂ ਆ ਕੇ ਮਾਈਕ੍ਰੋਨੇਸ਼ੀਆ ਵਿਚ ਸੇਵਾ ਕੀਤੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਦੀਆਂ ਭਾਵਨਾਵਾਂ ਨੂੰ ਐਰਿਕਾ ਨੇ ਚੰਗੀ ਤਰ੍ਹਾਂ ਦੱਸਿਆ ਜੋ 2006 ਵਿਚ 19 ਸਾਲਾਂ ਦੀ ਉਮਰ ਵਿਚ ਗਵਾਮ ਗਈ ਸੀ। ਉਹ ਦੱਸਦੀ ਹੈ: “ਜਿੱਥੇ ਲੋਕ ਸੱਚਾਈ ਲਈ ਪਿਆਸੇ ਹਨ ਉੱਥੇ ਪਾਇਨੀਅਰਿੰਗ ਕਰ ਕੇ ਬਹੁਤ ਮਜ਼ਾ ਆਉਂਦਾ ਹੈ। ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਇਸ ਤਰ੍ਹਾਂ ਦੇ ਇਲਾਕੇ ਵਿਚ ਪਾਇਨੀਅਰਿੰਗ ਕਰਨ ਦਾ ਮੌਕਾ ਦਿੱਤਾ। ਇਹ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ!” ਅੱਜ ਐਰਿਕਾ ਮਾਰਸ਼ਲ ਦੀਪ-ਸਮੂਹ ਵਿਚ ਈਬਾਈ ਵਿਚ ਖ਼ੁਸ਼ੀ-ਖ਼ੁਸ਼ੀ ਸਪੈਸ਼ਲ ਪਾਇਨੀਅਰਿੰਗ ਕਰ ਰਹੀ ਹੈ। ਪਰ ਇਹ ਸੱਚ ਹੈ ਕਿ ਦੂਸਰੇ ਦੇਸ਼ ਜਾ ਕੇ ਸੇਵਾ ਕਰਨ ਕਰਕੇ ਚੁਣੌਤੀਆਂ ਵੀ ਆਉਂਦੀਆਂ ਹਨ। ਆਓ ਆਪਾਂ ਇਨ੍ਹਾਂ ਵਿੱਚੋਂ ਤਿੰਨ ਚੁਣੌਤੀਆਂ ਬਾਰੇ ਦੇਖੀਏ ਤੇ ਜਾਣੀਏ ਕਿ ਮਾਈਕ੍ਰੋਨੇਸ਼ੀਆ ਵਿਚ ਜਾ ਕੇ ਸੇਵਾ ਕਰਨ ਵਾਲੇ ਭੈਣ-ਭਰਾ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰਦੇ ਹਨ।

ਐਰਿਕਾ

ਜੀਵਨ-ਢੰਗ। 2007 ਵਿਚ ਸਾਇਮਨ 22 ਸਾਲਾਂ ਦੀ ਉਮਰ ਵਿਚ ਪਲਾਓ ਟਾਪੂ ’ਤੇ ਗਿਆ ਸੀ। ਉੱਥੇ ਪਹੁੰਚਣ ਤੋਂ ਜਲਦੀ ਬਾਅਦ ਉਸ ਨੂੰ ਪਤਾ ਲੱਗ ਗਿਆ ਕਿ ਉਹ ਆਪਣੇ ਦੇਸ਼ ਇੰਗਲੈਂਡ ਵਿਚ ਜਿੰਨੇ ਪੈਸੇ ਕਮਾਉਂਦਾ ਸੀ, ਉਸ ਤੋਂ ਬਹੁਤ ਘੱਟ ਪੈਸੇ ਉਹ ਇੱਥੇ ਕਮਾ ਸਕਦਾ ਸੀ। ਉਹ ਦੱਸਦਾ ਹੈ: “ਮੈਨੂੰ ਸਿੱਖਣਾ ਪਿਆ ਕਿ ਮੈਂ ਹਰ ਉਹ ਚੀਜ਼ ਨਹੀਂ ਖ਼ਰੀਦ ਸਕਦਾ ਜੋ ਮੈਂ ਚਾਹੁੰਦਾ ਹਾਂ। ਹੁਣ ਮੈਂ ਧਿਆਨ ਰੱਖਦਾ ਹਾਂ ਕਿ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਖ਼ਰੀਦਣੀਆਂ ਹਨ ਅਤੇ ਮੈਂ ਅਲੱਗ-ਅਲੱਗ ਦੁਕਾਨਾਂ ’ਤੇ ਜਾ ਕੇ ਦੇਖਦਾ ਹਾਂ ਕਿ ਕਿੱਥੋਂ ਚੀਜ਼ਾਂ ਸਸਤੀਆਂ ਮਿਲਦੀਆਂ ਹਨ। ਜਦੋਂ ਕੋਈ ਚੀਜ਼ ਖ਼ਰਾਬ ਹੋ ਜਾਂਦੀ ਹੈ, ਤਾਂ ਮੈਂ ਪੁਰਾਣੇ ਪੁਰਜੇ ਲੱਭਦਾ ਹਾਂ ਅਤੇ ਉਸ ਚੀਜ਼ ਨੂੰ ਠੀਕ ਕਰਨ ਲਈ ਕਿਸੇ ਦੀ ਮਦਦ ਲੈਣ ਦੀ ਕੋਸ਼ਿਸ਼ ਕਰਦਾ ਹਾਂ।” ਸਾਦੀ ਜ਼ਿੰਦਗੀ ਜੀਉਣ ਦਾ ਉਸ ’ਤੇ ਕੀ ਅਸਰ ਪਿਆ? ਸਾਇਮਨ ਦੱਸਦਾ ਹੈ: “ਇਸ ਨੇ ਮੇਰੀ ਇਹ ਸਿੱਖਣ ਵਿਚ ਮਦਦ ਕੀਤੀ ਕਿ ਜ਼ਿੰਦਗੀ ਵਿਚ ਕੀ ਜ਼ਰੂਰੀ ਹੈ ਤੇ ਥੋੜ੍ਹੇ ਵਿਚ ਕਿਵੇਂ ਗੁਜ਼ਾਰਾ ਕੀਤਾ ਜਾ ਸਕਦਾ ਹੈ। ਕਈ ਮੌਕਿਆਂ ਤੇ ਮੈਂ ਦੇਖਿਆ ਕਿ ਯਹੋਵਾਹ ਮੇਰੀ ਮਦਦ ਕਰਦਾ ਹੈ। ਮੈਂ ਸੱਤ ਸਾਲ ਇੱਥੇ ਸੇਵਾ ਕੀਤੀ ਹੈ ਤੇ ਇਨ੍ਹਾਂ ਸਾਲਾਂ ਦੌਰਾਨ ਮੇਰੇ ਕੋਲ ਹਮੇਸ਼ਾ ਕੁਝ-ਨਾ-ਕੁਝ ਖਾਣ ਨੂੰ ਸੀ ਤੇ ਰਹਿਣ ਲਈ ਜਗ੍ਹਾ ਸੀ।” ਸੱਚ-ਮੁੱਚ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਰਾਜ ਨੂੰ ਪਹਿਲ ਦੇਣ ਲਈ ਸਾਦੀ ਜ਼ਿੰਦਗੀ ਜੀਉਂਦੇ ਹਨ।ਮੱਤੀ 6:32, 33.

ਘਰ ਦੀ ਯਾਦ। ਐਰਿਕਾ ਦੱਸਦੀ ਹੈ: “ਮੈਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਘਰਦਿਆਂ ਦੀ ਯਾਦ ਆਉਣ ਕਰਕੇ ਮੇਰੇ ਪ੍ਰਚਾਰ ਦੇ ਕੰਮ ’ਤੇ ਬੁਰਾ ਅਸਰ ਪਵੇਗਾ।” ਇਸ ਸਮੱਸਿਆ ਦਾ ਸਾਮ੍ਹਣਾ ਕਰਨ ਲਈ ਉਸ ਨੇ ਆਪਣੇ ਆਪ ਨੂੰ ਤਿਆਰ ਕਿਵੇਂ ਕੀਤਾ? ਉਹ ਕਹਿੰਦੀ ਹੈ: “ਘਰ ਛੱਡਣ ਤੋਂ ਪਹਿਲਾਂ ਮੈਂ ਪਹਿਰਾਬੁਰਜ ਵਿੱਚੋਂ ਇਸ ਬਾਰੇ ਕਈ ਲੇਖ ਪੜ੍ਹੇ। ਇਨ੍ਹਾਂ ਲੇਖਾਂ ਨੇ ਮੇਰੇ ਦਿਲ ਨੂੰ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ। ਇਕ ਲੇਖ ਵਿਚ ਇਕ ਮਾਂ ਨੇ ਆਪਣੀ ਧੀ ਨੂੰ ਯਹੋਵਾਹ ਦੀ ਮਦਦ ਦਾ ਭਰੋਸਾ ਦਿਵਾਉਂਦਿਆਂ  ਕਿਹਾ: ‘ਯਹੋਵਾਹ ਮੇਰੇ ਨਾਲੋਂ ਵੱਧ ਤੇਰਾ ਖ਼ਿਆਲ ਰੱਖੇਗਾ।’ ਇਸ ਭਰੋਸੇ ਨੇ ਮੈਨੂੰ ਸੱਚ-ਮੁੱਚ ਹੌਸਲਾ ਦਿੱਤਾ।” ਹੈਨਾਹ ਤੇ ਉਸ ਦਾ ਪਤੀ ਪੈਟਰਿਕ ਮਾਰਸ਼ਲ ਦੀਪ-ਸਮੂਹ ’ਤੇ ਮਜੂਰੋ ਵਿਚ ਸੇਵਾ ਕਰਦੇ ਹਨ। ਹੈਨਾਹ ਨੂੰ ਆਪਣੇ ਘਰ ਦੀ ਯਾਦ ਆਉਂਦੀ ਹੈ। ਇਸ ਦਾ ਸਾਮ੍ਹਣਾ ਕਰਨ ਲਈ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜ਼ਿਆਦਾ ਮਿਲਦੀ-ਜੁਲਦੀ ਹੈ। ਉਹ ਦੱਸਦੀ ਹੈ: “ਇੱਥੇ ਦੇ ਭੈਣ-ਭਰਾ ਵੀ ਮੇਰਾ ਪਰਿਵਾਰ ਹਨ। ਉਨ੍ਹਾਂ ਦੀ ਮਦਦ ਤੋਂ ਬਿਨਾਂ ਮੈਂ ਇੱਥੇ ਕਦੇ ਵੀ ਸੇਵਾ ਨਹੀਂ ਕਰ ਸਕਦੀ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਸ ਲਈ ਮੈਂ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰਦੀ ਹਾਂ।”

ਸਾਇਮਨ

ਦੋਸਤ ਬਣਾਉਣੇ। ਸਾਇਮਨ ਦੱਸਦਾ ਹੈ: “ਜਦੋਂ ਤੁਸੀਂ ਨਵੇਂ ਦੇਸ਼ ਵਿਚ ਪਹੁੰਚਦੇ ਹੋ, ਤਾਂ ਸਾਰਾ ਕੁਝ ਬਿਲਕੁਲ ਅਲੱਗ ਹੁੰਦਾ ਹੈ। ਕਈ ਵਾਰ ਮੈਂ ਉਨ੍ਹਾਂ ਨੂੰ ਚੁਟਕਲੇ ਸੁਣਾਉਂਦਾ ਹਾਂ, ਪਰ ਉਨ੍ਹਾਂ ਨੂੰ ਮੇਰੇ ਚੁਟਕਲੇ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੇ। ਕਾਸ਼ ਉਹ ਮੇਰੇ ਚੁਟਕਲੇ ਸਮਝ ਸਕਦੇ!” ਐਰਿਕਾ ਦੱਸਦੀ ਹੈ: “ਸ਼ੁਰੂ-ਸ਼ੁਰੂ ਵਿਚ ਮੈਂ ਬਹੁਤ ਇਕੱਲੀ ਮਹਿਸੂਸ ਕਰਦੀ ਸੀ, ਪਰ ਮੈਂ ਇਸ ਗੱਲ ’ਤੇ ਸੋਚ-ਵਿਚਾਰ ਕੀਤਾ ਕਿ ਮੈਂ ਇੱਥੇ ਕਿਉਂ ਆਈ ਹਾਂ, ਇਸ ਤਰ੍ਹਾਂ ਕਰਨ ਨਾਲ ਮੈਨੂੰ ਫ਼ਾਇਦਾ ਹੋਇਆ। ਮੈਂ ਇੱਥੇ ਆਪਣੇ ਲਈ ਨਹੀਂ, ਸਗੋਂ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਆਈ ਹਾਂ।” ਉਹ ਅੱਗੇ ਦੱਸਦੀ ਹੈ: “ਸਮੇਂ ਦੇ ਬੀਤਣ ਨਾਲ ਮੈਂ ਕਈ ਦੋਸਤ ਬਣਾਏ ਜਿਨ੍ਹਾਂ ਨੂੰ ਮੈਂ ਅਨਮੋਲ ਸਮਝਦੀ ਹਾਂ।” ਸਾਇਮਨ ਨੇ ਬਹੁਤ ਮਿਹਨਤ ਕਰ ਕੇ ਪਲਾਯੂਅਨ ਭਾਸ਼ਾ ਸਿੱਖੀ ਜਿਸ ਕਰਕੇ ਉਹ ਉੱਥੇ ਦੇ ਭੈਣਾਂ-ਭਰਾਵਾਂ ਲਈ ‘ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ’ ਸਕਿਆ। (2 ਕੁਰਿੰ. 6:13) ਭਾਸ਼ਾ ਸਿੱਖਣ ਵਿਚ ਮਿਹਨਤ ਕਰਨ ਕਰਕੇ ਉੱਥੇ ਦੇ ਭੈਣ-ਭਰਾ ਉਸ ਨੂੰ ਬਹੁਤ ਪਿਆਰ ਕਰਦੇ ਸਨ। ਜੀ ਹਾਂ, ਜਦੋਂ ਹੋਰ ਦੇਸ਼ਾਂ ਦੇ ਭੈਣ-ਭਰਾ ਤੇ ਉੱਥੋਂ ਦੇ ਭੈਣ-ਭਰਾ ਇਕੱਠੇ ਮਿਲ ਕੇ ਕੰਮ ਕਰਦੇ ਹਨ, ਤਾਂ ਉਨ੍ਹਾਂ ਵਿਚ ਪੱਕੀ ਦੋਸਤੀ ਹੁੰਦੀ ਹੈ। ਉਨ੍ਹਾਂ ਭੈਣਾਂ-ਭਰਾਵਾਂ ਨੂੰ ਹੋਰ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਿਹੜੇ ਖ਼ੁਸ਼ੀ ਨਾਲ ਉਸ ਜਗ੍ਹਾ ਜਾ ਕੇ ਸੇਵਾ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ?

ਬੇਸ਼ੁਮਾਰ ਬਰਕਤਾਂ

ਪੌਲੁਸ ਰਸੂਲ ਨੇ ਕਿਹਾ: “ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ, ਉਹ ਬਹੁਤ ਵੱਢੇਗਾ।” (2 ਕੁਰਿੰ. 9:6) ਇਸ ਆਇਤ ਵਿਚ ਜੋ ਅਸੂਲ ਦਿੱਤਾ ਗਿਆ ਹੈ ਉਹ ਉਨ੍ਹਾਂ ’ਤੇ ਲਾਗੂ ਹੁੰਦਾ ਹੈ ਜੋ ਹੋਰ ਜ਼ਿਆਦਾ ਪ੍ਰਚਾਰ ਕਰਦੇ ਹਨ। ਮਾਈਕ੍ਰੋਨੇਸ਼ੀਆ ਵਿਚ ਭੈਣਾਂ-ਭਰਾਵਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

ਪੈਟਰਿਕ ਤੇ ਹੈਨਾਹ

ਮਾਈਕ੍ਰੋਨੇਸ਼ੀਆ ਵਿਚ ਅਜੇ ਵੀ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੇ ਬਹੁਤ ਸਾਰੇ ਮੌਕੇ ਹਨ ਤੇ ਇਹ ਵੀ ਦੇਖਣ ਦੇ ਮੌਕੇ ਹਨ ਕਿ ਕਿਸ ਤਰ੍ਹਾਂ ਲੋਕ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖ ਕੇ ਉਸ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰ ਕੇ ਤਰੱਕੀ ਕਰਦੇ ਹਨ। ਪੈਟਰਿਕ ਤੇ ਹੈਨਾਹ ਨੇ ਐਂਗੁਰ ਨਾਂ ਦੇ ਇਕ ਛੋਟੇ ਜਿਹੇ ਟਾਪੂ ’ਤੇ ਵੀ ਪ੍ਰਚਾਰ ਕੀਤਾ ਜਿੱਥੇ ਸਿਰਫ਼ 320 ਲੋਕ ਰਹਿੰਦੇ ਹਨ। ਦੋ ਮਹੀਨੇ ਪ੍ਰਚਾਰ ਕਰਨ ਤੋਂ ਬਾਅਦ ਉੱਥੇ ਉਨ੍ਹਾਂ ਨੂੰ ਇਕ ਔਰਤ ਮਿਲੀ ਜੋ ਇਕੱਲੀ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰਦੀ ਸੀ। ਉਹ ਤੁਰੰਤ ਬਾਈਬਲ ਸਟੱਡੀ ਕਰਨ ਲੱਗ ਪਈ, ਉਸ ਨੇ ਸੱਚਾਈ ਨੂੰ ਸਵੀਕਾਰ ਕਰ ਲਿਆ ਤੇ ਆਪਣੀ ਜ਼ਿੰਦਗੀ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ। ਹੈਨਾਹ ਦੱਸਦੀ ਹੈ: “ਹਰ ਸਟੱਡੀ ਤੋਂ ਬਾਅਦ ਜਦੋਂ ਅਸੀਂ ਆਪਣੇ ਸਾਈਕਲਾਂ ’ਤੇ ਉਸ ਦੇ ਘਰੋਂ ਜਾਂਦੇ ਸੀ, ਤਾਂ ਅਸੀਂ ਇਕ-ਦੂਜੇ ਵੱਲ ਦੇਖ ਕੇ ਖ਼ੁਸ਼ੀ ਨਾਲ ਕਹਿੰਦੇ ਸੀ: ‘ਯਹੋਵਾਹ ਤੇਰਾ ਸ਼ੁਕਰ ਹੈ!’” ਹੈਨਾਹ ਅੱਗੇ ਕਹਿੰਦੀ ਹੈ: “ਮੈਨੂੰ ਪਤਾ ਹੈ ਕਿ ਯਹੋਵਾਹ ਨੇ ਕਿਸੇ-ਨਾ-ਕਿਸੇ ਤਰੀਕੇ ਨਾਲ ਉਸ ਔਰਤ ਨੂੰ ਆਪਣੇ ਵੱਲ ਖਿੱਚ ਲੈਣਾ ਸੀ, ਪਰ ਕਿਉਂਕਿ ਅਸੀਂ ਇਸ ਜਗ੍ਹਾ ਆ ਕੇ ਸੇਵਾ ਕਰਦੇ ਹਾਂ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਇਸ ਲਈ ਅਸੀਂ ਯਹੋਵਾਹ ਬਾਰੇ ਜਾਣਨ ਵਿਚ ਉਸ ਨੇਕਦਿਲ ਔਰਤ ਦੀ ਮਦਦ ਕਰ ਸਕੇ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਤਜਰਬਾ ਹੈ!” ਐਰਿਕਾ ਕਹਿੰਦੀ ਹੈ: “ਜਦੋਂ ਤੁਸੀਂ ਕਿਸੇ ਵਿਅਕਤੀ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰਦੇ ਹੋ, ਤਾਂ ਤੁਹਾਨੂੰ ਜੋ ਖ਼ੁਸ਼ੀ ਮਿਲਦੀ ਹੈ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ!”

ਕੀ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ?

ਬਹੁਤ ਸਾਰੇ ਦੇਸ਼ਾਂ ਵਿਚ ਕਾਫ਼ੀ ਪ੍ਰਚਾਰਕਾਂ ਦੀ ਲੋੜ ਹੈ। ਕੀ ਤੁਸੀਂ ਵੀ ਉਸ ਇਲਾਕੇ ਵਿਚ ਜਾ ਕੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਹੋਰ ਜ਼ਿਆਦਾ ਪ੍ਰਚਾਰ ਕਰਨ ਦੀ ਤੁਹਾਡੀ ਇੱਛਾ ਨੂੰ ਵਧਾਵੇ। ਮੰਡਲੀ ਵਿਚ ਬਜ਼ੁਰਗਾਂ ਨਾਲ, ਸਰਕਟ ਓਵਰਸੀਅਰ ਜਾਂ ਉਸ ਭੈਣ ਜਾਂ ਭਰਾ ਨਾਲ ਗੱਲ ਕਰੋ ਜਿਸ ਨੇ ਉਸ ਜਗ੍ਹਾ ਜਾ ਕੇ ਪ੍ਰਚਾਰ ਕੀਤਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜਦੋਂ ਤੁਸੀਂ ਕਿਸੇ ਇਲਾਕੇ ਵਿਚ ਜਾ ਕੇ ਸੇਵਾ ਕਰਨ ਦੀ ਯੋਜਨਾ ਬਣਾਉਂਦੇ ਹੋ, ਤਾਂ ਉਸ ਇਲਾਕੇ ਦੀ ਬ੍ਰਾਂਚ ਨੂੰ ਚਿੱਠੀ ਲਿਖ ਕੇ ਹੋਰ ਜਾਣਕਾਰੀ ਲਓ। * ਤੁਸੀਂ ਵੀ ਹਜ਼ਾਰਾਂ ਜਵਾਨ ਤੇ ਬੁੱਢੇ, ਕੁਆਰੇ ਤੇ ਵਿਆਹੇ ਭੈਣਾਂ-ਭਰਾਵਾਂ ਵਾਂਗ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕਰ ਸਕਦੇ ਹੋ ਤੇ ਬੇਸ਼ੁਮਾਰ ਬਰਕਤਾਂ ਦਾ ਆਨੰਦ ਮਾਣ ਸਕਦੇ ਹੋ।

^ ਪੇਰਗ੍ਰੈਫ 17 ਅਗਸਤ 2011 ਦੀ ਸਾਡੀ ਰਾਜ ਸੇਵਕਾਈ ਵਿਚ “ਕੀ ਤੁਸੀਂ ‘ਮਕਦੂਨਿਯਾ ਵਿੱਚ ਉਤਰ ਕੇ’ ਸਹਾਇਤਾ ਕਰ ਸਕਦੇ ਹੋ?” ਨਾਂ ਦਾ ਲੇਖ ਦੇਖੋ।